35 ਗ੍ਰਾਮ ਹੈਰੋਇਨ ਤੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਤਿੰਨ ਗ੍ਰਿਫ਼ਤਾਰ
Monday, Feb 09, 2026 - 05:02 PM (IST)
ਫਿਰੋਜ਼ਪੁਰ (ਪਰਮਜੀਤ, ਖੁੱਲਰ, ਆਨੰਦ) : ਜ਼ਿਲ੍ਹਾ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 35 ਗ੍ਰਾਮ ਹੈਰੋਇਨ ਅਤੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ ਵੱਖ ਥਾਣਿਆਂ 'ਚ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਦੇ ਸਹਾਇਕ ਥਾਣੇਦਾਰ ਗੁਰਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਸੇਂਟ ਜੋਸਫ ਕਾਨਵੈਂਟ ਸਕੂਲ ਰੋਡ ਨੇੜੇ ਫਿਰੋਜ਼ਪੁਰ ਕੈਂਟ ਨੂੰ ਜਾ ਰਹੀ ਸੀ। ਇਸ ਦੌਰਾਨ ਖੱਬੇ ਪਾਸੇ ਪੀਰ ਬਾਬੇ ਦੀ ਦਰਗਾਹ ਕੋਲ ਇਕ ਮੋਨਾ ਵਿਅਕਤੀ ਰਾਜ ਕੁਮਾਰ ਉਰਫ਼ ਰਾਜੂ ਉਰਫ਼ ਭੰਗੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਜ਼ਿਲ੍ਹਾ ਫਤਿਆਬਾਦ ਖੜ੍ਹਾ ਵਿਖਾਈ ਦਿੱਤਾ।
ਉਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਤਾਂ ਉਸ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਸਦਰ ਫਿਰੋਜ਼ਪੁਰ ਪੁਲਸ ਦੇ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਦੌਰਾਨੇ ਗਸ਼ਤ ਨਹਿਰ ਪੁਲ ਖਾਈ ਫੇਮੇ ਕੀ ਫਿਰੋਜ਼ਪੁਰ ਤੋਂ ਗੁਰਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਜਲਾਲਵਾਲਾ ਨੂੰ ਸ਼ੱਕ ਦੀ ਬਿਨ੍ਹਾ ’ਤੇ ਕਾਬੂ ਕਰਕੇ ਉਸ ਪਾਸੋਂ 680 ਨਸ਼ੀਲੀਆਂ ਗੋਲੀਆਂ ਅਤੇ 10 ਹਜ਼ਾਰ ਭਾਰਤੀ ਕਰੰਸੀ ਬਰਾਮਕ ਕੀਤੀਆਂ।
ਥਾਣਾ ਘੱਲਖੁਰਦ ਪੁਲਸ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਦਾਣਾ ਮੰਡੀ ਗਿੱਲ ਕੋਲ ਇਕ ਵਿਅਕਤੀ ਸੂਰਜ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਵਾਰਡ ਨੰਬਰ 08 ਮੁੱਦਕੀ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ, ਜਿਸ ਨੇ ਆਪਣੇ ਹੱਥ ਵਿਚ ਫੜ੍ਹੇ ਮੋਮੀ ਲਿਫਾਫੇ ਨੂੰ ਸੁੱਟ ਦਿੱਤਾ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਕਾਬੂ ਕਰਕੇ ਸੁੱਟੇ ਹੋਏ ਲਿਫ਼ਾਫ਼ੇ ਨੂੰ ਚੁਕਵਾ ਕੇ ਚੈੱਕ ਕੀਤਾ ਤਾਂ ਉਸ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।
