ਲੁਧਿਆਣਾ ਪੁਲਸ ਦਾ ਨਸ਼ਾ ਤਸਕਰਾਂ ''ਤੇ ਵੱਡਾ ਐਕਸ਼ਨ: 30 ਕੁਇੰਟਲ ''ਮੌਤ ਦਾ ਸਾਮਾਨ'' ਭੱਠੀ ''ਚ ਝੋਕ ਕੇ ਕੀਤਾ ਸੁਆਹ
Saturday, Apr 18, 2026 - 09:20 AM (IST)
ਲੁਧਿਆਣਾ (ਰਾਜ) : ਨਸ਼ਾ ਮੁਕਤ ਪੰਜਾਬ ਤੇ 'ਰੰਗਲਾ ਪੰਜਾਬ' ਦੇ ਮਿਸ਼ਨ ਨੂੰ ਹਕੀਕੀ ਰੂਪ ਦੇਣ ਲਈ ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਨਸ਼ਾ ਤਸਕਰਾਂ ਵਿਰੁੱਧ ਫੈਸਲਾਕੁੰਨ ਜੰਗ ਤੇਜ਼ ਕਰ ਦਿੱਤੀ ਹੈ। ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੀ ਗਈ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਨੂੰ ਭੱਠੀ ਵਿੱਚ ਸਾੜ ਕੇ ਨਸ਼ਟ ਕਰ ਦਿੱਤਾ ਹੈ। ਪਿਛਲੇ ਮਹਿਜ਼ ਦੋ ਹਫ਼ਤਿਆਂ ਦੌਰਾਨ ਪੁਲਸ ਵੱਲੋਂ ਲਗਭਗ 30 ਕੁਇੰਟਲ ਨਸ਼ੀਲੇ ਪਦਾਰਥਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਚੁੱਕਾ ਹੈ। ਇਸ ਪੂਰੀ ਕਾਰਵਾਈ ਨੂੰ ਅੰਜਾਮ ਦੇਣ ਲਈ ਡੀ.ਸੀ.ਪੀ. (ਇਨਵੈਸਟੀਗੇਸ਼ਨ) ਹਰਪਾਲ ਸਿੰਘ, ਏ.ਡੀ.ਸੀ.ਪੀ. ਅਮਨਦੀਪ ਸਿੰਘ ਬਰਾੜ ਅਤੇ ਏ.ਸੀ.ਪੀ. ਹਰਸ਼ਪ੍ਰੀਤ ਸਿੰਘ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਟਰੱਕ ਡਰਾਈਵਰ ਨੇ ਸਹੇਲੀ ਦੇ ਨਵੇਂ ਆਸ਼ਿਕ ਨਾਲ ਸਬੰਧ ਬਣਨ ’ਤੇ ਪੱਟ 'ਚ ਮਾਰੀ ਗੋਲ਼ੀ
ਅਧਿਕਾਰੀਆਂ ਦੀ ਨਿਗਰਾਨੀ ਹੇਠ 83 ਵੱਖ-ਵੱਖ ਅਪਰਾਧਿਕ ਮਾਮਲਿਆਂ ਨਾਲ ਸਬੰਧਤ ਡਰੱਗਜ਼ ਨੂੰ ਨਸ਼ਟ ਕੀਤਾ ਗਿਆ। ਇਸ ਖੇਪ ਵਿੱਚ 15 ਕੁਇੰਟਲ ਤੋਂ ਵੱਧ ਚੂਰਾ ਪੋਸਤ, ਭਾਰੀ ਮਾਤਰਾ ਵਿੱਚ ਹੈਰੋਇਨ, ਗਾਂਜਾ, ਸਿੰਥੈਟਿਕ ਡਰੱਗਜ਼ ਅਤੇ ਲੱਖਾਂ ਦੀ ਕੀਮਤ ਵਾਲੀਆਂ ਨਸ਼ੀਲੀਆਂ ਗੋਲੀਆਂ ਸ਼ਾਮਲ ਸਨ। ਇਸ ਤੋਂ ਇਲਾਵਾ 145 ਕਿਲੋਗ੍ਰਾਮ ਅਫ਼ੀਮ ਨੂੰ ਵੀ ਕਾਨੂੰਨੀ ਪ੍ਰਕਿਰਿਆ ਤਹਿਤ ਨਿਪਟਾਉਣ ਲਈ ਭੇਜਿਆ ਗਿਆ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਉਨ੍ਹਾਂ ਅਪਰਾਧੀਆਂ ਲਈ ਇੱਕ ਸਖ਼ਤ ਚੇਤਾਵਨੀ ਹੈ ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਹਨ। ਪਿਛਲੇ 15 ਦਿਨਾਂ ਵਿੱਚ 398 ਮਾਮਲਿਆਂ ਵਿੱਚ ਬਰਾਮਦ ਕੀਤੀ ਗਈ 22 ਕਿਲੋ ਹੈਰੋਇਨ ਅਤੇ ਹੋਰ ਨਸ਼ਿਆਂ ਨੂੰ ਨਸ਼ਟ ਕਰਕੇ ਤਸਕਰਾਂ ਦੀ ਸਪਲਾਈ ਚੇਨ ਤੋੜ ਦਿੱਤੀ ਗਈ ਹੈ।
