ਮਾਂ ਦੀ ਕੁੱਖ ''ਚ ਬੱਚੇ ਦੀ ਮੌਤ ਮਗਰੋਂ ਹੰਗਾਮਾ! ਡਾਕਟਰ ਦਾ ਲਾਇਸੰਸ ਰੱਦ ਕਰਨ ਦੀ ਮੰਗ
Wednesday, Jun 10, 2026 - 06:31 PM (IST)
ਲੁਧਿਆਣਾ (ਤਰੁਣ): ਬੀਤੀ ਰਾਤ ਇਕ ਗਰਭਵਤੀ ਮਹਿਲਾ ਦੀ ਕੁੱਖ ਵਿਚ 9 ਮਹੀਨਿਆਂ ਦੇ ਬੱਚੇ ਦੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਅੰਦਰ ਅਤੇ ਬਾਹਰ ਹੰਗਾਮਾ ਕੀਤਾ। ਪਰਿਵਾਰ ਦਾ ਦੋਸ਼ ਹੈ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਗਰਭ ਵਿਚ ਪਲ਼ ਰਹੇ ਬੱਚੇ ਦੀ ਮੌਤ ਹੋਈ ਹੈ, ਜਿਸ ਕਾਰਨ ਭੜਕੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਡਾਕਟਰ ਦੇ ਲਾਇਸੰਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸੂਚਨਾ ਮਿਲਣ ਮਗਰੋਂ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਮੌਕੇ 'ਤੇ ਪਹੁੰਚੀ।
ਅਤੁਲ ਅਰੋੜਾ ਨੇ ਦੱਸਿਆ ਕਿ ਉਸ ਦੀ ਭਾਬੀ 9 ਮਹੀਨਿਆਂ ਦੀ ਗਰਭਵਤੀ ਹੈ ਤੇ ਉਨ੍ਹਾਂ ਵੱਲੋਂ ਇਲਾਕੇ ਦੇ ਇਕ ਨਰਸਿੰਗ ਹੋਮ ਵਿਚ ਚੈੱਕਅਪ ਤੇ ਇਲਾਜ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਹਰ ਮਹੀਨੇ ਚੈੱਕਅਪ ਲਈ ਬੁਲਾਇਆ ਜਾਂਦਾ ਸੀ। 9ਵਾਂ ਮਹੀਨਾ ਹੋਣ ਕਾਰਨ 4 ਜੂਨ, 6 ਜੂਨ ਨੰ ਵੀ ਉਸ ਦੀ ਭਾਬੀ ਦਾ ਚੈੱਕਅਪ ਹੋਇਆ। ਡਾਕਟਰਾਂ ਨੇ ਜੱਚਾ ਤੇ ਬੱਚਾ ਦੋਹਾਂ ਨੂੰ ਤੰਦਰੁਸਤ ਦੱਸਿਆ। 9 ਜੂਨ ਦੀ ਸ਼ਾਮ ਨੂੰ ਲੇਬਰ ਪੇਨ ਹੋਣ 'ਤੇ ਰੂਟੀਨ ਚੈਕਿੰਗ ਲਈ ਉਸ ਦੀ ਭਾਬੀ ਅਰੋੜਾ ਨਰਸਿੰਗ ਹੋਮ ਗਈ, ਜਿੱਥੇ ਡਾਕਟਰ ਨੇ ਦੱਸਿਆ ਕਿ ਸਕੈਨ ਮਸ਼ੀਨ ਖ਼ਰਾਬ ਹੈ ਤੇ ਕਿਸੇ ਹੋਰ ਹਸਪਤਾਲ ਤੋਂ ਸਕੈਨ ਕਰਵਾਉਣ ਲਈ ਕਿਹਾ। ਸਕੈਨਿੰਗ ਦੀ ਰਿਪੋਰਟ ਦੇਖਣ ਮਗਰੋਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਡਾਕਟਰ ਨੇ ਦੱਸਿਆ ਕਿ 3 ਦਿਨ ਪਹਿਲਾਂ ਹੀ ਬੱਚੇ ਦੀ ਮੌਤ ਹੋ ਚੁੱਕੀ ਹੈ।
ਮਹਿਲਾ ਦੇ ਭਰਾ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਡਾਕਟਰ ਤੋਂ ਜਦੋਂ ਬੱਚੇ ਦੀ ਮੌਤ ਦਾ ਕਾਰਨ ਪੁੱਛਿਆ ਤਾਂ ਉਲਟਾ ਹਸਪਤਾਲ ਦਾ ਪ੍ਰਸ਼ਾਸਨ ਤੇ ਡਾਕਟਰ ਉਨ੍ਹਾਂ ਨਾਲ ਹੀ ਬਦਸਲੂਕੀ ਕਰਨ ਲੱਗ ਪਏ। ਉਨ੍ਹਾਂ ਦੋਸ਼ ਲਗਾਇਆ ਕਿ ਡਾਕਟਰ ਨੇ ਸ਼ਰਾਬ ਪੀਤੀ ਹੋਈ ਸੀ। ਪੀੜਤ ਵਿਸ਼ਾਲ ਕੁਮਾਰ ਦਾ ਕਹਿਣਾ ਹੈ ਕਿ ਉਸ ਦੀ ਭੈਣ ਨਾਲ ਅਜਿਹਾ ਦੂਜੀ ਵਾਰ ਹੋਇਆ ਹੈ। 2 ਸਾਲ ਪਹਿਲਾਂ ਵੀ 3 ਮਹੀਨੇ ਦੀ ਗਰਭ-ਅਵਸਥਾ 'ਚ ਇਲਾਜ ਦੌਰਾਨ ਕੁੱਖ ਵਿਚ ਪਲ਼ ਰਹੇ ਬੱਚੇ ਦੀ ਮੌਤ ਹੋ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਦੋਵਾਂ ਵਾਰ ਡਾਕਟਰ ਦੀ ਲਾਪਰਵਾਹੀ ਕਾਰਨ ਉਸ ਦੀ ਭੈਣ ਦੇ ਗਰਭ ਵਿਚ ਪਲ਼ ਰਹੇ ਦੋਹਾਂ ਬੱਚਿਆਂ ਦੀ ਮੌਤ ਹੋਈ ਹੈ।
ਪੀੜਤ ਅਤੁਲ ਕੁਮਾਰ ਤੇ ਵਿਸ਼ਾਲ ਕੁਮਾਰ ਦਾ ਕਹਿਣਾ ਹੈ ਕਿ ਹਸਪਤਾਲ ਪ੍ਰਸ਼ਾਸਨ ਤੇ ਡਾਕਟਰ ਦੀ ਲਾਪਰਵਾਹੀ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਗਰਭ ਵਿਚ ਮੌਤ ਹੋਈ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਾਕਟਰ ਤੇ ਹਸਪਤਾਲ ਦੇ ਖ਼ਿਲਾਫ਼ ਕੇਸ ਦਰਜ ਹੋਵੇ ਤੇ ਡਾਕਟਰ ਦਾ ਲਾਇਸੰਸ ਰੱਦ ਕੀਤਾ ਜਾਵੇ, ਨਹੀਂ ਤਾਂ ਉਹ ਧਰਨਾ ਪ੍ਰਦਰਸ਼ਨ ਕਰ ਕੇ ਇਨਸਾਫ਼ ਦੀ ਮੰਗ ਕਰਨਗੇ।
ਇਸ ਸਬੰਧੀ ਥਾਣਾ ਮੁਖੀ ਅਮਰਜੀਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਨਰਸਿੰਗ ਹੋਮ ਵਿਚ ਗਰਭਵਤੀ ਮਹਿਲਾ ਦੇ ਗਰਭ ਵਿਚ ਪਲ਼ ਰਹੇ ਬੱਚੇ ਦੀ ਮੌਤ ਨਾਲ ਸਬੰਧਤ ਸ਼ਿਕਾਇਤ ਉਨ੍ਹਾਂ ਨੂੰ ਮਿਲੀ ਹੈ। ਬੱਚੇ ਦਾ ਪੋਸਟਮਾਰਟਮ ਹੋਣ ਮਗਰੋਂ ਹੀ ਸਥਿਤੀ ਸਪਸ਼ਟ ਹੋ ਸਕੇਗੀ। ਫ਼ਿਲਹਾਲ ਸ਼ਿਕਾਇਤਕਰਤਾ ਨੂੰ ਥਾਣੇ ਬੁਲਾਇਆ ਗਿਆ ਹੈ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ।
