ਭਰੂਣ ਹੱਤਿਆ ਸਮਾਜ ਦੇ ਮੱਥੇ ’ਤੇ ਵੱਡਾ ਕਲੰਕ : ਭੂਰੀ ਵਾਲੇ
Wednesday, Feb 06, 2019 - 04:39 AM (IST)
ਖੰਨਾ (ਮਾਲਵਾ)-ਲੋਕ ਭਲਾਈ ਕਾਰਜਾਂ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਵਲੋਂ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਮਾਜ ’ਚ ਵੱਧ ਰਹੀ ਭਰੂਣ ਹੱਤਿਆ ਅਤੇ ਨਸ਼ੇ ਦੀ ਲਤ ਨੂੰ ਰੋਕਣ ਦੇ ਉਪਰਾਲੇ ਨਾਲ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਡਾਇਰੈਕਟਰ ਹਰਕੇਸ਼ ਚੌਧਰੀ ਤੇ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ ‘ਕਾਲਖ ਹਨੇਰੇ’ ਰਾਹੀਂ ਸਮਾਜ ’ਚ ਵੱਧ ਰਹੀ ਲਡ਼ਕੀਆਂ ਦੀ ਭਰੂਣ ਹੱਤਿਆ ਅਤੇ ਨਸ਼ਿਆਂ ਦੇ ਮਾਡ਼ੇ ਰੁਝਾਨ ਪ੍ਰਤੀ ਚਾਨਣਾ ਪਾਇਆ ਗਿਆ। ਨਾਟਕ ਦੇ ਮੁੱਖ ਪਾਤਰ ਸੁਰਿੰਦਰ ਸ਼ਰਮਾ ਤੇ ਸਮੁੱਚੀ ਟੀਮ ਨੇ ਜਿਥੇ ਆਪਣੇ ਵੱਖ-ਵੱਖ ਪਾਤਰਾਂ ਦੇ ਰੂਪ ’ਚ ਸਰੋਤਿਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜੇਕਰ ਬੇਟੀਆਂ ਨੂੰ ਅਸੀਂ ਗਰਭ ’ਚ ਹੀ ਮਾਰੀ ਜਾਵਾਂਗੇ ਤਾਂ ਆਉਣ ਵਾਲੇ ਸਮੇਂ ’ਚ ਸਾਡੇ ਲਡ਼ਕਿਆਂ ਨੂੰ ਵਿਆਹ ਕਰਵਾਉਣ ਲਈ ਕੁਡ਼ੀਆਂ ਕਿੱਥੋਂ ਲੱਭਣਗੀਆਂ। ਸਮਾਜ ਸੇਵੀ ਸ਼ਖਸੀਅਤ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕਿਹਾ ਕਿ ਭਰੂਣ ਹੱਤਿਆ ਸਾਡੇ ਸਮਾਜ ਦੇ ਮੱਥੇ ’ਤੇ ਬਹੁਤ ਵੱਡਾ ਕਲੰਕ ਹੈ। ਜਿੱਥੇ ਇਕ ਪਾਸੇ ਅਸੀਂ ਲਡ਼ਕੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ’ਚ ਕਤਲ ਕਰਵਾ ਰਹੇ ਹਾਂ ਤੇ ਦੂਸਰੀ ਸਾਡੀ ਨੌਜਵਾਨ ਪੀਡ਼੍ਹੀ ਵਿਚ ਵਧ ਰਹੀ ਨਸ਼ੇ ਦੀ ਲਤ ਨੇ ਸਾਡੀ ਆਉਣ ਵਾਲੀ ਨਸਲ ਨੂੰ ਖ਼ਤਰੇ ’ਚ ਪਾ ਦਿੱਤਾ ਹੈ। ਨਸ਼ਾ ਘਰ ’ਚ ਇਕ ਆਦਮੀ ਨੂੰ ਖਰਾਬ ਨਹੀਂ ਕਰਦਾ ਸਗੋਂ ਸਾਰੇ ਪਰਿਵਾਰ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ। ਸਾਬਕਾ ਸਰਕਲ ਸਿੱਖਿਆ ਅਫਸਰ ਪਟਿਆਲਾ ਡਾ. ਮੱਘਰ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਮਾਡ਼ੇ ਰੁਝਾਨ ਨੇ ਸਾਡੇ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲਡ਼ਕੀਆਂ ਅੱਜ ਹਰੇਕ ਕੰਮ ਵਿਚ ਲਡ਼ਕਿਆਂ ਦੇ ਬਰਾਬਰ ਯੋਗਦਾਨ ਪਾ ਰਹੀਆਂ ਹਨ ਅਤੇ ਉੱਚ ਦਰਜੇ ਦੀ ਪਡ਼੍ਹਾਈ ਹਾਸਲ ਕਰ ਕੇ ਸਾਡੀਆਂ ਸਰਕਾਰਾਂ ’ਚ ਨਵਾਂ ਸਮਾਜ ਸਿਰਜਣ ਲਈ ਅਹਿਮ ਯੋਗਦਾਨ ਪਾ ਰਹੀਆਂ ਹਨ। ਇਸ ਮੌਕੇ ਡਾ. ਰਾਜਿੰਦਰ ਸਿੰਘ ਲੁਧਿਆਣਾ, ਉਪ ਪ੍ਰਧਾਨ ਸਤਵੰਤ ਸਿੰਘ ਤਲਵੰਡੀ, ਸਕੱਤਰ ਕੁਲਦੀਪ ਸਿੰਘ ਮਾਨ, ਸਵਾਮੀ ਓਮਾ ਨੰਦ, ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਪੰਡਿਤ ਖੁਸ਼ਪਾਲ ਚੰਦ ਕੌਡ਼ੀ, ਚੇਅਰਮੈਨ ਸੇਵਾ ਸਿੰਘ ਖੇਲਾ, ਤੀਰਥ ਸਿੰਘ ਸਰਾਂ ਪ੍ਰਧਾਨ ਵੈੱਲਫੇਅਰ ਕਲੱਬ, ਦਰਸ਼ਨ ਸਿੰਘ ਸਰਪੰਚ ਤਲਵੰਡੀ ਖੁਰਦ, ਕਲਵਿੰਦਰ ਸਿੰਘ ਡਾਂਗੋ, ਮਲਕੀਤ ਸਿੰਘ, ਸੰਤ ਕਬੀਰ ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ, ਕੋਆਰਡੀਨੇਟਰ ਬਲਰਾਜ ਸਿੰਘ ਗਰੇਵਾਲ, ਪੰਡਤ ਰਾਜੀਵ ਸਾਹਨੇਵਾਲ, ਮੋਹਣ ਲਾਲ ਪਵਾ, ਅਚਾਰੀਆ ਕ੍ਰਿਸ਼ਨ ਕੁਮਾਰ ਸੂਦ, ਵੈਦ ਸ਼ਿਵ ਕੁਮਾਰ ਭਾਦਸੋਂ, ਅਰਬਿੰਦ ਕੁਮਾਰ, ਮੇਹਰਦੀਪ ਸਿੰਘ, ਸਿਮਰਜੀਤ ਸਿੰਘ ਕੁਹਾਡ਼ਾ, ਤਰਸੇਮ ਸਿੰਘ ਬੋਪਾਰਾਏ, ਮਨਿੰਦਰ ਸਿੰਘ ਮਾਜਰੀ, ਜਥੇਦਾਰ ਹਰਚੰਦ ਸਿੰਘ ਬਡ਼ੂੰਦੀ, ਬਚਿੱਤਰ ਸਿੰਘ ਵਿਰਕ, ਸਰਬਜੀਤ ਸਿੰਘ ਢੰਡਾਰੀ ਆਦਿ ਹਾਜ਼ਰ ਸਨ।
