ਹਫ਼ਤੇ ''ਚ 3 ਦਿਨ ਸੜਕਾਂ ''ਤੇ ਦਿਖਣਗੇ ਅਫ਼ਸਰ! ਲੁਧਿਆਣਾ ''ਚ ਦਿਸਿਆ ਨਵੇਂ ਹੁਕਮਾਂ ਦਾ ਅਸਰ
Monday, Jun 08, 2026 - 12:17 PM (IST)
ਲੁਧਿਆਣਾ (ਹਿਤੇਸ਼): ਪੰਜਾਬ ਦੇ ਨਵੇਂ ਲੋਕਲ ਬਾਡੀ ਸਕੱਤਰ ਘਨਸ਼ਿਆਮ ਥੋਰੀ ਨੇ ਸਾਰੇ ਪੰਜਾਬ ਦੇ ਨਗਰ ਨਿਗਮ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਹਨ ਕਿ ਹਰ ਹਫ਼ਤੇ ਘੱਟੋ-ਘੱਟ 3 ਦਿਨ ਸਵੇਰੇ ਫੀਲਡ ਵਿਚ ਉਤਰਨ। ਉਨ੍ਹਾਂ ਹੁਕਮ ਕੀਤੇ ਹਨ ਕਿ ਨਿਗਮ ਕਮਿਸ਼ਨਰ ਘੱਟੋ-ਘੱਟ 1 ਘੰਟੇ ਲਈ ਸੜਕਾਂ 'ਤੇ ਨਜ਼ਰ ਆਉਣੇ ਚਾਹੀਦੇ ਹਨ। ਇਸ ਦੇ ਤਹਿਤ ਸੋਮਵਾਰ ਸਵੇਰੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਡਾ. ਨੀਰੂ ਕਤਿਆਲ ਨਗਰ ਨਿਗਮ ਅਫ਼ਸਰਾਂ ਦੀ ਪੂਰੀ ਟੀਮ ਦੇ ਨਾਲ ਸੜਕਾਂ ਤੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਦੇ ਨਾਲ ਸੰਯੁਕਤ ਕਮਿਸ਼ਨਰ ਅਤੇ ਜ਼ੋਨਲ ਕਮਿਸ਼ਨਰ ਵੀ ਨਜ਼ਰ ਆਏ। ਉਨ੍ਹਾਂ ਵੱਲੋਂ ਸਾਫ਼-ਸਫ਼ਾਈ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਦਰਅਸਲ, ਨਗਰ ਨਿਗਮ ਨੇ ਪ੍ਰਿੰਸੀਪਲ ਸਕੱਤਰ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਜੋ ਯੋਜਨਾ ਬਣਾਈ ਹੈ, ਉਸ ਤਹਿਤ ਅਫ਼ਸਰਾਂ ਨੂੰ 10-10 ਕਿੱਲੋਮੀਟਰ ਸੜਕ ਦਾ ਹਿੱਸਾ ਵੰਡਿਆ ਜਾਵੇਗਾ। ਉਨ੍ਹਾਂ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ। ਯਾਨੀ ਹਰ 10 ਕਿੱਲੋਮੀਟਰ ਦਾ ਇਕ ਨੋਡਲ ਅਫ਼ਸਰ ਲਗਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਉਸ ਹਿੱਸੇ ਦੀ ਸਫ਼ਾਈ, ਕੂੜੇ ਦੀ ਲਿਫਟਿੰਗ, ਮਲਵੇ ਦੀ ਲਿਫਟਿੰਗ, ਫੁਟਪਾਥ ਦੀ ਮੁਰੰਮਤ, ਪਾਣੀ ਦੀ ਲੀਕੇਜ, ਸੀਵਰੇਜ ਜਾਮ, ਸਟ੍ਰੀਟ ਲਾਈਟਾਂ ਦੀ ਨਜ਼ਰਸਾਨੀ ਕੀਤੀ ਜਾਵੇਗੀ। ਮਤਲਬ ਇਹ ਸਾਰੇ ਅਫ਼ਸਰ ਸ਼ਹਿਰ ਨੂੰ ਚਮਕਾਉਣ ਲਈ ਸੜਕਾਂ ਤੇ ਉਤਰੇ ਹਨ।
ਘਨਸ਼ਿਆਮ ਥੋਰੀ ਵੱਲੋਂ ਅਫ਼ਸਰਾਂ ਨੂੰ ਗ੍ਰਾਊਂਡ ਜ਼ੀਰੋ 'ਤੇ ਜਾਣ ਲਈ ਕਿਹਾ ਗਿਆ ਹੈ, ਤਾਂ ਜੋ ਜ਼ਮੀਨੀ ਪੱਧਰ 'ਤੇ ਕੰਮ ਹੋ ਸਕੇ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਅਫ਼ਸਰਾਂ ਦੀ ਪਰਫਾਰਮੈਂਸ ਵੀਡੀਓ ਕਾਲ ਨਾਲ ਜੁੜ ਕੇ ਚੈੱਕ ਕਰਨਗੇ। ਇਸ ਤਹਿਤ ਨਗਰ ਨਿਗਮ ਦਾ ਪੂਰਾ ਅਮਲਾ ਅੱਜ ਸੜਕਾਂ 'ਤੇ ਨਜ਼ਰ ਆਇਆ ਹੈ।
