ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਅਗਲੇ 24 ਘੰਟਿਆਂ ਲਈ ਕੀਤਾ ਜਾ ਰਿਹਾ Alert
Friday, Dec 19, 2025 - 04:24 PM (IST)
ਲੁਧਿਆਣਾ (ਵੈੱਬ ਡੈਸਕ): ਪੰਜਾਬ 'ਚ ਅੱਜ ਅਚਾਨਕ ਲੋਕਾਂ ਦੇ ਫੋਨ ਖੜਕਣ ਲੱਗ ਪਏ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਧੁੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਜੋ ਲਗਾਤਾਰ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਘੰਟਿਆਂ ਲਈ ਸੂਬੇ ਦੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਗਈ ਹੈ। ਇਸੇ ਤਹਿਤ ਪੰਜਾਬ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਦੇ ਲੋਕਾਂ ਨੂੰ ਫ਼ੋਨ 'ਤੇ ਮੈਸੇਜ ਭੇਜ ਕੇ ਇਸ ਸਬੰਧੀ Alert ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਕਿਸੇ ਵੀ ਕਿਸਮ ਦੀ ਐਮਰਜੈਂਸੀ ਲਈ 112 'ਤੇ ਫ਼ੋਨ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

ਪੰਜਾਬ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ ਅਗਲੇ 24 ਘੰਟਿਆਂ ਵਿਚ ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਜਲੰਧਰ,ਕਪੂਰਥਲਾ, ਲੁਧਿਆਣਾ ਤੇ ਪਟਿਆਲਾ ਵਿਚ ਜ਼ਿਆਦਾਤਰ ਥਾਵਾਂ 'ਤੇ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅਜਿਹੇ ਹਾਲਾਤ ਵਿਚ ਜੇਕਰ ਲੋਕਾਂ ਨੂੰ ਕੋਈ ਐਮਰਜੈਂਸੀ ਹੋਵੇ ਤਾਂ ਉਹ 112 'ਤੇ ਕਾਲ ਕਰ ਸਕਦੇ ਹਨ। ਭਾਰਤੀ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਵੀ ਇਨ੍ਹਾਂ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦਾ Red Alert ਜਾਰੀ ਕੀਤਾ ਗਿਆ ਹੈ।
