ਭਲਕੇ ਭਰੇਗਾ ਸ਼ਿਵ ਸ਼ਿਵਾਲਾ ਮੰਦਰ ’ਚ ਮਾਤਾ ਰਾਣੀ ਦਾ ਪਹਿਲਾ ਮੇਲਾ, ਤਿਆਰੀਆਂ ਮੁਕੰਮਲ
Monday, Mar 25, 2019 - 04:34 AM (IST)
ਖੰਨਾ (ਸ਼ਾਹੀ, ਸੁਖਵਿੰਦਰ ਕੌਰ) -ਸਥਾਨਕ ਲਲਹੇਡ਼ੀ ਰੋਡ ਸਥਿਤ ਜਗਤ ਕਾਲੋਨੀ ਦੇ ਸ਼ਿਵ ਸ਼ਿਵਾਲਾ ਮੰਦਰ ’ਚ ਮੰਗਲਵਾਰ 26 ਮਾਰਚ ਨੂੰ ਸੀਤਲਾ ਮਾਤਾ ਦਾ ਪਹਿਲਾ ਮੇਲਾ ਅਤੇ 2 ਅਪ੍ਰੈਲ ਨੂੰ ਦੂਸਰਾ ਮੇਲਾ ਲੱਗੇਗਾ। ਮੇਲੇ ਦੌਰਾਨ ਕੰਮ ਕਾਰ ਨੂੰ ਸੁਚਾਰੂੁ ਢੰਗ ਨਾਲ ਚਲਾਉਣ ਲਈ ਅੱਜ ਮੰਦਰ ’ਚ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਟਰੱਸਟ ਦੇ ਉਪ ਪ੍ਰਧਾਨ ਗਿਰੀਸ਼ ਮਹਿਤਾ ਅਤੇ ਕੈਸ਼ੀਅਰ ਸਤਿੰਦਰ ਦੱਤਾ ਨੇ ਦੱਸਿਆ ਕਿ ਮੇਲੇ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਵਾਲੇ ਦਿਨ ਤਡ਼ਕੇ ਤਿੰਨ ਵਜੇ ਮੰਦਰ ਦੇ ਦਵਾਰ ਖੋਲ੍ਹੇ ਜਾਣਗੇ। ਇਸੇ ਤਰ੍ਹਾਂ ਹੀ 2 ਅਪ੍ਰੈਲ ਨੂੰ ਮਾਤਾ ਰਾਣੀ ਦਾ ਦੂਜਾ ਮੇਲਾ ਹੋਵੇਗਾ, ਜਿਸ ਲਈ ਵੀ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 1994 ’ਚ ਰਾਮ ਨੌਮੀ ਵਾਲੇ ਦਿਨ ਇਸ ਮੰਦਰ ’ਚ ਪਹਿਲੀ ਮੂਰਤੀ ਸਥਾਪਨਾ ਕੀਤੀ ਗਈ ਸੀ, ਜਿਸ ਕਰ ਕੇ ਇਸ ਸਾਲ ਰਾਮ ਨੌਮੀ ’ਤੇ 14 ਅਪ੍ਰੈਲ ਨੂੰ ਮੰਦਰ ਸਥਾਪਨਾ ਦਾ ਸਿਲਵਰ ਜਯੰਤੀ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ, ਜਿਸ ਲਈ 13 ਅਪ੍ਰੈਲ ਨੂੰ ਮੰਦਰ ਦੇ ਪ੍ਰੀਤਮ ਚੰਦ ਸ਼ਰਮਾ ਮੈਮੋਰੀਅਲ ਹਾਲ ’ਚ ਸ਼੍ਰੀ ਰਾਮਾਇਣ ਪਾਠ ਸ਼ੁਰੂ ਕਰ ਕੇ 14 ਅਪ੍ਰੈਲ ਨੂੰ ਭੋਗ ਪਾਏ ਜਾਣਗੇ, ਜਿਸ ਲਈ ਗੌਂਸੀ ਦੀ ਖੂਹੀ ਵਾਲੇ ਸੰਤ ਸੱਚਿਦਾਨੰਦ ਜੀ ਮਾਹਰਾਜ ਨੂੰ ਸੱਦਾ ਦਿੱਤਾ ਜਾਵੇਗਾ। ਰਾਮਾਇਣ ਪਾਠ ਦੇ ਭੋਗ ਉਪਰੰਤ ਮੰਦਰ ’ਚ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ।
