ਸਰਾਫ਼ਾ ਬਾਜ਼ਾਰ ''ਚ ਇਕ ਹਫ਼ਤੇ ''ਚ ਚੌਥੀ ਵੱਡੀ ਵਾਰਦਾਤ: ਬੰਗਾਲੀ ਕਾਰੀਗਰ ਕੋਲੋਂ 6 ਲੱਖ ਦਾ ਪੈਂਡੈਂਟ ਖੋਹ ਕੇ ਲੁਟੇਰੇ ਫ਼ਰਾਰ

Friday, Jun 12, 2026 - 06:28 PM (IST)

ਸਰਾਫ਼ਾ ਬਾਜ਼ਾਰ ''ਚ ਇਕ ਹਫ਼ਤੇ ''ਚ ਚੌਥੀ ਵੱਡੀ ਵਾਰਦਾਤ: ਬੰਗਾਲੀ ਕਾਰੀਗਰ ਕੋਲੋਂ 6 ਲੱਖ ਦਾ ਪੈਂਡੈਂਟ ਖੋਹ ਕੇ ਲੁਟੇਰੇ ਫ਼ਰਾਰ

ਲੁਧਿਆਣਾ (ਰਾਜ): ਮਹਾਨਗਰ ਦਾ ਸਭ ਤੋਂ ਰੁੱਝਿਆ ਤੇ ਪ੍ਰਮੁੱਖ ਵਪਾਰਕ ਕੇਂਦਰ ਸਰਾਫ਼ਾ ਬਾਜ਼ਾਰ ਇਸ ਸਮੇਂ ਅਪਰਾਧੀਆਂ ਦੇ ਨਿਸ਼ਾਨੇ ’ਤੇ ਹੈ। ਇਲਾਕੇ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ, ਜਿਸ ਕਾਰਨ ਸਰਾਫ਼ਾ ਕਾਰੋਬਾਰੀਆਂ ’ਚ ਭਾਰੀ ਦਹਿਸ਼ਤ ਤੇ ਰੋਸ ਦਾ ਮਾਹੌਲ ਹੈ। ਬਾਜ਼ਾਰ ’ਚ ਸੁਰੱਖਿਆ ਦੇ ਵੱਡੇ-ਵੱਡੇ ਦਾਅਵਿਆਂ ਨੂੰ ਅੰਗੂਠਾ ਦਿਖਾਉਂਦੇ ਸ਼ਾਤਰ ਲੁਟੇਰਿਆਂ ਨੇ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਹੁਣ ਇੱਕ ਬੰਗਾਲੀ ਕਾਰੀਗਰ ਕੋਲੋਂ ਕਰੀਬ 35 ਗ੍ਰਾਮ ਸੋਨੇ ਦਾ ਕੀਮਤੀ ਪੈਂਡੈਂਟ ਖੋਹ ਕੇ ਅਣਪਛਾਤੇ ਲੁਟੇਰੇ ਬੜੀ ਆਸਾਨੀ ਨਾਲ ਫ਼ਰਾਰ ਹੋ ਗਏ, ਜਿਸ ਦੀ ਕੀਮਤ ਕਰੀਬ 6 ਲੱਖ ਰੁਪਏ ਦੱਸੀ ਜਾ ਰਹੀ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਮਹਿਜ਼ ਇਕ ਹਫ਼ਤੇ ਦੇ ਅੰਦਰ ਇਸੇ ਇਲਾਕੇ ’ਚ ਲੁੱਟ-ਖੋਹ ਦੀ ਇਹ ਚੌਥੀ ਵੱਡੀ ਵਾਰਦਾਤ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਨੇ ਸੀ.ਸੀ.ਟੀ.ਵੀa ਕੈਮਰੇ ਖੰਗਾਲੇ, ਜਿਸ ’ਚ ਮੁਲਜ਼ਮਾਂ ਦੀ ਫੁਟੇਜ ਬਰਾਮਦ ਹੋਈ ਹੈ। ਫੁਟੇਜ ਦੇਖਣ ਤੋਂ ਪਤਾ ਲੱਗਾ ਕਿ ਇਹ ਵਾਰਦਾਤ ਦੇਰ ਸ਼ਾਮ ਕਰੀਬ ਛੇ ਵਜੇ ਆਸ਼ਾ ਜਿਊਲਰਜ਼ ਦੀ ਦੁਕਾਨ ਦੇ ਬਾਹਰ ਹੋਈ, ਜਿੱਥੇ ਇੱਕ ਬੰਗਾਲੀ ਕਾਰੀਗਰ ਸੋਨੇ ਦਾ ਪੈਂਡੈਂਟ ਲੈ ਕੇ ਜਾ ਰਿਹਾ ਸੀ।

ਅਚਾਨਕ ਦੋ ਨੌਜਵਾਨ ਆਏ ਤੇ ਉਨ੍ਹਾਂ ਨੇ ਝਪਟਾ ਮਾਰ ਕੇ ਉਸ ਦਾ ਸੋਨੇ ਦਾ ਪੈਂਡੈਂਟ ਖੋਹ ਲਿਆ ਤੇ ਫ਼ਰਾਰ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਕਰਨ ਵਾਲੇ ਦੋ ਨਹੀਂ ਸਗੋਂ ਤਿੰਨ ਸਨ। ਪੁਲਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੀ.ਸੀ.ਟੀ.ਵੀ. ਫੁਟੇਜ ਮਿਲਣ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ, ਵਪਾਰੀਆਂ ’ਚ ਰੋਸ

ਲਗਾਤਾਰ ਹੋ ਰਹੀਆਂ ਵਾਰਦਾਤਾਂ ਨੇ ਸਥਾਨਕ ਪੁਲਸ ਦੀ ਕਾਰਜਪ੍ਰਣਾਲੀ ਤੇ ਮੁਸਤੈਦੀ ’ਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਕਾਰੋਬਾਰੀਆਂ ਦਾ ਦੋਸ਼ ਹੈ ਕਿ ਇਸ ਤੋਂ ਪਹਿਲਾਂ ਤਿੰਨ ਵੱਡੀਆਂ ਵਾਰਦਾਤਾਂ ’ਚ ਵੀ ਪੁਲਸ ਦੇ ਹੱਥ ਅਜੇ ਤੱਕ ਪੂਰੀ ਤਰ੍ਹਾਂ ਖਾਲੀ ਹਨ ਤੇ ਕਿਸੇ ਵੀ ਮੁਲਜ਼ਮ ਨੂੰ ਫੜਿਆ ਨਹੀਂ ਜਾ ਸਕਿਆ। ਵਪਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਪਿਛਲੀਆਂ ਘਟਨਾਵਾਂ ਦੀਆਂ ਪੁਖ਼ਤਾ ਸੀ.ਸੀ.ਟੀ.ਵੀ. ਫੁਟੇਜ ਵੀ ਸੌਂਪੀਆਂ ਗਈਆਂ ਸਨ, ਜਿਨ੍ਹਾਂ ’ਚ ਮੁਲਜ਼ਮਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਹਨ ਪਰ ਇਸ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਦੀ ਸੁਸਤੀ ਕਾਰਨ ਲੁਟੇਰੇ ਸ਼ਰੇਆਮ ਘੁੰਮ ਰਹੇ ਹਨ।

ਅਜਿਹੇ ਮਾਹੌਲ ’ਚ ਕਿਵੇਂ ਕਰਾਂਗੇ ਕੰਮ? ਕਾਰੋਬਾਰੀਆਂ ਨੇ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ

ਸਰਾਫ਼ਾ ਬਾਜ਼ਾਰ ਐਸੋਸੀਏਸ਼ਨ ਤੇ ਸਥਾਨਕ ਸਵਰਨਕਾਰਾਂ ਦਾ ਕਹਿਣਾ ਹੈ ਕਿ ਲਗਾਤਾਰ ਚੌਥੇ ਦਿਨ ਹੋਈ ਇਸ ਵਾਰਦਾਤ ਨੇ ਵਪਾਰੀਆਂ ਦੀ ਕਮਰ ਤੋੜ ਦਿੱਤੀ ਹੈ। ਅਤਿ ਭੀੜ-ਭੜੱਕੇ ਵਾਲੇ ਤੇ ਸੰਵੇਦਨਸ਼ੀਲ ਬਾਜ਼ਾਰ ’ਚ ਦਿਨ-ਦਿਹਾੜੇ ਹੋ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਹਰ ਕੋਈ ਸਹਿਮਿਆ ਹੋਇਆ ਹੈ। ਕਾਰੋਬਾਰੀਆਂ ਨੇ ਤਿੱਖੇ ਸ਼ਬਦਾਂ ’ਚ ਕਿਹਾ ਕਿ ਜੇਕਰ ਸ਼ਹਿਰ ਦੇ ਸਭ ਤੋਂ ਮੁੱਖ ਬਾਜ਼ਾਰ ’ਚ ਹੀ ਵਪਾਰੀ ਅਤੇ ਕਾਰੀਗਰ ਸੁਰੱਖਿਅਤ ਨਹੀਂ ਹਨ ਤਾਂ ਉਹ ਬੇਖ਼ੌਫ ਹੋ ਕੇ ਆਪਣਾ ਵਪਾਰ ਕਿਵੇਂ ਕਰ ਸਕਣਗੇ? ਇਸ ਡਰ ਦੇ ਮਾਹੌਲ ’ਚ ਕੰਮ ਕਰਨਾ ਅਸੰਭਵ ਹੁੰਦਾ ਜਾ ਰਿਹਾ ਹੈ।


author

Anmol Tagra

Content Editor

Related News