ਪਠਾਨਕੋਟ ''ਚ ਨਸ਼ਿਆਂ ਖ਼ਿਲਾਫ਼ ਜੰਗ, ਡੀ.ਏ.ਵੀ. ਸਕੂਲ ਤੋਂ ਮਿਸ਼ਨ ਚੌਕ ਤੱਕ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼

Saturday, Apr 18, 2026 - 03:02 AM (IST)

ਪਠਾਨਕੋਟ ''ਚ ਨਸ਼ਿਆਂ ਖ਼ਿਲਾਫ਼ ਜੰਗ, ਡੀ.ਏ.ਵੀ. ਸਕੂਲ ਤੋਂ ਮਿਸ਼ਨ ਚੌਕ ਤੱਕ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਜ਼ਿਲ੍ਹਾ ਪਠਾਨਕੋਟ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣ ਲਈ ਇੱਕ ਵਿਸ਼ਾਲ ਪੈਦਲ ਯਾਤਰਾ ਕੱਢੀ ਗਈ। ਇਹ ਯਾਤਰਾ ਡੀ. ਏ. ਵੀ. ਪਬਲਿਕ ਸਕੂਲ ਤੋਂ ਸ਼ੁਰੂ ਹੋ ਕੇ ਸ਼ਨੀਦੇਵ ਮੰਦਰ-ਏਪੀਕੇ ਰੋਡ-ਰਾਮਲੀਲਾ ਗਰਾਊਂਡ-ਮਿਸ਼ਨ ਚੌਕ ਰਾਹੀਂ ਗੁਜ਼ਰਦੀ ਹੋਈ ਸਲੈਕਟ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਠਾਨਕੋਟ ਵਿਖੇ ਸਮਾਪਤ ਹੋਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਸਕੱਤਰ ਪੰਜਾਬ ਰਾਜਪਾਲ, ਸ਼ਿਵ ਦੁਲਾਰ ਸਿੰਘ ਢਿੱਲੋਂ ਸਕੱਤਰ ਰੈੱਡ ਕ੍ਰਾਸ ਪੰਜਾਬ, ਡਾ. ਪੱਲਵੀ ਡਿਪਟੀ ਕਮਿਸ਼ਨਰ ਪਠਾਨਕੋਟ, ਅਸ਼ਵਨੀ ਸ਼ਰਮਾ ਵਿਧਾਇਕ ਪਠਾਨਕੋਟ, ਸਾਬਕਾ ਮੇਅਰ ਅਨਿਲ ਵਾਸੂ ਦੇਵਾ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਕੁਮਾਰ, ਸਾਬਕਾ ਸਪੀਕਰ ਦਿਨੇਸ਼ ਸਿੰਘ ਬੱਬੂ, ਸੀਮਾ ਕੁਮਾਰੀ ਸਾਬਕਾ ਵਿਧਾਇਕ, ਦਲਜਿੰਦਰ ਸਿੰਘ ਢਿੱਲੋਂ ਐਸਐਸਪੀ ਪਠਾਨਕੋਟ, ਅਰਸ਼ਦੀਪ ਸਿੰਘ ਐੱਸਡੀਐੱਮ ਪਠਾਨਕੋਟ ਅਤੇ ਹੋਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਸ਼ਹਿਰ ਵਾਸੀ ਵੀ ਹਾਜ਼ਰ ਸਨ।

PunjabKesari

ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀਆਂ, ਵਿਦਿਆਰਥੀਆਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਨਸ਼ਾ ਮੁਕਤ ਸਮਾਜ ਬਣਾਉਣ ਦਾ ਸੰਦੇਸ਼ ਦਿੱਤਾ। ਉਹਨਾਂ ਵੱਲੋਂ ਵੱਖ-ਵੱਖ ਚੌਕਾਂ ਵਿੱਚ ਫੁੱਲਾਂ ਦੀ ਵਰਖਾ ਕਰਕੇ ਅਤੇ ਯਾਦਗਾਰ ਜਿਨਾਂ ਦੇ ਨਾਲ ਦੁਸ਼ਾਲੇ ਭੇਟ ਕਰਕੇ ਮਾਣਯੋਗ ਰਾਜਪਾਲ ਪੰਜਾਬ ਦੇ ਉਪਰਾਲੇ ਦਾ ਸਮਰਥਨ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਨੇ ਕਿਹਾ ਕਿ ਨਸ਼ਾ ਸਿਰਫ ਇੱਕ ਵਿਅਕਤੀ ਨੂੰ ਹੀ ਨਹੀਂ ਬਲਕਿ ਪੂਰੇ ਪਰਿਵਾਰ ਅਤੇ ਸਮਾਜ ਨੂੰ ਬਰਬਾਦ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਸਰਕਾਰ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਸ਼ੁਰੂ ਤੋਂ ਹੀ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੀ ਨਸ਼ੇ ਨਾਲ ਸੰਬੰਧਿਤ ਗਤੀਵਿਧੀ ਦੇਖਣ ‘ਤੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕਰਨ। ਇਸ ਪੈਦਲ ਯਾਤਰਾ ਦਾ ਮੁੱਖ ਉਦੇਸ਼ ਸਮਾਜ ਵਿੱਚ ਨਸ਼ਿਆਂ ਖ਼ਿਲਾਫ ਇੱਕ ਮਜ਼ਬੂਤ ਸੰਦੇਸ਼ ਦੇਣਾ ਅਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ।

ਇਹ ਵੀ ਪੜ੍ਹੋ : ਟਰੱਕ ਡਰਾਈਵਰ ਨੇ ਸਹੇਲੀ ਦੇ ਨਵੇਂ ਆਸ਼ਿਕ ਨਾਲ ਸਬੰਧ ਬਣਨ ’ਤੇ ਪੱਟ 'ਚ ਮਾਰੀ ਗੋਲ਼ੀ
 
ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਨਸ਼ਿਆਂ ਖਿਲਾਫ ਜੋ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਸ ਅਧੀਨ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲਿਆਂ ਦੇ ਵਿੱਚ ਪੈਦਲ ਯਾਤਰਾਵਾਂ ਕੱਢ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹਾ ਪਠਾਨਕੋਟ ਵਿਖੇ ਵੀ ਇੱਕ ਪੈਦਲ ਯਾਤਰਾ ਕੱਢ ਕੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਆਓ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਕਰੀਏ। ਉਹਨਾਂ ਕਿਹਾ ਕਿ ਮੈਨੂੰ ਹੋਰ ਵੀ ਬੜੀ ਖੁਸ਼ੀ ਹੋਈ ਕਿ ਇਸ ਦੌਰੇ ਦੌਰਾਨ ਕੁਝ ਪਿੰਡਾਂ ਨੇ ਇਹ ਸਪਸ਼ਟ ਰੂਪ ਵਿੱਚ ਕਿਹਾ ਕਿ ਉਹਨਾਂ ਦਾ ਪਿੰਡ ਬਿਲਕੁਲ ਨਸ਼ਾ ਮੁਕਤ ਹੈ ਅਤੇ ਮੇਰਾ ਇੱਕ ਉਹਨਾਂ ਪਿੰਡਾਂ ਨੂੰ ਸੁਝਾਅ ਹੈ ਕਿ ਉਹ ਆਪਣੇ ਪਿੰਡਾਂ ਦੇ ਵਾਰ ਇਹ ਬੋਰਡ ਜ਼ਰੂਰ ਲਗਵਾਉਣ ਕਿ ਇਹ ਪਿੰਡ ਨਸ਼ਾ ਮੁਕਤ ਹੈ ਇਸ ਦੇ ਨਾਲ ਹੋਰਨਾਂ ਲੋਕਾਂ ਤੇ ਵੀ ਇਸ ਦਾ ਬਹੁਤ ਚੰਗਾ ਪ੍ਰਭਾਵ ਪਵੇਗਾ। ਉਹਨਾਂ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਉਹਨਾਂ ਵੱਲੋਂ ਵੀ.ਡੀ. ਸੀਜ ਦੇ ਲਈ ਕੁਝ ਫੰਡ ਵੀ ਜਾਰੀ ਕੀਤੇ ਹਨ। ਮੇਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਨਾਂ ਫੰਡਾਂ ਦੀ ਵਰਤੋਂ ਉਹਨਾਂ ਮੈਂਬਰ ਸਾਹਿਬਾਨਾਂ ਲਈ ਨਕਦ ਇਨਾਮ ਦੇ ਕੇ ਕੀਤੀ ਜਾਵੇ ਜਿਨਾਂ ਨੇ ਨਸ਼ੇ ਨੂੰ ਬੰਦ ਕਰਾਉਣ ਦੇ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿੰਦੇ ਹੋਏ ਅਹਿਮ ਕਦਮ ਚੁੱਕੇ ਤਾਂ ਜੋ ਉਹਨਾਂ ਦੀ ਇਸ ਕਾਰਗੁਜ਼ਾਰੀ ਪ੍ਰਭਾਵਿਤ ਹੋ ਕੇ ਹੋਰ ਵੀ ਨੌਜਵਾਨ ਅੱਗੇ ਆਉਣ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ। ਸਮਾਰੋਹ ਦੇ ਅੰਤ ਵਿੱਚ ਮਾਣਯੋਗ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ੇ ਦੇ ਵਿਰੁੱਧ ਇੱਕ ਸਹੁੰ ਵੀ ਚੁਕਾਈ ਗਈ ਜਿਸ ਵਿੱਚ ਸਾਰਿਆਂ ਨੇ ਇਹ ਭਰੋਸਾ ਦਿੱਤਾ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News