ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਸਿੱਖਿਆ ਤੇ ਸੱਭਿਆਚਾਰ ਦਾ ਧੁਰਾ ਬਣ ਕੇ ਉੱਭਰੀ

Monday, Jun 11, 2018 - 12:18 PM (IST)

ਚੰਡੀਗੜ੍ਹ,  (ਬਿਊਰੋ)-  ਜਲੰਧਰ ਨੇੜੇ ਕਰਤਾਰਪੁਰ ਵਿਖੇ 'ਜੰਗ-ਏ-ਆਜ਼ਾਦੀ' ਯਾਦਗਾਰ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਬੇਮਿਸਾਲ ਕੁਰਬਾਨੀਆਂ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਲਈ ਇਕ ਢੁੱਕਵੀਂ ਸ਼ਰਧਾਂਜਲੀ ਵਜੋਂ ਚਿਤਵੀ ਗਈ ਸੀ। ਇਹ ਯਾਦਗਾਰ ਨਾ ਸਿਰਫ਼ ਪੰਜਾਬ ਦੇ ਸੱਭਿਆਚਾਰਕ ਅਤੇ ਸਿੱਖਿਆਤਮਕ ਧੁਰੇ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਸ਼ਾਨਦਾਰ, ਇਤਿਹਾਸਿਕ ਅਤੇ ਸੱਭਿਆਚਾਰਕ ਪਿਛੋਕੜ ਬਾਰੇ ਵੀ ਬਾਖੂਬੀ ਜਾਗਰੂਕ ਕਰ ਰਹੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਯਾਦਗਾਰ ਦੇ ਦੋ ਪੜਾਅ ਲੋਕ-ਅਰਪਣ ਕੀਤੇ ਜਾ ਚੁੱਕੇ ਹਨ ਅਤੇ ਦੂਜੇ ਪੜਾਅ ਦਾ ਉਦਘਾਟਨ ਮਾਰਚ 2018 'ਚ ਕੀਤਾ ਗਿਆ ਸੀ। ਇਹ ਯਾਦਗਾਰ ਕੁਝ ਕੁ ਮਹੀਨਿਆਂ 'ਚ ਹੀ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਕੇ ਉੱਭਰੀ ਹੈ ਅਤੇ ਇੰਨੇ ਥੋੜ੍ਹੇ ਸਮੇਂ 'ਚ ਹੀ ਇਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 3,50,000 ਤੋਂ ਟੱਪ ਚੁੱਕੀ ਹੈ।
ਬੁਲਾਰੇ ਨੇ ਦੱਸਿਆ ਕਿ ਜਿਵੇਂ ਹੀ ਸੈਲਾਨੀ ਇਸ ਯਾਦਗਾਰ ਦੇ ਅੰਦਰ ਦਾਖ਼ਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਇੰਝ ਲੱਗਦਾ ਹੈ, ਜਿਵੇਂ ਉਹ ਬੀਤੇ ਯੁੱਗ ਵਿਚ ਆ ਗਏ ਹੋਣ। ਪ੍ਰਵੇਸ਼ ਦੁਆਰ ਉੱਤੇ ਹੀ ਇਸ ਯਾਦਗਾਰ ਦਾ ਇਕ ਮਾਡਲ ਰੱਖਿਆ ਗਿਆ ਹੈ, ਜੋ ਇਸ ਸਥਾਨ ਬਾਰੇ ਸੈਲਾਨੀਆਂ ਨੂੰ ਪੰਛੀ ਝਾਤ ਪਾਉਂਦਾ ਹੈ। ਇਸ ਤੋਂ ਇਲਾਵਾ ਇਸ ਸਥਾਨ ਉੱਤੇ ਆਜ਼ਾਦੀ ਅੰਦੋਲਨ ਦੀਆਂ ਉੱਘੀਆਂ ਹਸਤੀਆਂ ਦੀਆਂ ਤਸਵੀਰਾਂ ਕਲਾਤਮਕ ਢੰਗ ਨਾਲ ਚਿੱਤਰਿਤ ਕੀਤੀਆਂ ਗਈਆਂ ਹਨ। ਫਿਰ ਇਸ ਤੋਂ ਬਾਅਦ ਇਕ ਮੀਨਾਰ ਆਉਂਦਾ ਹੈ, ਜਿਥੇ ਆਜ਼ਾਦੀ ਦੀ ਲੜਾਈ ਵਿਚ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦ ਵਿਚ ਇਕ ਨਾ ਬੁਝਣ ਵਾਲੀ ਜੋਤ ਜਗਾਈ ਗਈ ਹੈ। ਇਸ ਤੋਂ ਬਾਅਦ ਗੈਲਰੀਆਂ ਆਉਂਦੀਆਂ ਹਨ, ਜਿਥੇ ਕਿ 3ਡੀ ਤਕਨੀਕ ਰਾਹੀਂ ਇਕ 15 ਮਿੰਟ ਦੀ ਐਨੀਮੇਸ਼ਨ ਫ਼ਿਲਮ ਦਿਖਾਈ ਜਾਂਦੀ ਹੈ, ਜਿਸ 'ਚ ਦੇਸ਼ ਦੀ ਆਜ਼ਾਦੀ ਦੇ ਵੱਖੋ-ਵੱਖ ਪੜਾਵਾਂ ਦੌਰਾਨ ਪੰਜਾਬ ਵੱਲੋਂ ਪਾਏ ਗਏ ਇਤਿਹਾਸਿਕ ਯੋਗਦਾਨ ਨੂੰ ਬਾਖੂਬੀ ਦਿਖਾਇਆ ਗਿਆ ਹੈ। ਇੰਨਾ ਹੀ ਨਹੀਂ ਸਗੋਂ ਇਸ ਸਥਾਨ ਉੱਤੇ ਆਜ਼ਾਦੀ ਸੰਘਰਸ਼ ਦੌਰਾਨ ਵਾਪਰਨ ਵਾਲੀਆਂ ਮਹੱਤਵਪੂਰਨ ਘਟਨਾਵਾਂ ਨੂੰ ਕਲਾ ਚਿੱਤਰਾਂ ਰਾਹੀਂ ਕ੍ਰਮਵਾਰ ਲੜੀ ਵਿਚ ਸੁਚੱਜੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।
ਇਸ ਤੋਂ ਮਗਰੋਂ ਸੈਲਾਨੀਆਂ ਦੀ ਨਜ਼ਰ ਇਕ ਯਾਦਗਾਰੀ ਸਥਾਨ ਉੱਤੇ ਪੈਂਦੀ ਹੈ, ਜਿਸ ਨੂੰ 4 ਫੁੱਲਾਂ ਦੀਆਂ ਪੰਖੜੀਆਂ ਦੇ ਰੂਪ ਵਿਚ ਦਰਸਾਇਆ ਗਿਆ ਹੈ ਅਤੇ ਇਸ ਦੀ ਬਨਾਵਟ ਲਈ ਪ੍ਰੇਰਨਾ ਪੰਜਾਬ ਦੀ ਫੁੱਲਕਾਰੀ ਕਲਾ ਤੋਂ ਲਈ ਗਈ ਹੈ। ਇਸ ਦਾ ਮਕਸਦ ਆਜ਼ਾਦੀ ਦੇ ਪਰਵਾਨਿਆਂ ਦੀ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਹੈ। ਇਸ ਤੋਂ ਇਲਾਵਾ ਭਾਰਤੀ ਫ਼ਿਲਮ ਜਗਤ ਦੇ ਸਿਰਮੌਰ ਫ਼ਿਲਮਕਾਰ ਸ਼ਿਆਮ ਬੈਨੇਗਲ ਵਲੋਂ ਨਿਰਦੇਸ਼ਿਤ ਆਜ਼ਾਦੀ ਦੇ ਅੰਦੋਲਨ 'ਚ ਪੰਜਾਬ ਦੀ ਮੋਹਰੀ ਭੂਮਿਕਾ ਤੇ ਕੁਰਬਾਨੀ ਨੂੰ ਰੂਪਮਾਨ ਕਰਦੀ ਇਕ ਫ਼ਿਲਮ ਵੀ ਸਮੇਂ-ਸਮੇਂ 'ਤੇ ਵਿਖਾਈ ਜਾਂਦੀ ਹੈ ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਮਿਲ ਸਕੇ। ਇਸ ਤੋਂ ਇਲਾਵਾ ਇਸ ਸਥਾਨ 'ਤੇ ਸਮਾਜਿਕ ਤੇ ਸੱਭਿਆਚਾਰਕ ਸਮਾਗਮ ਕਰਾਉਣ ਲਈ ਇਕ ਥੀਏਟਰ ਵੀ ਬਣਿਆ ਹੋਇਆ ਹੈ ਅਤੇ 150 ਸੀਟਾਂ ਦੀ ਸਮਰੱਥਾ ਵਾਲਾ ਇਕ ਸੈਮੀਨਾਰ ਹਾਲ, ਇਕ ਲਾਇਬ੍ਰੇਰੀ, ਇਕ ਆਡੀਟੋਰੀਅਮ ਅਤੇ ਇਕ ਫੂਡ ਕੋਰਟ ਵੀ ਇਸ ਸਥਾਨ ਉੱਤੇ ਬਣਾਏ ਗਏ ਹਨ। ਇਸ ਯਾਦਗਾਰ ਦਾ ਇਕ ਬੇਹੱਦ ਅਹਿਮ ਪੱਖ 45 ਮਿੰਟ ਦਾ ਇਕ ਲੇਜ਼ਰ ਸ਼ੋਅ ਹੈ, ਜੋ ਆਜ਼ਾਦੀ ਦੇ ਸੰਘਰਸ਼ ਅਤੇ ਫਿਰ ਦੇਸ਼ ਦੀ ਵੰਡ ਦੌਰਾਨ ਹੋਈਆਂ ਘਟਨਾਵਾਂ ਨੂੰ ਲੇਜ਼ਰ, 3ਡੀ ਪ੍ਰੋਜੈਕਸ਼ਨ ਅਤੇ ਵਾਟਰ ਕਰਟਨ ਪ੍ਰੋਜੈਕਸ਼ਨ ਤਕਨੀਕ ਰਾਹੀਂ ਦਰਸਾਉਂਦਾ ਹੈ। ਇਸੇ ਸਥਾਨ 'ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਪ੍ਰਤੀ ਯੋਗਦਾਨ ਨੂੰ ਵੀ ਬੜੇ ਬਾਖੂਬੀ ਢੰਗ ਨਾਲ ਦਿਖਾਇਆ ਜਾਂਦਾ ਹੈ।


Related News