ਗਾਂਧੀ ਨਗਰ ਮਾਰਕੀਟ ’ਚ ਚੋਰੀਆਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, 2 ਆਈ ਫੋਨ ਤੇ ਹੋਰ ਸਾਮਾਨ ਬਰਾਮਦ
Saturday, Dec 20, 2025 - 10:05 AM (IST)
ਲੁਧਿਆਣਾ (ਰਾਜ) : ਕੁਝ ਦਿਨਾਂ ਤੋਂ ਗਾਂਧੀ ਨਗਰ ਮਾਰਕੀਟ ’ਚ ਚੋਰੀਆਂ ਕਰ ਕੇ ਨੱਕ ਵਿਚ ਦਮ ਕਰਨ ਵਾਲੇ ਗਿਰੋਹ ਦਾ ਪੁਲਸ ਨੇ ਭਾਂਡਾ ਭੰਨ ਦਿੱਤਾ ਹੈ। ਗਿਰੋਹ ਦੇ ਤਿੰਨੋਂ ਮੁਲਜ਼ਮ ਨੌਜਵਾਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਤੋਂ ਦੁਕਾਨ ਤੋਂ ਚੋਰੀ ਹੋਏ 2 ਆਈ ਫੋਨ ਮਿਲੇ ਹਨ, ਜਦਕਿ ਕੈਸ਼ ਅਤੇ ਹੋਰ ਸਾਮਾਨ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਵਿਚ ਮੁੱਖ ਮੁਲਜ਼ਮ ਪ੍ਰਿੰਸ ਸੋਨੀ ਉਰਫ ਗੋਰਾ ਹੈ, ਜੋ ਕਿ ਹੈਬੋਵਾਲ ਦੇ ਨਵੀਨ ਨਗਰ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਉਸ ਦੇ ਸਾਥੀ ਚੰਦਰ ਅਤੇ ਪਾਂਡੇ ਨਿਪਾਲੀ ਹਨ, ਜਿਨ੍ਹਾਂ ਨੂੰ ਪੁਲਸ ਨੇ ਬਾਅਦ ਵਿਚ ਕਾਬੂ ਕੀਤਾ। ਹੁਣ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਡਵੀਜ਼ਨ ਨੰ. 4 ਦੇ ਐੱਸ. ਐੱਚ. ਓ. ਇੰਸ. ਗੁਰਜੀਤ ਸਿੰਘ ਨੇ ਦੱਸਿਆ ਕਿ ਗਾਂਧੀ ਨਗਰ ਮਾਰਕੀਟ ਪੰਜਾਬ ਦੀ ਸਭ ਤੋਂ ਵੱਡੀ ਕੱਪੜਾ ਹੋਲਸੇਲ ਮਾਰਕੀਟ ਹੈ, ਜਿਥੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਦੁਕਾਨਾਂ ਵਿਚ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਮੁੱਢਲੀ ਜਾਂਚ ’ਚ ਪੁਲਸ ਦੇ ਹੱਥ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਲੱਗੀ ਸੀ ਪਰ ਫੁਟੇਜ ਵਿਚ ਮੁਲਜ਼ਮਾਂ ਨੇ ਚਿਹਰਿਆਂ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ, ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਇਸ ਤੋਂ ਬਾਅਦ ਉਨ੍ਹਾਂ ਦੀ ਪੁਲਸ ਪਾਰਟੀ ਨੇ ਜਾਂਚ ਅੱਗੇ ਵਧਾਈ ਅਤੇ ਇਨਵੈਸਟੀਗੇਸ਼ਨ ’ਚ ਮੁਲਜ਼ਮ ਪ੍ਰਿੰਸ ਸੋਨੀ ਦਾ ਨਾਂ ਸਾਹਮਣੇ ਆਇਆ।
ਇਹ ਵੀ ਪੜ੍ਹੋ : ਇਨ੍ਹਾਂ 9 ਵੱਡੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ... ਸੂਬੇ 'ਚ ਦਹਿਸ਼ਤ ਦਾ ਮਾਹੌਲ
ਪੁਲਸ ਨੇ ਟ੍ਰੈਪ ਲਗਾ ਕੇ ਸਭ ਤੋਂ ਪਹਿਲਾਂ ਮੁਲਜ਼ਮ ਪ੍ਰਿੰਸ ਨੂੰ ਦਬੋਚ ਲਿਆ। ਉਸ ਕੋਲੋਂ ਦੁਕਾਨ ਤੋਂ ਚੋਰੀ ਹੋਏ 2 ਆਈ.ਫੋਨ ਬਰਾਮਦ ਹੋ ਗਏ। ਉਸ ਤੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਚੋਰੀ ਆਪਣੇ 2 ਸਾਥੀਆਂ ਚੰਦਰ ਅਤੇ ਪਾਂਡੇ ਨੇਪਾਲੀ ਨਾਲ ਮਿਲ ਕੇ ਕਰਦਾ ਸੀ। ਬਾਕੀ 2 ਮੁਲਜ਼ਮਾਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਦੇਰ ਸ਼ਾਮ ਬਾਕੀ 2 ਮੁਲਜ਼ਮਾਂ ਨੂੰ ਵੀ ਫੜ ਲਿਆ। ਐੱਸ. ਐੱਚ. ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ ਸੋਨੀ ਆਦਤਨ ਅਪਰਾਧੀ ਹੈ। ਉਸ ਦੇ ਖਿਲਾਫ ਚੋਰੀ ਦੇ ਥਾਣਾ ਹੈਬੋਵਾਲ ’ਚ 4 ਕੇਸ ਦਰਜ ਹਨ। ਜ਼ਮਾਨਤ ’ਤੇ ਜੇਲੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣੇ 2 ਹੋਰਨਾਂ ਸਾਥੀਆਂ ਦੇ ਨਾਲ ਮਿਲ ਕੇ ਗਾਂਧੀ ਨਗਰ ਮਾਰਕੀਟ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਐੱਸ. ਐੱਚ. ਓ. ਗੁਰਜੀਤ ਸਿੰਘ ਨੇ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਮਾਰਕੀਟ ਦੇ ਕਈ ਦੁਕਾਨਦਾਰ ਰਾਤ ਨੂੰ ਸੀ. ਸੀ. ਟੀ. ਵੀ. ਕੈਮਰੇ ਬੰਦ ਕਰ ਕੇ ਚਲੇ ਜਾਂਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਰਾਤ ਨੂੰ ਵੀ ਸੀ. ਸੀ. ਟੀ. ਵੀ. ਕੈਮਰੇ ਚਲਦੇ ਰਹਿਣ ਦੇਣ, ਤਾਂ ਕਿ ਉਹ ਵੀ ਦੁਕਾਨ ’ਤੇ ਨਜ਼ਰ ਰੱਖ ਸਕਣ ਅਤੇ ਵਾਰਦਾਤ ਤੋਂ ਬਾਅਦ ਉਸ ਨੂੰ ਹੱਲ ਕਰਨ ਵਿਚ ਪੁਲਸ ਨੂੰ ਵੀ ਮਦਦ ਮਿਲ ਸਕੇ।
