ਦੋਸਤਾਂ ਨਾਲ ਨਹਾਉਣ ਗਿਆ ਨੌਜਵਾਨ ਨਹਿਰ ’ਚ ਡੁੱਬਿਆ, ਪਰਿਵਾਰ ਨੇ ਦੋਸਤਾਂ ’ਤੇ ਕਤਲ ਦੇ ਲਾਏ ਗੰਭੀਰ ਦੋਸ਼

Saturday, Jun 06, 2026 - 07:37 AM (IST)

ਦੋਸਤਾਂ ਨਾਲ ਨਹਾਉਣ ਗਿਆ ਨੌਜਵਾਨ ਨਹਿਰ ’ਚ ਡੁੱਬਿਆ, ਪਰਿਵਾਰ ਨੇ ਦੋਸਤਾਂ ’ਤੇ ਕਤਲ ਦੇ ਲਾਏ ਗੰਭੀਰ ਦੋਸ਼

ਲੁਧਿਆਣਾ (ਰਾਜ) : ਡੇਹਲੋਂ ਇਲਾਕੇ ਤੋਂ ਦੋਸਤਾਂ ਨਾਲ ਨਹਾਉਣ ਗਿਆ ਇਕ 27 ਸਾਲਾ ਨੌਜਵਾਨ ਸ਼ੱਕੀ ਹਾਲਾਤ ਵਿਚ ਨਹਿਰ ਵਿਚ ਡੁੱਬ ਗਿਆ। ਬੁੱਧਵਾਰ ਦੁਪਹਿਰ ਨੂੰ ਜੋ ਨੌਜਵਾਨ ਆਪਣੀ ਮਾਂ ਨਾਲ ਸਿਰਫ਼ ਇਕ ਘੰਟੇ ਵਿਚ ਵਾਪਸ ਆਉਣ ਦਾ ਵਾਅਦਾ ਕਰਕੇ ਨਿਕਲਿਆ ਸੀ, ਅੱਜ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਨੌਜਵਾਨ ਦੀ ਪਛਾਣ ਵਿੱਕੀ ਕੁਮਾਰ (27) ਵਜੋਂ ਹੋਈ ਹੈ। ਬੁੱਧਵਾਰ ਦੁਪਹਿਰ ਕਰੀਬ 2 ਵਜੇ ਉਹ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਘਰ ਆਇਆ ਸੀ। ਉਸ ਨੇ ਆਪਣੀ ਮਾਂ ਪੂਨਮ ਦੇਵੀ ਤੋਂ 100 ਰੁਪਏ ਮੰਗੇ ਪਰ ਮਾਂ ਦੇ ਮਨ੍ਹਾ ਕਰਨ 'ਤੇ ਉਸ ਨੇ ਆਪਣੇ ਪਿਤਾ ਤੋਂ ਪੈਸੇ ਲੈ ਲਏ। ਉਸ ਨੇ ਮਾਂ ਨੂੰ ਕਿਹਾ ਸੀ ਕਿ ਉਹ ਦੋਸਤਾਂ ਨਾਲ ਸਵਿਮਿੰਗ ਪੂਲ 'ਚ ਨਹਾਉਣ ਜਾ ਰਿਹਾ ਹੈ ਤੇ ਜਲਦੀ ਹੀ ਪਰਤ ਆਵੇਗਾ।

ਇਹ ਵੀ ਪੜ੍ਹੋ : ਲੱਕੜ ਮੰਡੀ ਦੇ ਰਿਹਾਇਸ਼ੀ ਖੇਤਰ ’ਚ ਓਵਰਲੋਡ ਟਿੱਪਰਾਂ ਦਾ ਕਹਿਰ, ਲੋਕਾਂ ਦੀ ਜਾਨ ਲਈ ਬਣੇ ਵੱਡਾ ਖਤਰਾ

ਜਾਣਕਾਰੀ ਮੁਤਾਬਕ ਘਟਨਾ ਤੋਂ ਠੀਕ ਪਹਿਲਾਂ ਵਿੱਕੀ ਦੇ ਨਾਲ ਮੌਜੂਦ ਇਕ ਹੋਰ ਦੋਸਤ ਨੇ ਕੈਮਰੇ ਦੇ ਸਾਹਮਣੇ ਆ ਕੇ ਕਈ ਵੱਡੇ ਅਤੇ ਅਹਿਮ ਖ਼ੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਕਰੀਬ 12 ਤੋਂ 1 ਵਜੇ ਦੇ ਵਿਚਕਾਰ ਸਾਰੇ ਦੋਸਤ ਇਕੱਠੇ ਹੋਏ ਸਨ। ਸ਼ੁਰੂਆਤ ਵਿੱਚ ਸਭ ਨੇ ਸਵਿਮਿੰਗ ਪੂਲ ਜਾਣ ਦਾ ਪਲਾਨ ਬਣਾਇਆ ਸੀ, ਪਰ ਰਸਤੇ ਵਿੱਚ ਲੱਕੀ ਤੇ ਉਸ ਦੇ ਛੇ ਹੋਰ ਸਾਥੀਆਂ ਨੇ ਅਚਾਨਕ ਆਪਣੀ ਯੋਜਨਾ ਬਦਲ ਦਿੱਤੀ। ਉਨ੍ਹਾਂ ਨੇ ਵਿੱਕੀ ਨੂੰ 12 ਕਿਲੋਮੀਟਰ ਦੂਰ ਡੇਹਲੋਂ ਵਾਲੇ ਸੂਏ ’ਤੇ ਚੱਲਣ ਲਈ ਕਿਹਾ। ਖ਼ੁਲਾਸਾ ਕਰਨ ਵਾਲੇ ਦੋਸਤ ਨੇ ਦੱਸਿਆ ਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ, ਇਸ ਲਈ ਉਹ ਉਨ੍ਹਾਂ ਦੇ ਨਾਲ ਨਹੀਂ ਗਿਆ ਤੇ ਵਾਪਸ ਘਰ ਪਰਤ ਆਇਆ। ਇਸ ਤੋਂ ਬਾਅਦ ਬਾਕੀ ਲੜਕੇ ਵਿੱਕੀ ਨੂੰ ਲੈ ਕੇ ਨਹਿਰ 'ਤੇ ਚਲੇ ਗਏ, ਜਿੱਥੇ ਉਨ੍ਹਾਂ ਪਹਿਲਾਂ ਜੰਮ ਕੇ ਸ਼ਰਾਬ ਪੀਤੀ ਤੇ ਫਿਰ ਨਹਾਉਣ ਚਲੇ ਗਏ।

ਚਸ਼ਮਦੀਦ ਦੋਸਤ ਨੇ ਦੱਸਿਆ ਕਿ ਉਸੇ ਰਾਤ ਕਰੀਬ 10 ਵਜੇ ਜਦੋਂ ਉਸ ਨੇ ਲੱਕੀ ਨੂੰ ਫ਼ੋਨ ਕੀਤਾ ਤਾਂ ਲੱਕੀ ਬਹੁਤ ਘਬਰਾਇਆ ਹੋਇਆ ਸੀ। ਉਸ ਨੇ ਫ਼ੋਨ 'ਤੇ ਕਿਹਾ ਕਿ ਤੂੰ ਕਿਤੇ ਨਾ ਜਾਵੀਂ, ਮੈਂ ਤੈਨੂੰ ਬਾਅਦ 'ਚ ਸਭ ਦੱਸਦਾ ਹਾਂ। ਇਸ ਗੱਲਬਾਤ ਤੋਂ ਬਾਅਦ ਯਾਨੀ ਅਗਲੀ ਸਵੇਰ ਤੋਂ ਹੀ ਮੁਲਜ਼ਮ ਲੱਕੀ ਦਾ ਫ਼ੋਨ ਲਗਾਤਾਰ ਸਵਿੱਚ ਆਫ਼ ਆ ਰਿਹਾ ਹੈ, ਜਿਸ ਕਾਰਨ ਸ਼ੱਕ ਦੀ ਸੂਈ ਪੂਰੀ ਤਰ੍ਹਾਂ ਉਸ ਵੱਲ ਘੁੰਮ ਗਈ ਹੈ। ਉੱਥੇ ਹੀ ਦੋਸਤ ਦੇ ਬਿਆਨ ਤੋਂ ਬਾਅਦ ਵਿੱਕੀ ਦੀ ਮਾਂ ਪੂਨਮ ਦੇਵੀ ਨੇ ਬੇਟੇ ਦੇ ਇੱਕ ਹੋਰ ਦੋਸਤ 'ਤੇ ਯੋਜਨਾਬੱਧ ਤਰੀਕੇ ਨਾਲ ਨਹਿਰ ਵਿਚ ਡੁਬਾਉਣ ਦਾ ਗੰਭੀਰ ਦੋਸ਼ ਲਾਇਆ ਹੈ। ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਗੋਤਾਖੋਰਾਂ ਦੀ ਮਦਦ ਨਾਲ ਵਿੱਕੀ ਦੀ ਭਾਲ ਵਿਚ ਲੱਗੀ ਹੋਈ ਹੈ ਪਰ ਦੋ ਦਿਨਾਂ ਬਾਅਦ ਵੀ ਉਸ ਦਾ ਕੁਝ ਪਤਾ ਨਹੀਂ ਚੱਲ ਸਕਿਆ।

ਇਹ ਵੀ ਪੜ੍ਹੋ : ਅਗਲੇ 48 ਘੰਟੇ ਭਾਰੀ ਮੀਂਹ ਦਾ ਅਲਰਟ ! ਪੰਜਾਬ-ਦਿੱਲੀ ਸਣੇ ਕਈ ਸੂਬਿਆਂ 'ਚ ਬਦਲੇਗਾ ਮੌਸਮ

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੋਸਤਾਂ ’ਤੇ ਪਰਿਵਾਰ ਨੇ ਸਾਜ਼ਿਸ਼ ਰਚਣ ਦਾ ਸੰਗੀਨ ਦੋਸ਼ ਲਗਾਇਆ ਹੈ, ਨੂੰ ਪੁੱਛਗਿੱਛ ਲਈ ਰਾਊਂਡਅੱਪ ਕੀਤਾ ਜਾ ਰਿਹਾ ਹੈ। ਪਰਿਵਾਰ ਦੇ ਬਿਆਨਾਂ ਤੇ ਤਫ਼ਤੀਸ਼ ਵਿਚ ਸਾਹਮਣੇ ਆਉਣ ਵਾਲੇ ਸੱਚ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News