ਜ਼ਮੀਨ ਖਰੀਦਣ ਨੂੰ ਲੈ ਕੋ ਹੋਇਆ ਝਗੜਾ, ਚੱਲੇ ਤੇਜ਼ਧਾਰ ਹਥਿਆਰ
Saturday, Feb 28, 2026 - 04:58 PM (IST)
ਲੋਹੀਆਂ ਖਾਸ (ਸੁਖਪਾਲ ਰਾਜਪੂਤ) : ਬਲਾਕ ਲੋਹੀਆਂ ਖਾਸ ਤੇ ਪਿੰਡ ਇਸਮੈਲਪੁਰ ਵਿਖੇ ਸਥਾਨਕ ਪੁਲਸ ਵੱਲੋਂ ਲੜਾਈ ਝਗੜੇ ਦੇ ਕੇਸ 'ਚ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪਿੱਪਲ ਸਿੰਘ ਪੁੱਤਰ ਮੱਖਣ ਸਿੰਘ (ਜੇਰੇ ਇਲਾਜ) ਵਾਸੀ ਇਸਮੈਲਪੁਰ ਨੇ ਸਥਾਨਕ ਪੁਲਸ ਕੋਲ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਜਦੋਂ ਮੈਂ ਪਿੰਡ ਪਹੁੰਚਿਆ ਤਾਂ ਮੇਰੀ ਲੜਕੀ ਤਰਸੇਮ ਕੌਰ, ਪੀਨਾ ਕੌਰ ਨਾਲ ਜਸਵੰਤ ਸਿੰਘ ਪੁੱਤਰ ਪ੍ਰੇਮ ਸਿੰਘ, ਲਖਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ, ਬੂਟਾ ਸਿੰਘ ਪੁੱਤਰ ਜਸਵੰਤ ਸਿੰਘ, ਅਮਨਦੀਪ ਕੌਰ ਪਤਨੀ ਲਖਵਿੰਦਰ ਸਿੰਘ, ਅਮਰਜੀਤ ਕੌਰ ਪਤਨੀ ਜਸਵੰਤ ਸਿੰਘ ਲੜਾਈ ਝਗੜਾ ਅਤੇ ਗਾਲੀ ਗਲੋਚ ਕਰ ਰਹੇ ਸਨ।
ਉਕਤ ਨੇ ਦੱਸਿਆ ਕਿ ਜਦੋਂ ਉਸ ਨੇ ਇਨ੍ਹਾਂ ਨੂੰ ਪੁੱਛਿਆ ਤਾਂ ਮੇਰੇ 'ਤੇ ਜਸਵੰਤ ਸਿੰਘ ਨੇ ਹੱਥ 'ਚ ਫੜੇ ਕਾਪਾ ਲੋਹਾ, ਬੂਟਾ ਸਿੰਘ ਨੇ ਕਿਰਪਾਨ, ਲਖਵਿੰਦਰ ਸਿੰਘ ਨੇ ਡਾਂਗ ਅਮਨਦੀਪ ਕੌਰ ਨੇ ਡਾਂਗ ਅਮਰਜੀਤ ਕੌਰ ਨੇ ਡਾਂਗ ਨਾਲ ਹਮਲਾ ਕਰ ਦਿੱਤਾ। ਮੇਰਾ ਰੌਲਾ ਪਾਉਣ 'ਤੇ ਸਾਰੇ ਵਿਅਕਤੀ ਭੱਜ ਗਏ ਅਤੇ ਮੈਨੂੰ ਮੇਰੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾਖਲ ਕਰਵਾਇਆ। ਪਿੱਪਲ ਸਿੰਘ ਨੇ ਦੱਸਿਆ ਕਿ ਉਕਤ ਲੜਾਈ ਝਗੜੇ ਦਾ ਕਾਰਨ ਮੇਰੇ ਘਰ ਨਾਲ ਲੱਗਦੀ ਜਗ੍ਹਾ ਖਰੀਦਣਾ ਹੈ ਕਿਉਂਕਿ ਉਕਤ ਵਿਅਕਤੀ ਕਹਿੰਦੇ ਸਨ ਕਿ ਤੂੰ ਇਹ ਜਗ੍ਹਾ ਕਿਉਂ ਖਰੀਦੀ ਹੈ, ਅਸੀਂ ਖਰੀਦਣੀ ਸੀ। ਸਥਾਨਕ ਪੁਲਸ ਵੱਲੋਂ ਉਕਤ 5 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
