ਲਾਡੋਵਾਲ ਟੋਲ ਪਲਾਜ਼ਾ ਵੱਲ ਜਾਣ ਵਾਲੇ ਸਾਵਧਾਨ! ਦੁਪਹਿਰ 2 ਵਜੇ ਤਕ...
Saturday, Dec 20, 2025 - 11:54 AM (IST)
ਲੁਧਿਆਣਾ (ਅਨਿਲ): ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੇਸ਼ ਦੇ ਸਾਰੇ ਟੋਲ ਪਲਾਜੇ ਕੈਸ਼ ਲੈੱਸ ਕਰ ਦਿੱਤੇ ਜਾਣਗੇ ਅਤੇ ਇਨ੍ਹਾਂ ਨੂੰ ਸੈਟੇਲਾਈਟ ਡਿਜੀਟਲ ਸਿਸਟਮ ਨਾਲ ਜੋੜ ਦਿੱਤਾ ਜਾਵੇਗਾ। ਇਸ ਦੇ ਵਿਰੋਧ ਵਿਚ ਅੱਜ ਲਾਡੋਵਾਲ ਟੋਲ ਪਲਾਜ਼ਾ 'ਤੇ ਰੋਸ ਰੈਲੀ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਵੱਲੋਂ ਅੱਜ ਤਕਰੀਬਨ ਸਾਢੇ 11 ਵਜੇ ਇਹ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ, ਜੋ ਦੁਪਹਿਰ 2 ਵਜੇ ਤਕ ਚੱਲੇਗਾ।

ਸੈੱਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਸੀਟੂ ਦੇ ਸੂਬਾਈ ਪ੍ਰਧਾਨ ਸਕੱਤਰ ਸਾਥੀ ਚੰਦਰ ਸ਼ੇਖਰ ਅਤੇ ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਸਿੰਘ ਲਾਡੀ ਅਤੇ ਸੂਬਾਈ ਜਨਰਲ ਸਕੱਤਰ ਸਾਥੀ ਸੁਖਜੀਤ ਸਿੰਘ ਸੰਧੂ ਮੁਤਾਬਕ ਇਸ ਫ਼ੈਸਲੇ ਨਾਲ ਦੇਸ਼ ਦੇ ਟੋਲ ਪਲਾਜ਼ਿਆਂ ਉੱਤੇ ਕੰਮ ਕਰਦੇ 10 ਲੱਖ ਸਕਿਲਡ ਵਰਕਰਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਜਾਵੇਗਾ, ਦੇਸ਼ ਦੀ ਸਮੁੱਚੀ ਸੜਕੀ ਆਵਾਜਾਈ ਉੱਤੇ ਦੇਸ਼ ਦੇ ਚੋਣਵੇਂ ਕਾਰੋਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ ਅਤੇ ਦੇਸ਼ ਦੀ ਵਿਸ਼ਾਲ ਗਿਣਤੀ ਟੋਲ ਫਰੀ, ਅਤੇ ਰਿਆਇਤੀ ਟੋਲ ਪਾਸ ਵਾਲਿਆਂ ਉੱਤੇ ਅਰਬਾਂ ਰੁਪਏ ਦਾ ਨਵਾਂ ਭਾਰ ਪਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਹਰ ਟੋਲ ਪਲਾਜ਼ੇ ਦੇ ਘੇਰੇ ਵਿੱਚ ਆਉਂਦੇ ਨੇੜੇ ਦੇ ਪਿੰਡਾਂ ਅਤੇ ਕਸਬਿਆਂ ਦੇ ਵਾਹਨ ਚਾਲਕਾਂ ਦੇ ਵਾਹਨ ਫਰੀ ਹਨ ਅਤੇ ਇਸੇ ਤਰ੍ਹਾਂ 4 ਦਰਜਨ ਤੋਂ ਵਧੇਰੇ ਤਰਾਂ ਦੀਆਂ ਵਾਹਨ ਸੇਵਾਵਾਂ ਦੇ ਚਾਲਕਾਂ ਅਤੇ ਮਾਲਕਾਂ ਨੂੰ ਟੋਲ ਫ੍ਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਸੈਟੇਲਾਈਟ ਸਿਸਟਮ ਨਾਲ ਇਹ ਸਾਰੇ ਵਾਹਨ ਵੀ ਆਟੋਮੈਟਿਕ ਟੋਲ ਫੀਸ ਦੇ ਘੇਰੇ ਵਿਚ ਲੈ ਲਏ ਜਾਣਗੇ। ਕਿਸੇ ਤਰ੍ਹਾਂ ਦਾ ਵੀ ਵਾਹਨ ਜਿਨੇਂ ਕਿਲੋਮੀਟਰ ਸੜਕ ਦੀ ਵਰਤੋਂ ਕਰੇਗਾ ਸੈਟੇਲਾਈਟ ਸਿਸਟਮ ਨਾਲ ਵਾਹਨ ਮਾਲਕ ਦੇ ਬੈਂਕ ਖਾਤੇ ਵਿੱਚੋਂ ਪੈਸੇ ਕੱਟ ਲਏ ਜਾਣਗੇ।
ਆਗੂਆਂ ਨੇ ਅੱਗੇ ਸਪਸ਼ਟ ਕੀਤਾ ਕਿ ਇਹ ਸਿਸਟਮ ਟੋਲ ਪਲਾਜ਼ਾ ਕੰਪਨੀਆਂ ਦੇ ਚੋਣਵੇਂ ਕਾਰਪੋਰੇਟ ਘਰਾਣਿਆਂ ਨੂੰ ਅਰਬਾਂ ਖਰਬਾਂ ਦੀ ਪੂੰਜੀ ਇਕੱਠੀ ਕਰਕੇ ਦੇਵੇਗਾ ਜਦ ਕਿ ਵਾਹਨਾਂ ਦੇ ਮਾਲਕਾਂ ਅਤੇ ਚਾਲਕਾਂ ਨੂੰ ਵਿੱਤੀ ਭਾਰ ਝੱਲਣ ਲਈ ਮਜਬੂਰ ਕਰੇਗਾ। ਇਸ ਤਰ੍ਹਾਂ ਕਰਨ ਨਾਲ ਸਰਕਾਰ ਸਸਤਾ ਅਤੇ ਸੁਗਮ ਟਰਾਂਸਪੋਰਟ ਦਾ ਬੁਨਿਆਦੀ ਢਾਂਚਾ ਮੁੱਹਈਆ ਕਰਵਾਉਣ ਦੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੀ ਹੈ। ਸੀਟੂ ਅਤੇ ਯੂਨੀਅਨ ਦੇ ਆਗੂਆਂ ਨੇ ਦੂਜੀਆਂ ਟਰੇਡ ਯੂਨੀਅਨਾਂ ਦੇ ਸਾਥੀਆਂ ਅਤੇ ਸਮੁੱਚੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨ।
