‘ਆਪ’ ਨੇ ਅੰਦਰਖਾਤੇ ਕੀਤਾ SYL ਨਹਿਰ ਦਾ ਸੌਦਾ: ਬੈਂਸ
Monday, Feb 09, 2026 - 11:32 AM (IST)
ਲੁਧਿਆਣਾ (ਰਿੰਕੂ)- ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਐੱਸ. ਵਾਈ. ਐੱਲ. ਨਹਿਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਹੀ ਕਈ ਸਵਾਲ ਖੜ੍ਹੇ ਹੋ ਗਏ ਹਨ। ਮੁੱਖ ਮੰਤਰੀ ਮਾਨ ਦੇ ਨਰਮ ਰਵੱਈਏ ਤੋਂ ਅਜਿਹਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਅੰਦਰਖਾਤੇ ਹੀ ਭਾਜਪਾ ਨਾਲ ਸੌਦਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 6 ਫਰਵਰੀ ਨੂੰ ਨਹਿਰ ਬਣਾਉਣ ਨੂੰ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਨੇੜੇ ਪਿੰਡ ਕਲਿਆਣਪੁਰ ’ਚ ਮੀਟਿੰਗ ਹੋਈ ਸੀ। ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ ਸੱਤ ਮੈਂਬਰੀ ਟ੍ਰਿਬਿਊਨਲ ਨੂੰ ਪਿੰਡ ਕਲਿਆਣਪੁਰ ’ਚ ਨਹਿਰ ਬਣਾਉਣ ਲਈ ਸਰਵੇਖਣ ਕਰਨਾ ਸੀ।
ਇਸ ਮੁੱਦੇ ’ਤੇ ਕੇਂਦਰੀ ਮੰਤਰੀਆਂ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਹੋਈ ਪਿਛਲੀ ਮੀਟਿੰਗ ’ਚ ਮੁੱਖ ਮੰਤਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਸੀ ਕਿ ਜਦ ਸਾਡੇ (ਪੰਜਾਬ) ਕੋਲ ਦੇਣ ਲਈ ਪਣੀ ਨਹੀਂ ਹੈ, ਤਾਂ ਸਾਨੂੰ ਨਹਿਰ ਪੁੱਟਣ ਦੀ ਕੀ ਲੋੜ ਹੈ? ਪਰ ਹੁਣ ਮੁੱਖ ਮੰਤਰੀ ਦੀਆਂ ਹਰਕਤਾਂ ਤੋਂ ਇਹ ਸਾਫ਼ ਹੈ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਦੇ ਪਾਣੀ ’ਤੇ ਵੱਡੀ ਲੁੱਟ ਹੋਣ ਵਾਲੀ ਹੈ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਚ ਸਮੂਹ ਕਾਂਗਰਸ ਪਾਰਟੀ ‘ਆਪ’ ਅਤੇ ਭਾਜਪਾ ਦੇ ਇਸ ਸੁਪਨੇ ਨੂੰ ਕਦੇ ਪੂਰਾ ਨਹੀਂ ਹੋਣ ਦੇਵੇਗੀ, ਕਾਂਗਰਸ ਪਾਰਟੀ ਪੰਜਾਬ ਦੇ ਪਾਣੀ ਲਈ ਵੱਡਾ ਪੱਧਰ ’ਤੇ ਸੰਘਰਸ਼ ਕਰੇਗੀ।
