ਇਕੱਲੀ ਕੁੜੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਵਾਲੇ 5 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ

Monday, Dec 08, 2025 - 06:47 PM (IST)

ਇਕੱਲੀ ਕੁੜੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਵਾਲੇ 5 ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ

ਲੁਧਿਆਣਾ (ਅਨਿਲ): ਥਾਣਾ ਮੇਹਰਬਾਨ ਦੀ ਪੁਲਸ ਨੇ ਇਕ ਲੜਕੀ ਨਾਲ ਕੁੱਟਮਾਰ ਕਰਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪੰਜ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਥਾਣੇਦਾਰ ਰਾਜੀਵ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਜਗੀਰਪੁਰ ਰੋਡ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਦੇ ਹੀ ਮੁਹੱਲੇ ’ਚ ਰਹਿਣ ਵਾਲੇ ਉਸ ਦੀ ਸਹੇਲੀ ਦੀ ਮਾਤਾ ਪੂਜਾ ਨੇ ਉਸ ਨੂੰ 2 ਦਸੰਬਰ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ ਤੇ ਜਦ ਪੀੜਤ ਲੜਕੀ ਆਪਣੀ ਸਹੇਲੀ ਘਰ ਪੁੱਜੀ ਤਾਂ ਉਥੇ ਉਸ ਦੀ ਸਹੇਲੀ ਦੇ ਪਿਤਾ ਕਮਲਜੀਤ ਦਦਰਾਲ, ਮਾਤਾ ਪੂਜਾ, ਜੈਸਮੀਨ ਦਾ ਤਾਇਆ ਰਾਜੂ ਦਦਰਾਲ ਉਸ ਦਾ ਲੜਕਾ ਦਾਰਾ ਦਦਰਾਲ ਤੇ ਇਕ ਹੋਰ ਨੌਜਵਾਨ ਘਰ ’ਚ ਬੈਠੇ ਹੋਏ ਸਨ।

ਇਸ ਦੇ ਬਾਅਦ ਉਕਤ ਲੋਕਾਂ ਵੱਲੋਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਕੁੱਟਮਾਰ ਕਰਨ ਤੋਂ ਬਾਅਦ ਉਕਤ ਲੋਕਾਂ ਵਲੋਂ ਉਸ ਨਾਲ ਜਬਰ ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੋਬਾਈਲ ਫੋਨ ’ਚ ਉਸਦੀ ਵੀਡੀਓ ਬਣਾ ਲਈ ਗਈ। ਇਸ ਦੇ ਬਾਅਦ ਉਹ ਉਕਤ ਲੋਕਾਂ ਤੋਂ ਬਚ ਕੇ ਉਥੋਂ ਬਾਹਰ ਨਿਕਲੀ ਤੇ ਆਪਣੇ ਘਰ ਜਾ ਕੇ ਸਾਰੀ ਗੱਲ ਦਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤ ਲੜਕੀ ਅਨੁਸਾਰ ਉਸ ਦੀ ਸਹੇਲੀ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਪੀੜਤ ਲੜਕੀ ਨੇ ਵਿਗਾੜਿਆ ਹੋਇਆ ਹੈ ਤੇ ਉਸ ਦੀ ਦੋਸਤੀ ਕਿਸੇ ਅੰਕੁਰ ਨਾਮ ਦੇ ਲੜਕੇ ਨਾਲ ਕਰਵਾਈ ਸੀ ਜਿਸ ਦੀ ਰੰਜਿਸ਼ ਕਰਕੇ ਉਕਤ ਲੋਕਾਂ ਵਲੋਂ ਉਸ ਦੇ ਨਾਲ ਕੁੱਟਮਾਰ ਕਰ ਕੇ ਜਬਰ ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਵਲੋਂ ਉਕਤ ਮਾਮਲੇ ਦੀ ਜਾਂਚ ਕੀਤੀ ਗਈ ਤੇ ਜਾਂਚ ਤੋਂ ਬਾਅਦ ਮੁਲਜ਼ਮ ਰਾਜੂ ਦਦਰਾਲ, ਦਾਰਾ ਦਦਰਾਲ, ਪੂਜਾ ਕਮਲਜੀਤ ਦਦਰਾਲ, ਵਾਸੀ ਜਗੀਰਪੁਰ ਰੋਡ ਅਤੇ ਇਕ ਅਣਪਛਾਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਤੱਕ ਉਕਤ ਮਾਮਲੇ ’ਚ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


author

Anmol Tagra

Content Editor

Related News