ਸ਼ਰਮਨਾਕ! ਜ਼ਮੀਨ ਦੇ ਲਾਲਚ ’ਚ ਨੂੰਹ ਨੇ ਆਪਣੀ ਸਹੇਲੀ ਨਾਲ ਮਿਲ ਕੇ ਸਹੁਰੇ ਦਾ ਕੀਤਾ ਕਤਲ
Wednesday, Jul 14, 2021 - 04:58 PM (IST)
ਤਲਵੰਡੀ ਸਾਬੋ (ਮੁਨੀਸ਼): ਇਤਿਹਾਸਕ ਨਗਰ ਦੇ ਵਾਰਡ ਨੰ. 6 ਵਿਚ ਜ਼ਮੀਨ ਦੇ ਲਾਲਚ ਵਿਚ ਇਕ ਨੂੰਹ ਵੱਲੋਂ ਕਥਿਤ ਤੌਰ ’ਤੇ ਆਪਣੇ ਬਜ਼ੁਰਗ ਸਹੁਰੇ ਨੂੰ ਕਤਲ ਕਰਵਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਕੇ ਮ੍ਰਿਤਕ ਬਜ਼ੁਰਗ ਦੇ ਪੁੱਤਰ ਦੇ ਬਿਆਨਾਂ ’ਤੇ ਨੂੰਹ ਅਤੇ ਕੁਝ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਡੂੰਘਾਈ ਨਾਲ ਜਾਂਚ ਆਰੰਭ ਦਿੱਤੀ ਹੈ।ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕ ਦੇ ਪੁੱਤਰ ਜਗਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਆਪਣੇ ਭਰਾ ਅਤੇ ਭਰਜਾਈ ਨਾਲੋਂ ਅਲੱਗ ਰਹਿੰਦਾ ਹੈ ਅਤੇ ਉਸਦਾ ਪਿਤਾ ਸੁਖਦੇਵ ਸਿੰਘ (68) ਉਸਦੇ ਭਰਾ ਕੋਲ ਰਹਿੰਦਾ ਹੈ।
ਇਹ ਵੀ ਪੜ੍ਹੋ: ਚਰਨਜੀਤ ਲੁਹਾਰਾ ਦੀ ਫੋਟੋ ਵਾਇਰਲ ਕਰ ਮਨਪ੍ਰੀਤ ਬਾਦਲ 'ਤੇ ਲਾਏ ਸਨ ਦੋਸ਼, ਹੁਣ ਉਸੇ ਵਿਅਕਤੀ ਨੇ ਘੇਰਿਆ ਰਾਜਾ ਵੜਿੰਗ
ਅੱਜ ਸਵੇਰੇ ਉਸਦੀ ਭਰਜਾਈ ਨੇ ਉਨ੍ਹਾਂ ਨੂੰ ਬਾਪੂ ਦੀ ਮੌਤ ਖੂਨ ਦੀਆਂ ਉਲਟੀਆਂ ਲੱਗਣ ਦੀ ਵਜ੍ਹਾ ਨਾਲ ਹੋਈ ਦੱਸਿਆ ਪਰ ਜਦੋਂ ਅੰਤਿਮ ਰਸਮਾਂ ਮੌਕੇ ਸਮੁੱਚੇ ਰਿਸ਼ਤੇਦਾਰ ਉਸਦੇ ਪਿਤਾ ਦੀ ਮ੍ਰਿਤਕ ਦੇਹ ਨੂੰ ਨਹਾਉਣ ਲੱਗੇ ਤਾਂ ਉਨ੍ਹਾਂ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ, ਜਿਸ ’ਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਤੇ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਤਲਵੰਡੀ ਸਾਬੋ ਥਾਣਾ ਮੁਖੀ ਅਵਤਾਰ ਸਿੰਘ ਅਤੇ ਡੀ. ਐੱਸ. ਪੀ. ਮਨੋਜ ਗੋਰਸੀ ਘਟਨਾ ਸਥਾਨ ’ਤੇ ਪੁੱਜ ਗਏ, ਜਿਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਗੱਲਬਾਤ ਦੌਰਾਨ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਮਾਮਲਾ ਜ਼ਮੀਨ ਖਾਤਰ ਕਤਲ ਦਾ ਲੱਗ ਰਿਹਾ ਹੈ।
ਇਹ ਵੀ ਪੜ੍ਹੋ: ਦੋ ਭੈਣਾਂ ਦਾ ਇਕਲੌਤਾ ਭਰਾ ਸੀ ਟਾਂਡਾ-ਹੁਸ਼ਿਆਰਪੁਰ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲਾ ਨੌਜਵਾਨ
ਉਨ੍ਹਾਂ ਦੱਸਿਆ ਕਿ ਪੁਲਸ ਕੋਲ ਮ੍ਰਿਤਕ ਦੇ ਪੁੱਤਰ ਜਗਵੀਰ ਸਿੰਘ ਨੇ ਬਿਆਨ ਦਰਜ ਕਰਵਾਏ ਹਨ, ਜਿਸ ਅਨੁਸਾਰ ਉਨ੍ਹਾਂ ਦੀ ਭਰਜਾਈ ਗਗਨਦੀਪ ਕੌਰ ਜਿਸਦਾ ਬੇਟਾ ਪਿਛਲੇ ਸਮੇਂ ਵਿਚ ਮਰ ਗਿਆ ਸੀ ਅਤੇ ਹੁਣ ਉਸਦੇ ਕੇਵਲ ਇਕ ਕੁੜੀ ਹੈ ਅਤੇ ਉਹ ਉਕਤ ਪਰਿਵਾਰ ਨੂੰ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦੀ ਸੀ ਪਰ ਉਸਦੀ ਅੱਖ ਸਹੁਰੇ ਦੀ 3-4 ਏਕੜ ਜ਼ਮੀਨ ’ਤੇ ਸੀ ਤੇ ਉਹ ਸਹੁਰੇ ਅਤੇ ਆਪਣੇ ਪਤੀ ’ਤੇ ਦਬਾਅ ਬਣਾਉਂਦੀ ਸੀ ਕਿ ਜ਼ਮੀਨ ਉਸ ਦੇ ਨਾਂ ਲਗਵਾਈ ਜਾਵੇ ਪਰ ਉਹ ਦੋਵੇਂ ਲਗਾਤਾਰ ਜਵਾਬ ਦੇ ਰਹੇ ਸਨ, ਜਿਸ ’ਤੇ ਗਗਨਦੀਪ ਕੌਰ ਨੇ ਆਪਣੀ ਇਕ ਔਰਤ ਦੋਸਤ ਅਤੇ ਕੁਝ ਹੋਰ ਲੋਕਾਂ ਦੀ ਸਹਾਇਤਾ ਨਾਲ ਆਪਣੇ ਪਤੀ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਸਹੁਰੇ ਦਾ ਕਤਲ ਕਰ ਦਿੱਤਾ। ਪੁਲਸ ਨੇ ਗੁਰਵੀਰ ਸਿੰਘ ਦੇ ਬਿਆਨਾਂ ’ਤੇ ਗਗਨਦੀਪ ਕੌਰ ਅਤੇ ਧੰਨ ਕੌਰ ਸਮੇਤ ਕੁਝ ਅਣਪਛਾਤਿਆਂ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਵਿਆਹ ਦੇ 8 ਮਹੀਨੇ ਬਾਅਦ ਹੀ ਦਿਖਾਇਆ ਪਤੀ ਨੇ ਰੰਗ, ਮੌਤ ਦੇ ਬਰੂਹੇ ਪਹੁੰਚੀ ਪਤਨੀ