ਜਦੋਂ ਮ੍ਰਿਤਕ ਵਿਅਕਤੀ ਨੂੰ ਜ਼ਿੰਦਾ ਵਿਖਾ ਕੇ ਕਰਵਾਈ ਰਜਿਸਟਰੀ, 17 ਮਰਲੇ ਦੇ ਪਲਾਟ ਨੂੰ ਹੜੱਪਣ ਦਾ ਹੋਇਆ ਸਨਸਨੀਖੇਜ਼ ਖੁਲਾਸਾ
Friday, Jan 16, 2026 - 11:07 AM (IST)
ਜਲੰਧਰ (ਚੋਪੜਾ)-ਤਹਿਸੀਲ ਅਤੇ ਸਬ-ਰਜਿਸਟਰਾਰ ਦਫ਼ਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਕਿੱਸੇ ਤਾਂ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਜਲੰਧਰ ਵਿਚ ਸਾਹਮਣੇ ਆਇਆ ਇਹ ਮਾਮਲਾ ਹਰ ਕਿਸੇ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਹੈ। ਇਥੇ ਇਕ ਮ੍ਰਿਤਕ ਵਿਅਕਤੀ ਨੂੰ 'ਜ਼ਿੰਦਾ' ਵਿਖਾ ਕੇ ਉਸ ਦੀ 17 ਮਰਲੇ ਕੀਮਤੀ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ ਗਈ ਅਤੇ ਪੂਰੇ ਸਰਕਾਰੀ ਸਿਸਟਮ ਨੂੰ ਟਿੱਚ ਜਾਣਦਿਆਂ ਭੂ-ਮਾਫ਼ੀਆ ਨੇ ਪਲਾਟ ’ਤੇ ਕਬਜ਼ਾ ਵੀ ਕਰ ਲਿਆ। ਇਸ ਸਨਸਨੀਖੇਜ਼ ਫਰਜ਼ੀਵਾੜੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਰਾਮਾ ਮੰਡੀ ਦੇ ਰਹਿਣ ਵਾਲੇ ਮਨਦੀਪ ਕੁਮਾਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ, ਕੀ ਝੂਠ ਬੋਲ ਰਹੇ ਨੇ ਮਾਨ ?
ਇਸ ਵੱਡੇ ਘਪਲੇ ਦੀਆਂ ਪਰਤਾਂ ਉਸ ਸਮੇਂ ਖੁੱਲ੍ਹੀਆਂ ਜਦੋਂ ਮ੍ਰਿਤਕ ਵਿਅਕਤੀ ਜਮੁਨਾ ਦਾਸ ਦੇ ਰਿਸ਼ਤੇਦਾਰ ਵਿਜੇ ਕੁਮਾਰ ਨੇ ਸਤੰਬਰ 2025 ਵਿਚ ਡਿਪਟੀ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਸ਼ਿਕਾਇਤ ਦਿੱਤੀ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਨੰਗਲਸ਼ਾਮਾ ਇਲਾਕੇ ਵਿਚ ਸਥਿਤ ਜਮੁਨਾ ਦਾਸ ਦਾ 17 ਮਰਲੇ ਦਾ ਪਲਾਟ ਮਈ 2024 ਵਿਚ ਰਜਿਸਟਰਡ ਕਰ ਦਿੱਤਾ ਗਿਆ, ਜਦਕਿ ਜਮੁਨਾ ਦਾਸ ਦੀ ਮੌਤ ਸਾਲ 2023 ਵਿਚ ਹੀ ਹੋ ਚੁੱਕੀ ਸੀ। ਯਾਨੀ ਇਕ ਅਜਿਹਾ ਵਿਅਕਤੀ, ਜੋ ਸਾਲਾਂ ਪਹਿਲਾਂ ਇਸ ਦੁਨੀਆ ਤੋਂ ਜਾ ਚੁੱਕਾ ਸੀ, ਉਸ ਨੂੰ ਕਾਗਜ਼ਾਂ ਵਿਚ 'ਜ਼ਿੰਦਾ' ਵਿਖਾ ਕੇ ਉਸ ਦੀ ਜਾਇਦਾਦ ਕਿਸੇ ਹੋਰ ਦੇ ਨਾਂ ਚੜ੍ਹਾ ਦਿੱਤੀ ਗਈ। ਡੀ. ਸੀ. ਦੇ ਹੁਕਮਾਂ ’ਤੇ ਇਸ ਮਾਮਲੇ ਦੀ ਮੁੱਢਲੀ ਜਾਂਚ ਜ਼ਿਲਾ ਮਾਲ ਅਫ਼ਸਰ (ਡੀ. ਆਰ. ਓ.) ਨਵਦੀਪ ਸਿੰਘ ਭੋਗਲ ਨੇ ਕੀਤੀ, ਜਦਕਿ ਅੰਤਿਮ ਜਾਂਚ ਮੁੱਖ ਮੰਤਰੀ ਫੀਲਡ ਅਫ਼ਸਰ (ਸੀ. ਐੱਮ. ਐੱਫ਼. ਓ.) ਨਵਦੀਪ ਸਿੰਘ ਵੱਲੋਂ ਕੀਤੀ ਗਈ।
ਜਾਂਚ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਕਿ ਮਈ 2024 ਵਿਚ ਕਰਵਾਈ ਗਈ ਰਜਿਸਟਰੀ ਵਿਚ ਜਮੁਨਾ ਦਾਸ ਦੀ ਥਾਂ ਇਕ ਫਰਜ਼ੀ ਵਿਅਕਤੀ ਖੜ੍ਹਾ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਉਸ ਦੇ ਆਧਾਰ ਕਾਰਡ ਤੋਂ ਲੈ ਕੇ ਜਾਇਦਾਦ ਨਾਲ ਜੁੜੇ ਕਈ ਦਸਤਾਵੇਜ਼ ਨਕਲੀ ਬਣਾਏ ਗਏ ਸਨ। ਰਜਿਸਟਰੀ ਦੌਰਾਨ ਖ਼ਰੀਦਦਾਰ, ਗਵਾਹ ਅਤੇ ਇਥੋਂ ਤੱਕ ਕਿ ਨੰਬਰਦਾਰ ਵੀ ਪੂਰੀ ਤਰ੍ਹਾਂ ਇਸ ਸਾਜ਼ਿਸ਼ ਵਿਚ ਸ਼ਾਮਲ ਪਾਏ ਗਏ। ਜਾਂਚ ਦੌਰਾਨ ਜਦੋਂ ਖ਼ਰੀਦਦਾਰ ਮਨਦੀਪ ਕੁਮਾਰ ਨੂੰ ਤਲਬ ਕੀਤਾ ਗਿਆ ਤਾਂ ਉਸ ਨੇ ਬਿਆਨ ਦਿੱਤਾ ਕਿ ਉਸ ਨੇ ਜਮੁਨਾ ਦਾਸ ਤੋਂ ਪਲਾਟ ਖਰੀਦਣ ਦੇ ਬਦਲੇ ਬੀ. ਐੱਮ. ਡਬਲਿਊ. ਕਾਰ ਅਤੇ 6.10 ਲੱਖ ਰੁਪਏ ਨਕਦ ਦਿੱਤੇ ਸਨ। ਉਸ ਨੇ ਕਥਿਤ ਬਿਆਨੇ ਦੇ ਕਾਗਜ਼ ਵੀ ਪੇਸ਼ ਕੀਤੇ ਪਰ ਜਦੋਂ ਅਧਿਕਾਰੀਆਂ ਨੇ ਇਨ੍ਹਾਂ ਸਾਰੇ ਲੈਣ-ਦੇਣ ਅਤੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਤਾਂ ਸਾਰਾ ਲੈਣ-ਦੇਣ ਅਤੇ ਸਭ ਕੁਝ ਜਾਅਲੀ ਨਿਕਲਿਆ। ਨਾ ਕਾਰ ਦੇ ਟਰਾਂਸਫਰ ਦਾ ਕੋਈ ਰਿਕਾਰਡ ਮਿਲਿਆ ਅਤੇ ਨਾ ਹੀ ਨਕਦ ਲੈਣ-ਦੇਣ ਦਾ ਕੋਈ ਸਬੂਤ ਮਿਲ ਸਕਿਆ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 18 ਜਨਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Red Alert
ਡੀ. ਸੀ. ਹਿਮਾਂਸ਼ੂ ਅਗਰਵਾਲ ਨੇ ਡੀ. ਆਰ. ਓ. ਅਤੇ ਸੀ. ਐੱਮ. ਐੱਫ਼. ਓ. ਦੀ ਰਿਪੋਰਟ ਦੇ ਆਧਾਰ ’ਤੇ ਮਨਦੀਪ ਕੁਮਾਰ ਦੇ ਖ਼ਿਲਾਫ਼ ਰਜਿਸਟ੍ਰੇਸ਼ਨ ਐਕਟ ਦੀ ਧਾਰਾ 82 ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪੁਲਸ ਨੂੰ ਭੇਜੇ ਗਏ ਪੱਤਰ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਇਹ ਇਕ ਯੋਜਨਾਬੱਧ ਸਾਜ਼ਿਸ਼ ਸੀ, ਜਿਸ ਰਾਹੀਂ ਮ੍ਰਿਤਕ ਵਿਅਕਤੀ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਪੁਲਸ ਧਾਰਾ 82 ਤੋਂ ਇਲਾਵਾ ਮਾਮਲੇ ਵਿਚ ਬਣਦੀਆਂ ਹੋਰ ਅਪਰਾਧਿਕ ਧਾਰਾਵਾਂ ਨੂੰ ਜੋੜ ਕੇ ਮਨਦੀਪ ਕੁਮਾਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਜਾ ਰਹੀ ਹੈ।
ਮਨਦੀਪ ਕੁਮਾਰ ਨੇ 17 ’ਚੋਂ 7 ਮਰਲੇ ਪਲਾਟ ਅੱਗੇ ਵੇਚਿਆ
ਰਜਿਸਟਰੀ ਕਰਵਾਉਣ ਤੋਂ ਬਾਅਦ ਮਨਦੀਪ ਕੁਮਾਰ ਨੇ 4 ਮਹੀਨਿਆਂ ਬਾਅਦ 17 ਵਿਚੋਂ 7 ਮਰਲੇ ਪਲਾਟ ਕਿਸੇ ਹੋਰ ਵਿਅਕਤੀ ਨੂੰ ਅੱਗੇ ਵੇਚ ਵੀ ਦਿੱਤਾ। ਜਦੋਂ ਜਮੁਨਾ ਦਾਸ ਦੇ ਰਿਸ਼ਤੇਦਾਰ ਵਿਦੇਸ਼ ਤੋਂ ਪਰਤੇ ਅਤੇ ਉਨ੍ਹਾਂ ਨੇ ਪਲਾਟ ’ਤੇ ਕਿਸੇ ਹੋਰ ਦਾ ਕਬਜ਼ਾ ਹੁੰਦਾ ਦੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਡੀ. ਸੀ. ਨੂੰ ਸ਼ਿਕਾਇਤ ਕੀਤੀ। ਤਹਿਕੀਕਾਤ ਕਰਨ ’ਤੇ ਫਰਜ਼ੀ ਰਜਿਸਟਰੀ ਦਾ ਪੂਰੀ ਖੇਡ ਸਾਹਮਣੇ ਆ ਗਈ। ਜਾਂਚ ਵਿਚ ਪਾਇਆ ਗਿਆ ਕਿ 7 ਮਰਲੇ ਜ਼ਮੀਨ, ਜਿਸ ਨੂੰ ਅੱਗੇ ਵੇਚੀ ਗਈ, ਉਸ ਦਾ ਖਰੀਦਦਾਰ ਇਸ ਪੂਰੇ ਘਪਲੇ ਤੋਂ ਅਣਜਾਣ ਸੀ। ਜਦੋਂ ਫਰਜ਼ੀਵਾੜਾ ਉਜਾਗਰ ਹੋਇਆ ਤਾਂ ਮਨਦੀਪ ਕੁਮਾਰ ਨੇ ਆਪਣੇ ਜੁਰਮ ਨੂੰ ਛਿਪਾਉਣ ਲਈ ਉਸ ਖਰੀਦਦਾਰ ਨੂੰ ਉਸ ਦੀ ਰਕਮ ਵਾਪਸ ਮੋੜ ਦਿੱਤੀ ਪਰ ਉਦੋਂ ਤੱਕ ਸਾਜ਼ਿਸ਼ ਦੀਆਂ ਪਰਤਾਂ ਖੁੱਲ੍ਹ ਚੁੱਕੀਆਂ ਸਨ ਅਤੇ ਜਾਂਚ ਅਧਿਕਾਰੀ ਪੂਰੇ ਮਾਮਲੇ ਦੀ ਤਹਿ ਤੱਕ ਪਹੁੰਚ ਚੁੱਕੇ ਸਨ।
ਨਕਲੀ ਆਧਾਰ ਕਾਰਡ ਅਤੇ ਗਵਾਹਾਂ ਦੀ ਭੂਮਿਕਾ
ਰਜਿਸਟਰੀ ਦਸਤਾਵੇਜ਼ਾਂ ਦੇ ਨਾਲ ਲੱਗੇ ਜਮੁਨਾ ਦਾਸ ਦੇ ਆਧਾਰ ਕਾਰਡ ਦੀ ਜਦੋਂ ਸੇਵਾ ਕੇਂਦਰ ਤੋਂ ਜਾਂਚ ਕਰਵਾਈ ਗਈ ਤਾਂ ਉਹ ਪੂਰੀ ਤਰ੍ਹਾਂ ਫਰਜ਼ੀ ਪਾਇਆ ਗਿਆ। ਇਸ ਤੋਂ ਇਲਾਵਾ ਨੰਬਰਦਾਰ, ਗਵਾਹ ਅਤੇ ਹੋਰ ਦਸਤਾਵੇਜ਼ਾਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿਚ ਆਈ, ਜਿਸ ਤੋਂ ਇਹ ਸਾਫ਼ ਹੋ ਗਿਆ ਕਿ ਤਹਿਸੀਲ ਪੱਧਰ ’ਤੇ ਮਿਲੀਭੁਗਤ ਤੋਂ ਬਿਨਾਂ ਅਜਿਹਾ ਵੱਡਾ ਫਰਜ਼ੀਵਾੜਾ ਸੰਭਵ ਨਹੀਂ ਸੀ। ਹੁਣ ਪੁਲਸ ਨਕਲੀ ਆਧਾਰ ਕਾਰਡ ਕਿਵੇਂ ਬਣਿਆ ਅਤੇ ਫਰਜ਼ੀ ਜਮੁਨਾ ਦਾਸ ਕੌਣ ਸੀ, ਸਮੇਤ ਗਵਾਹਾਂ ਦੀ ਭੂਮਿਕਾ ਦੀ ਜਾਂਚ ਕਰੇਗੀ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਨੰਬਰਦਾਰ ਗੁਰਦੇਵ ਸਿੰਘ ’ਤੇ ਵੀ ਡਿੱਗੀ ਗਾਜ, ਸਸਪੈਂਡ ਕਰ ਕੇ ਹੁਣ ਡਿਸਮਿਸ ਕਰਨ ਦੀ ਕਾਰਵਾਈ ਸ਼ੁਰੂ
ਜਮੁਨਾ ਦਾਸ ਦੀ ਪਛਾਣ ਦੀ ਪੁਸ਼ਟੀ ਕਰਨ ਵਾਲੇ ਨੰਬਰਦਾਰ ਗੁਰਦੇਵ ਸਿੰਘ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਗੁਰਦੇਵ ਸਿੰਘ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਹਨ। ਜਿਸ ਤੋਂ ਬਾਅਦ ਭੂ-ਮਾਫ਼ੀਆ ਨਾਲ ਮਿਲੀਭੁਗਤ ਨੂੰ ਦੇਖਦੇ ਹੋਏ ਅਤੇ ਫਰਜ਼ੀ ਵਿਅਕਤੀ ਦੀ ਤਸਦੀਕ ਕਰਨ ਦੇ ਮਾਮਲੇ ਵਿਚ ਨੰਬਰਦਾਰ ਗੁਰਦੇਵ ਸਿੰਘ ਨੂੰ ਡਿਸਮਿਸ ਕਰਨ ਦੀ ਵਿਭਾਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਰੈਵੇਨਿਊ ਰਿਕਾਰਡ ਤੋਂ ਵੀ ਹਟੇਗਾ ਫਰਜ਼ੀ ਇੰਤਕਾਲ
ਮਨਦੀਪ ਕੁਮਾਰ ਨੇ ਰਜਿਸਟਰੀ ਤੋਂ ਬਾਅਦ ਜਾਇਦਾਦ ਦਾ ਇੰਤਕਾਲ ਵੀ ਆਪਣੇ ਨਾਂ ਕਰਵਾ ਲਿਆ ਸੀ। ਹੁਣ ਫਰਜ਼ੀਵਾੜਾ ਸਾਬਤ ਹੋਣ ਤੋਂ ਬਾਅਦ ਰੈਵੇਨਿਊ ਰਿਕਾਰਡ ਵਿਚ ਦਰਜ ਇਸ ਇੰਤਕਾਲ ਨੂੰ ਰੱਦ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਕਤ ਪ੍ਰਾਪਰਟੀ ਦਾ ਸਟੇਟਸ ਫਿਰ ਤੋਂ ਜਮੁਨਾ ਦਾਸ ਦੇ ਨਾਂ ’ਤੇ ਹੋ ਜਾਵੇਗਾ। ਇਸ ਤੋਂ ਬਾਅਦ ਜਮੁਨਾ ਦਾਸ ਦੇ ਵਾਰਿਸ ਇਸ ਪ੍ਰਾਪਰਟੀ ਦੇ ਮਾਲਕ ਬਣ ਸਕਣਗੇ।
ਭੂ-ਮਾਫ਼ੀਆ ਅਤੇ ਸਿਸਟਮ ਦੀ ਮਿਲੀਭੁਗਤ ’ਤੇ ਸਵਾਲ
ਇਹ ਮਾਮਲਾ ਸਿਰਫ਼ ਇਕ ਵਿਅਕਤੀ ਵੱਲੋਂ ਕੀਤੀ ਗਈ ਧੋਖਾਧੜੀ ਨਹੀਂ ਹੈ, ਸਗੋਂ ਤਹਿਸੀਲ ਅਤੇ ਸਬ-ਰਜਿਸਟਰਾਰ ਦਫ਼ਤਰਾਂ ਵਿਚ ਜੜ੍ਹਾਂ ਜਮਾ ਚੁੱਕੇ ਭ੍ਰਿਸ਼ਟ ਤੰਤਰ ਦੀ ਭਿਆਨਕ ਤਸਵੀਰ ਪੇਸ਼ ਕਰਦਾ ਹੈ। ਮ੍ਰਿਤਕ ਵਿਅਕਤੀ ਨੂੰ ਜ਼ਿੰਦਾ ਦਿਖਾ ਕੇ ਰਜਿਸਟਰੀ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਸਮਾਂ ਰਹਿੰਦਿਆਂ ਸਖ਼ਤ ਕਾਰਵਾਈ ਨਾ ਕੀਤੀ ਜਾਵੇ ਤਾਂ ਭੂ-ਮਾਫ਼ੀਆ ਸਰਕਾਰੀ ਸਿਸਟਮ ਨੂੰ ਆਪਣੇ ਹਿਸਾਬ ਨਾਲ ਮੋੜ ਸਕਦਾ ਹੈ।
ਭੂ-ਮਾਫ਼ੀਆ ਅਤੇ ਭ੍ਰਿਸ਼ਟਾਚਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਡੀ. ਆਰ. ਓ. ਨਵਦੀਪ ਭੋਗਲ
ਇਸ ਸਬੰਧ ਵਿਚ ਜਦੋਂ ਜ਼ਿਲ੍ਹਾ ਮਾਲ ਅਫ਼ਸਰ (ਡੀ. ਆਰ. ਓ.) ਨਵਦੀਪ ਸਿੰਘ ਭੋਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘੀ, ਨਿਰਪੱਖ ਅਤੇ ਤੱਥਾਂ ’ਤੇ ਆਧਾਰਿਤ ਜਾਂਚ ਪੂਰੀ ਕਰ ਲਈ ਗਈ ਹੈ, ਜਿਸ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਵੱਲੋਂ ਪੁਲਸ ਵਿਭਾਗ ਨੂੰ ਐੱਫ਼. ਆਈ. ਆਰ. ਦਰਜ ਕਰਨ ਦੇ ਸਪੱਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਬ-ਰਜਿਸਟਰਾਰ ਅਤੇ ਤਹਿਸੀਲ ਦਫ਼ਤਰਾਂ ਵਿਚ ਜੇਕਰ ਕਿਸੇ ਵੀ ਪੱਧਰ ’ਤੇ ਭੂ-ਮਾਫ਼ੀਆ ਜਾਂ ਭ੍ਰਿਸ਼ਟਾਚਾਰ ਵਿਚ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੇ ਫਰਜ਼ੀਵਾੜਿਆਂ ’ਤੇ ਪੂਰੀ ਤਰ੍ਹਾਂ ਨੱਥ ਪਾਈ ਜਾ ਸਕੇ।
ਇਹ ਵੀ ਪੜ੍ਹੋ: ਬਠਿੰਡਾ ਦੀ ਅਦਾਲਤ ਦਾ ਵੱਡਾ ਫ਼ੈਸਲਾ! ਕੰਗਣਾ ਰਣੌਤ ਨੂੰ ਨਿੱਜੀ ਪੇਸ਼ੀ ਤੋਂ ਦਿੱਤੀ ਛੋਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
