ਲੋਕ ਦੇਸ਼ ਹਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖਡ਼੍ਹਣ : ਸਿੰਗਲਾ

Sunday, Mar 03, 2019 - 03:57 AM (IST)

ਲੋਕ ਦੇਸ਼ ਹਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖਡ਼੍ਹਣ : ਸਿੰਗਲਾ
ਖੰਨਾ (ਸੁਖਵਿੰਦਰ ਕੌਰ)-ਇੱਥੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਬਲਜਿੰਦਰ ਸਿੰਗਲਾ ਨੇ ਕਿਹਾ ਕਿ ਕੁੱਝ ਦਿਨਾਂ ਤੋਂ ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਕੁੱਝ ਤਨਾਓ ਕਾਰਨ ਕੁੱਝ ਲੋਕ ਸੋਸ਼ਲ ਮੀਡੀਆ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦੇ ਨਾਲ-ਨਾਲ ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਭਾਰਤੀ ਫੌਜਾਂ ਦੇ ਹੌਸਲੇ ਪਸਤ ਕਰਨ ਵਾਲੀਆਂ ਗੱਲਾਂ ’ਤੇ ਉਤਰ ਆਏ ਹਨ, ਜੋ ਕਿ ਦੇਸ਼ ਦੀ ਸੁਰੱਖਿਆ ਲਈ ਘਾਤਕ ਸਾਬਤ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਦੁਰ ਪ੍ਰਚਾਰ ਕਰਨ ਵਾਲੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਆਪਸੀ ਮਤਭੇਦ ਹੋਣ ਕਰਕੇ ਤਾਂ ਵਿਰੋਧੀ ਹੋ ਸਕਦੇ ਹਨ ਪਰ ਦੇਸ਼ ਦੀ ਸੁਰੱਖਿਆ ਦੇ ਮਾਮਲੇ ਵਿਚ ਸਮੁੱਚੇ ਦੇਸ਼ ਵਾਸੀਆਂ ਨੂੰ ਏਕਤਾ ਦਿਖਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਖਣ ’ਚ ਆਇਆ ਹੈ ਕਿ ਸੋਸ਼ਲ ਮੀਡੀਆ ’ਤੇ ਮੋਦੀ ਖਿਲਾਫ਼ ਹੋ ਰਹੇ ਪ੍ਰਚਾਰ ਨੂੰ ਪਾਕਿ ਦੇ ਆਗੂ ਭਾਰਤ ਦੇਸ਼ ਦੇ ਵਿਰੁਧ ਵਰਤਣ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਇਕੱਲੀ ਭਾਜਪਾ ਦੇ ਹੀ ਪ੍ਰਧਾਨ ਮੰਤਰੀ ਨਹੀਂ ਹਨ, ਬਲਕਿ ਦੇਸ਼ ਦੇ ਕਰੋਡ਼ਾਂ ਵਾਸੀਆਂ ਦੇ ਸਾਂਝੇ ਪ੍ਰਧਾਨ ਮੰਤਰੀ ਹਨ, ਇਸ ਲਈ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਦੇਸ਼ ਵਾਸੀ ਲੋਕ ਹਿੱਤਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਥ ਦੇਣ ਲਈ ਅੱਗੇ ਆਉਣ। ਭਾਜਪਾ ਆਗੂ ਸਿੰਗਲਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮਾਮਲੇ ’ਚ ਮੋਦੀ ਨੇ ਆਪਣਾ 56 ਇੰਚ ਦਾ ਸੀਨਾ ਦਿਖਾ ਕੇ ਵਿਰੋਧੀਆਂ ਨੂੰ ਚੁੱਪ ਹੀ ਨਹੀਂ ਕਰਾਇਆ, ਬਲਕਿ ਦੇਸ਼ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਉਸ ’ਤੇ ਖਰਾ ਉਤਰੇ ਹਨ। ਭਾਜਪਾ ਆਗੂਆਂ ਨੇ ਸਰਕਾਰ ਤੋਂ ਸੋਸ਼ਲ ਮੀਡੀਆ ’ਤੇ ਦੇਸ਼ ਵਿਰੋਧੀ ਪ੍ਰਚਾਰ ਨੂੰ ਹੁਲਾਰਾ ਦੇਣ ਵਾਲੇ ਅਨਸਰਾਂ ਖਿਲਾਫ਼ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ। ਇਸ ਮੌਕੇ ਜ਼ਿਲਾ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਮੇਸ਼ ਬੱਤਾ, ਜ਼ਿਲਾ ਸਕੱਤਰ ਮਨੋਜ ਘਈ, ਸਾਬਕਾ ਮੰਡਲ ਪ੍ਰਧਾਨ ਜਸਪਾਲ ਸਿੰਘ ਲੋਟੇ, ਵਿਜੇ ਵਿਜ, ਰਾਜਨ ਛਿੱਬਰ ਤੇ ਮੋਹਿਤ ਸ਼ਰਮਾ ਆਦਿ ਹਾਜ਼ਰ ਸਨ।

Related News