ਪਾਵਰਕਾਮ ਦਾ ਵੱਡਾ ਐਕਸ਼ਨ, 21 ਮੀਟਰ ਰੀਡਰਾਂ ਦੀਆਂ ਸੇਵਾਵਾਂ ਕੀਤੀਆਂ ਖ਼ਤਮ
Saturday, Dec 13, 2025 - 09:08 AM (IST)
ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੈਂਟਰਲ ਜ਼ੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਘਪਲੇਬਾਜ਼ ਮੁਲਾਜ਼ਮਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਲੁਧਿਆਣਾ ਸ਼ਹਿਰ ਵਿਚ ਪਾਵਰਕਾਮ ਦੀਆਂ 9 ਵੱਖ-ਵੱਖ ਡਵੀਜ਼ਨਾਂ ਵਿਚ ਤਾਇਨਾਤ 21 ਮੀਟਰ ਰੀਡਰਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਵਿਭਾਗ ਵਲੋਂ ਟੀ. ਡੀ. ਐੱਸ. ਕੰਪਨੀ ਨਾਲ ਸਬੰਧਤ ਮੀਟਰ ਰੀਡਰਾਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ, ਜਿਸ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਟੇਟ ਡਵੀਜ਼ਨ, ਸੀ. ਐੱਸ. ਸੀ., ਫੋਕਲ ਪੁਆਇੰਟ, ਸਿਟੀ ਸੈਂਟਰ, ਸਿਟੀ ਵੈਸਟ, ਮਾਡਲ ਟਾਊਨ ਅਤੇ ਅਗਰ ਨਗਰ ਡਵੀਜ਼ਨ ਦੇ ਅੰਕੜੇ ਹਾਲ ਦੀ ਘੜੀ ਸਾਹਮਣੇ ਆਏ ਹਨ ਅਤੇ ਆਉਣ ਵਾਲੇ ਸਮੇਂ ’ਚ ਇਹ ਅੰਕੜਾ ਹੋਰ ਵੀ ਵਧ ਸਕਦਾ ਹੈ।
ਇਹ ਵੀ ਪੜ੍ਹੋ : Punjab ਦੇ ਇਨਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut
ਇਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਇਕ ਅੰਦਾਜ਼ੇ ਮੁਤਾਬਕ ਲੁਧਿਆਣਾ ਜ਼ਿਲੇ ਵਿਚ 40 ਦੇ ਕਰੀਬ ਮੀਟਰ ਰੀਡਰਾਂ ਵਲੋਂ ਬਿਜਲੀ ਮੀਟਰਾਂ ਦੀ ਰੀਡਿੰਗ ਦੌਰਾਨ ਖਪਤਕਾਰਾਂ ਨਾਲ ਸੈਟਿੰਗ ਕਰ ਕੇ ਉਨ੍ਹਾਂ ਵਲੋਂ ਵਰਤੋਂ ਕੀਤੇ ਗਏ ਬਿਜਲੀ ਦੇ ਯੂਨਿਟਾਂ ਨੂੰ ਘੱਟ ਦਿਖਾ ਕੇ ਖਪਤਕਾਰਾਂ ਨੂੰ ਜ਼ੀਰੋ ਬਿੱਲ ਜਾਰੀ ਕੀਤਾ ਗਿਆ ਹੈ, ਜਿਸ ਵਿਚ ਮੁਲਾਜ਼ਮਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਾਰੇ ਨਿਯਮਾਂ ਅਤੇ ਸ਼ਰਤਾਂ ਨੂੰ ਛਿੱਕੇ ਟੰਗਦੇ ਹੋਏ ਓ. ਸੀ. ਆਰ. ਸਕੈਨਿੰਗ ਐਪ ਤੋਂ ਬਿੱਲ ਬਣਾਉਣ ਦੀ ਬਜਾਏ ਸਾਫਟਵੇਅਰ ਦੇ ਨਾਲ ਛੇੜਛਾੜ ਕਰ ਕੇ ਬਿਜਲੀ ਦੇ ਮੈਨੁਅਲ ਬਿੱਲ ਬਣਾਏ ਹਨ। ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ, ਡਿਪਟੀ ਚੀਫ ਇੰਜੀਨੀਅਰ ਈਸਟ ਸੁਰਜੀਤ ਸਿੰਘ ਅਤੇ ਡਿਪਟੀ ਚੀਫ ਇੰਜੀਨੀਅਰ ਵੈਸਟ ਕੁਲਵਿੰਦਰ ਸਿੰਘ ਨੇ ਸਾਫ ਕੀਤਾ ਹੈ ਕਿ ਵਿਭਾਗ ਦਾ ਅਕਸ ਖਰਾਬ ਕਰਨ ਵਾਲੇ ਕਿਸੇ ਵੀ ਮੀਟਰ ਰੀਡਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਮਾਮਲੇ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੇ ਜਾਣਗੇ।
