'ਆਪ' ਨੂੰ ਆਖਰੀ ਸਾਲ ’ਚ ਵਪਾਰੀਆਂ ਦੀ ਆਈ ਯਾਦ, ਜਦੋਂ ਦੁਕਾਨਾਂ ’ਤੇ ਹੁੰਦੀ ਸੀ ਰੇਡ ਉਦੋਂ ਕਿੱਥੇ ਸਨ: ਰਜਿੰਦਰ ਬੇਰੀ
Thursday, Feb 19, 2026 - 12:09 PM (IST)
ਜਲੰਧਰ (ਚੋਪੜਾ)- ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਰਾਮ ਚੌਕ ਤੋਂ ਜੀ. ਟੀ. ਰੋਡ ਨੂੰ ਜਾਂਦੀ ਮੁੱਖ ਸੜਕ ਦੇ ਵਿਚਕਾਰ ਟੈਂਟ ਲਾ ਕੇ ਵਪਾਰੀਆਂ ਨਾਲ ਮੀਟਿੰਗ ਕਰਨ ਦੇ ਮੁੱਦੇ ’ਤੇ ਸਿਆਸੀ ਘਮਾਸ਼ਾਨ ਤੇਜ਼ ਹੋ ਗਿਆ ਹੈ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਮੌਕੇ ’ਤੇ ਹੀ ਲਾਈਵ ਹੋ ਕੇ ‘ਆਪ’ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਬੋਲਿਆ। ਰਜਿੰਦਰ ਬੇਰੀ ਨੇ ਕਿਹਾ ਕਿ ਜਿਸ ਥਾਂ ’ਤੇ ਮੀਟਿੰਗ ਕੀਤੀ ਗਈ, ਉਹ ਸ਼ਹਿਰ ਦਾ ਬਹੁਤ ਹੀ ਰੁਝੇਵਿਆਂ ਵਾਲਾ ਅਤੇ ਮੁੱਖ ਮਾਰਗ ਹੈ, ਜਿੱਥੇ ਰੋਜ਼ਾਨਾ ਭਾਰੀ ਆਵਾਜਾਈ ਰਹਿੰਦੀ ਹੈ। ‘ਆਪ’ ਵੱਲੋਂ ਸੜਕ ਦੇ ਵਿਚਕਾਰ ਟੈਂਟ ਲਾਉਣ ਕਾਰਨ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਜਾਣ ਵਾਲੇ ਬੱਚਿਆਂ, ਦਿਲਕੁਸ਼ਾ ਮਾਰਕੀਟ ਜਾਣ ਵਾਲੇ ਵਪਾਰੀਆਂ ਅਤੇ ਆਮ ਰਾਹਗੀਰਾਂ ਨੂੰ ਬਹੁਤ ਦਿੱਕਤਾਂ ਆਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਬਦਲ ਰਿਹਾ ਮੌਸਮ, 23 ਫਰਵਰੀ ਤੱਕ ਜਾਣੋ WEATHER UPDATE
ਰਜਿੰਦਰ ਬੇਰੀ ਨੇ ਕਿਹਾ ਕਿ ਸਭ ਤੋਂ ਗੰਭੀਰ ਗੱਲ ਇਹ ਰਹੀ ਕਿ ਸਿਵਲ ਹਸਪਤਾਲ ਨੂੰ ਸ਼ਹਿਰ ਦੇ ਵੱਡੇ ਹਿੱਸੇ ਨਾਲ ਜੋੜਨ ਵਾਲੀ ਇਸ ਸੜਕ ’ਤੇ ਟ੍ਰੈਫਿਕ ਜਾਮ ਹੋਣ ਕਾਰਨ ਐਂਬੂਲੈਂਸ ਅਤੇ ਮਰੀਜ਼ ਵੀ ਪ੍ਰਭਾਵਿਤ ਹੋਏ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਿਸੇ ਮਰੀਜ਼ ਦੀ ਜਾਨ ਨੂੰ ਖ਼ਤਰਾ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲੈਂਦਾ? ਕੀ ਸਿਆਸੀ ਪ੍ਰੋਗਰਾਮ ਜਨਤਾ ਦੀ ਜਾਨ ਤੋਂ ਵੱਧ ਅਹਿਮ ਹਨ? ਉਨ੍ਹਾਂ ਸਵਾਲ ਉਠਾਇਆ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਸਰਕਾਰ ਦੇ ਕਾਰਜਕਾਲ ਦੇ ਆਖਰੀ ਸਾਲ ਵਿਚ ਹੀ ਵਪਾਰੀਆਂ ਦੀ ਚਿੰਤਾ ਕਿਉਂ ਸਤਾਉਣ ਲੱਗੀ ਹੈ। ਪਿਛਲੇ ਚਾਰ ਸਾਲਾਂ ਦੌਰਾਨ ਜਦੋਂ ਵਪਾਰੀਆਂ ਦੀਆਂ ਦੁਕਾਨਾਂ ’ਤੇ ਜੀ. ਐੱਸ. ਟੀ. ਵਿਭਾਗ ਦੀਆਂ ਲਗਾਤਾਰ ਰੇਡਾਂ ਪੈਂਦੀਆਂ ਰਹੀਆਂ, ਉਦੋਂ ਸਰਕਾਰ ਦੇ ਆਗੂਆਂ ਨੂੰ ਵਪਾਰੀਆਂ ਦਾ ਦਰਦ ਕਿਉਂ ਯਾਦ ਨਹੀਂ ਆਇਆ?
ਇਹ ਵੀ ਪੜ੍ਹੋ- ਰੇਲਵੇ ਦਾ ਵੱਡਾ ਤੋਹਫ਼ਾ: ਇਨ੍ਹਾਂ ਦਿਨਾਂ ਨੂੰ ਚੱਲਣਗੀਆਂ ਸਪੈਸ਼ਲ ਟਰੇਨਾਂ, ਜਾਣੋ ਸਮਾਂ ਤੇ ਤਰੀਕ
ਰਜਿੰਦਰ ਬੇਰੀ ਨੇ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਤੋਂ ਵੀ ਸਪੱਸ਼ਟ ਜਵਾਬ ਮੰਗਦਿਆਂ ਕਿਹਾ ਕਿ ਕੀ ਇਸ ਪ੍ਰੋਗਰਾਮ ਲਈ ਬਾਕਾਇਦਾ ਇਜਾਜ਼ਤ ਲਈ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਮ ਨਾਗਰਿਕ ਮੁੱਖ ਸੜਕ ’ਤੇ ਬਿਨਾਂ ਇਜਾਜ਼ਤ ਪ੍ਰੋਗਰਾਮ ਕਰਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਕਾਰਵਾਈ ਹੁੰਦੀ ਹੈ, ਤਾਂ ਕੀ ਸਿਆਸੀ ਪਾਰਟੀਆਂ ਲਈ ਵੱਖਰੇ ਨਿਯਮ ਹਨ? ਉਨ੍ਹਾਂ ਮੰਗ ਕੀਤੀ ਕਿ ਜੇਕਰ ਇਹ ਪ੍ਰੋਗਰਾਮ ਬਿਨਾਂ ਇਜਾਜ਼ਤ ਦੇ ਕੀਤਾ ਗਿਆ ਹੈ ਤਾਂ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਕੋਈ ਵੀ ਸਿਆਸੀ ਪਾਰਟੀ ਜਨਤਾ ਨੂੰ ਮੁਸ਼ਕਿਲ ਵਿਚ ਪਾ ਕੇ ਸੜਕਾਂ ਜਾਮ ਕਰਨ ਦੀ ਹਿੰਮਤ ਨਾ ਕਰੇ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
