ਵਰ੍ਹਦੇ ਹਥਿਆਰਾਂ ਨਾਲ ਦ੍ਰਿੜ੍ਹ ਇਰਾਦਿਆਂ ਦੀ ਟੱਕਰ

Wednesday, Aug 21, 2019 - 07:11 PM (IST)

ਵਰ੍ਹਦੇ ਹਥਿਆਰਾਂ ਨਾਲ ਦ੍ਰਿੜ੍ਹ ਇਰਾਦਿਆਂ ਦੀ ਟੱਕਰ

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਦੇ ਹਾਲਾਤ ਦੇਖ ਕੇ ਕੋਈ ਵੀ ਵਿਅਕਤੀ ਇਹ ਸੋਚਣ ਲਈ ਮਜਬੂਰ ਹੋ ਸਕਦਾ ਹੈ ਕਿ ਆਖਰ ਖਤਰਿਆਂ ਭਰੇ ਮਾਹੌਲ ਵਿਚ ਇਹ ਲੋਕ ਆਪਣੀ ਜੀਵਨ-ਗੱਡੀ ਨੂੰ ਕਿਸ ਤਰ੍ਹਾਂ ਚਲਾਉਂਦੇ ਹੋਣਗੇ। ਅੱਜ ਦੇ ਅਤਿ-ਆਧੁਨਿਕ ਯੁੱਗ ਵਿਚ ਵੀ ਸਰਹੱਦੀ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਜਿਹੜੀਆਂ ਸਹੂਲਤਾਂ ਸਰਹੱਦਾਂ ਤੋਂ ਦੂਰ ਵੱੱਸਣ ਵਾਲੇ ਲੋਕ ਮਾਣ ਰਹੇ ਹਨ, ਉਨ੍ਹਾਂ ਦਾ ਪਰਛਾਵਾਂ ਵੀ ਇਨ੍ਹਾਂ ਪਿੰਡਾਂ 'ਚ ਨਹੀਂ ਪੁੱਜਦਾ। ਸਿਹਤ, ਸਿੱਖਿਆ, ਬਿਜਲੀ, ਸੰਚਾਰ, ਸੜਕਾਂ, ਪਾਣੀ, ਸੀਵਰੇਜ ਆਦਿ ਮਾਮਲਿਆਂ 'ਚ ਸਰਹੱਦੀ ਲੋਕ ਅੱਜ ਵੀ ਮੱਧ-ਯੁੱਗ 'ਚ ਜੀਅ ਰਹੇ ਹਨ। ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਹਜ਼ਾਰਾਂ ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ, ਜਿੱਥੇ ਜੀਵਨ-ਤੋਰ ਹਰ ਵੇਲੇ ਲਕਵੇ ਦੀ ਸ਼ਿਕਾਰ ਹੋਈ ਲੱਗਦੀ ਹੈ। ਇਸ ਤੋਂ ਵੱਡਾ ਸੰਤਾਪ ਅਤੇ ਸੰਕਟ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਦਾ ਹੈ। ਜੰਮੂ-ਕਸ਼ਮੀਰ ਦੇ ਲੋਕ ਇਹ ਗੋਲੀਬਾਰੀ ਥੋੜ੍ਹੇ-ਬਹੁਤੇ ਫਰਕ ਨਾਲ 1947 ਤੋਂ ਹੀ ਸਹਿਣ ਕਰਦੇ ਆ ਰਹੇ ਹਨ। ਕਾਰਗਿਲ ਦੀ ਜੰਗ ਤੋਂ ਬਾਅਦ ਤਾਂ ਪਾਕਿਸਤਾਨੀ ਸੈਨਿਕਾਂ ਵਲੋਂ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਕੀਤੀ ਜਾਣ ਲੱਗੀ ਸੀ, ਜਿਸ ਨੇ ਖਾਸ ਕਰਕੇ ਜੰਮੂ ਖੇਤਰ ਦੇ ਲੱਖਾਂ ਲੋਕ ਉਜਾੜ ਦਿੱਤੇ ਸਨ। ਆਪਣੇ ਘਰਾਂ 'ਚ ਹੱਸਦੇ-ਵੱਸਦੇ ਲੋਕ ਸ਼ਰਨਾਰਥੀ ਕੈਂਪਾਂ 'ਚ ਰੁਲਣ ਲਈ ਮਜਬੂਰ ਹੋ ਗਏ।

ਜੰਮੂ-ਕਸ਼ਮੀਰ 'ਚ ਆਰਟੀਕਲ 370 ਅਤੇ 35-ਏ ਦੇ ਸਬੰਧ 'ਚ ਭਾਰਤ ਦੀ ਮੋਦੀ ਸਰਕਾਰ ਵੱਲੋਂ ਕੀਤੇ ਗਏ ਫੈਸਲੇ ਤੋਂ ਬਾਅਦ ਪਾਕਿਸਤਾਨ ਫਿਰ ਬੌਖਲਾ ਗਿਆ ਹੈ। ਕੋਈ ਦਿਨ ਅਜਿਹਾ ਨਹੀਂ ਗੁਜ਼ਰਦਾ, ਜਦੋਂ ਭਾਰਤੀ ਨਾਗਰਿਕਾਂ ਨੂੰ ਗੋਲੀਆਂ ਦਾ ਨਿਸ਼ਾਨਾ ਨਾ ਬਣਾਇਆ ਜਾਂਦਾ ਹੋਵੇ। ਪਿੰਡਾਂ ਦੇ ਬੇਦੋਸ਼ੇ ਲੋਕ ਬਿਨਾਂ ਕਾਰਣ ਪਾਕਿਸਤਾਨ ਦੇ ਕਹਿਰ ਦਾ ਨਿਸ਼ਾਨਾ ਬਣ ਰਹੇ ਹਨ। ਇਸ ਦੇ ਬਾਵਜੂਦ ਲੋਕ ਆਪਣੇ ਘਰਾਂ, ਖੇਤਾਂ, ਕੰਮ-ਧੰਦਿਆਂ 'ਤੇ ਡਟੇ ਬੈਠੇ ਹਨ। ਮੌਤ ਉਗਲਦੇ ਹਥਿਆਰਾਂ ਦਾ ਮੁਕਾਬਲਾ ਉਹ ਆਪਣੇ ਦ੍ਰਿੜ੍ਹ ਇਰਾਦਿਆਂ ਨਾਲ ਕਰ ਰਹੇ ਹਨ। ਵੱਖ-ਵੱਖ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਸਰਹੱਦੀ ਪਰਿਵਾਰਾਂ ਦੀ ਮਦਦ ਲਈ ਬਹੁੜਨਾ ਸਰਕਾਰਾਂ ਦਾ ਫਰਜ਼ ਤਾਂ ਬਣਦਾ ਹੀ ਹੈ, ਦੇਸ਼ ਵਾਸੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਨ੍ਹਾਂ ਲੋਕਾਂ ਵੱਲ ਅਪਣੱਤ ਦਾ ਹੱਥ ਵਧਾਉਣਾ ਚਾਹੀਦਾ ਹੈ। ਇਸ ਭਾਵਨਾ ਨੂੰ ਸਮਝਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਸਰਹੱਦੀ ਪਰਿਵਾਰਾਂ ਵੱਲ ਸੇਵਾ-ਸਹਾਇਤਾ ਵਾਲਾ ਹੱਥ ਅਕਤੂਬਰ 1999 ਤੋਂ ਵਧਾਇਆ ਗਿਆ ਅਤੇ ਹੁਣ ਤੱਕ ਸੈਂਕੜੇ ਟਰੱਕਾਂ ਦੀ ਰਾਹਤ ਸਮੱਗਰੀ ਭਿਜਵਾਈ ਗਈ। ਇਸ ਸਿਲਸਿਲੇ ਵਿਚ 521ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਆਰ. ਐੱਸ. ਪੁਰਾ ਸੈਕਟਰ 'ਚ ਸਥਿਤ ਸਰਹੱਦੀ ਪਿੰਡ ਖਾਨਪੁਰ ਨੇੜੇ ਸ਼੍ਰੀ ਰਾਮ ਕੁੰਡ ਕੰਪਲੈਕਸ ਵਿਚ ਵੰਡੀ ਗਈ। ਇਹ ਸਮੱਗਰੀ ਗਰੇਟ ਪੰਜਾਬ ਪ੍ਰਿੰਟਰਜ਼ ਮੋਗਾ ਦੇ ਐੱਮ. ਡੀ. ਸ਼੍ਰੀ ਨਵੀਨ ਸਿੰਗਲਾ ਅਤੇ ਆਰ. ਕੇ. ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਦੇ ਚੇਅਰਮੈਨ ਸ਼੍ਰੀ ਸੰਜੀਵ ਸੂਦ ਅਤੇ ਪ੍ਰਧਾਨ ਸ਼੍ਰੀ ਰਾਜੀਵ ਸੂਦ ਦੇ ਯਤਨਾਂ ਸਦਕਾ ਭਿਜਵਾਈ ਗਈ ਸੀ। ਰਾਹਤ ਵੰਡ ਆਯੋਜਨ ਦੌਰਾਨ ਵੱਖ-ਵੱਖ ਪਿੰਡਾਂ ਦੇ ਇਕੱਤਰ ਹੋਏ ਪ੍ਰਭਾਵਿਤ ਸਰਹੱਦੀ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸ਼੍ਰੀ ਚੰਦਰ ਪ੍ਰਕਾਸ਼ ਗੰਗਾ ਨੇ ਕਿਹਾ ਕਿ ਅੱਜ ਇਸ ਸੂਬੇ ਦੇ ਲੋਕਾਂ ਨੂੰ ਦੋਹਰੀ ਮਾਰ ਸਹਿਣ ਕਰਨੀ ਪੈ ਰਹੀ ਹੈ। ਇਕ ਪਾਸੇ ਪਾਕਿਸਤਾਨ ਵੱਖ-ਵੱਖ ਤਰ੍ਹਾਂ ਦੇ  ਹਥਕੰਡੇ ਅਪਣਾ ਕੇ ਲੋਕਾਂ ਨੂੰ ਬਰਬਾਦ ਕਰ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ ਵਿਚ ਬੈਠੇ ਕੁਝ ਸ਼ਰਾਰਤੀ ਵੀ ਪੁੱਠੀ-ਸਿੱਧੀ ਬਿਆਨਬਾਜ਼ੀ ਕਰ ਕੇ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਪਰਿਵਾਰਾਂ ਦੇ ਹੌਸਲੇ ਦੀ ਸ਼ਲਾਘਾ ਕਰਨੀ ਬਣਦੀ ਹੈ, ਜਿਹੜੇ ਹਰ ਤਰ੍ਹਾਂ ਦੀਆਂ ਮੁਸੀਬਤਾਂ ਸਹਿਣ ਕਰ ਕੇ ਵੀ ਦੇਸ਼ ਦੇ ਰਖਵਾਲਿਆਂ ਦੀ ਭੂਮਿਕਾ ਨਿਭਾਅ ਰਹੇ ਹਨ।
ਸ਼੍ਰੀ ਗੰਗਾ ਨੇ ਕਿਹਾ ਕਿ ਜਦੋਂ ਤੱਕ ਦੇਸ਼ ਦੇ ਲੋਕਾਂ 'ਤੇ ਭਗਵਾਨ ਰਾਮ ਦੀ ਕਿਰਪਾ ਹੈ, ਉਦੋਂ ਤੱਕ ਪਾਕਿਸਤਾਨ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸਥਾਈ ਸ਼ਾਂਤੀ ਅਤੇ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਜਿਥੇ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ, ਉਥੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਦੀਆਂ ਹਰਕਤਾਂ ਨੂੰ ਵੀ ਲਗਾਮ ਪਾਉਣੀ ਚਾਹੀਦੀ ਹੈ। ਇਸ ਪਿੱਛੋਂ ਹੀ ਜੰਮੂ-ਕਸ਼ਮੀਰ ਦੇ ਲੋਕ ਸੁੱਖ-ਚੈਨ ਨਾਲ ਜੀਵਨ ਬਸਰ ਕਰ ਸਕਣਗੇ।
ਸੇਵਾ ਤੋਂ ਵੱਡਾ ਕੋਈ ਪਵਿੱਤਰ ਕਾਰਜ ਨਹੀਂ : ਅਰੁਣ ਸ਼ਰਮਾ
ਆਲ ਜੰਮੂ-ਕਸ਼ਮੀਰ ਪੰਚਾਇਤ ਕਾਨਫਰੰਸ ਦੇ ਪ੍ਰਧਾਨ ਸ਼੍ਰੀ ਅਰੁਣ ਸ਼ਰਮਾ ਸੂਦਨ ਨੇ ਰਾਹਤ ਸਮੱਗਰੀ ਵੰਡੇ ਜਾਣ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦਾਂ ਅਤੇ ਪੀੜਤਾਂ ਦੀ ਸੇਵਾ ਕਰਨ ਤੋਂ ਵੱਡਾ ਕੋਈ ਪਵਿੱਤਰ ਕਾਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੱਗਰੀ ਲੈਣ ਵਾਲੇ ਲੋਕ ਕਿੰਨੇ ਲੋੜਵੰਦ ਹਨ, ਇਹ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 10 ਕਿੱਲੋ ਆਟਾ, 5 ਕਿੱਲੋ ਚਾਵਲ, ਇਕ ਕੰਬਲ ਅਤੇ ਇਕ ਪੈਕੇਟ ਨਮਕ ਲੈਣ ਲਈ ਉਹ ਕਈ ਕਿਲੋਮੀਟਰ ਦੂਰ ਤੋਂ ਆਏ ਹਨ ਅਤੇ ਸਵੇਰ ਤੋਂ ਸਮੱਗਰੀ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।
ਸ਼ਰਮਾ ਨੇ ਕਿਹਾ ਕਿ ਸਰਹੱਦੀ ਇਲਾਕਿਆਂ 'ਚ ਆਮਦਨੀ ਦੇ ਕੋਈ ਸਾਧਨ ਨਹੀਂ ਹਨ। ਥੋੜ੍ਹੀ-ਬਹੁਤ ਖੇਤੀਬਾੜੀ ਹੈ ਅਤੇ ਜਾਂ ਲੋਕ ਦਿਹਾੜੀ-ਮਜ਼ਦੂਰੀ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰੀ ਦੇ ਕੰਮ ਲਈ ਵੀ ਦੂਰ-ਦੁਰਾਡੇ ਸ਼ਹਿਰਾਂ ਵਿਚ ਜਾਣਾ ਪੈਂਦਾ ਹੈ। ਸਰਹੱਦੀ ਖੇਤਰਾਂ ਦੇ ਕੰਮ-ਧੰਦੇ ਤਾਂ ਪਾਕਿਸਤਾਨੀ ਗੋਲੀਬਾਰੀ ਕਾਰਣ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਸਮਝ ਨਹੀਂ ਆਉਂਦੀ ਕਿ ਇਸ ਹਨੇਰੀ ਰਾਤ ਦਾ ਅੰਤ ਕਦੋਂ ਹੋਵੇਗਾ।

ਨਗਰ ਪਾਲਿਕਾ ਰਾਮਗੜ੍ਹ ਦੀ ਚੇਅਰਪਰਸਨ ਸ਼੍ਰੀਮਤੀ ਕਮਲੇਸ਼ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ 'ਤੇ ਇਕ ਪਾਸੇ ਗੋਲੀਬਾਰੀ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ, ਜਦੋਂਕਿ ਇਸ ਦੇ ਨਾਲ ਹੀ ਉਨ੍ਹਾਂ ਨੂੰ ਰੋਜ਼ੀ-ਰੋਟੀ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਸੀਬਤ ਮਾਰੇ ਲੋਕਾਂ ਲਈ ਰਾਸ਼ਨ ਭਿਜਵਾ ਕੇ ਪੰਜਾਬ ਵਾਸੀ ਵੱਡਾ ਪਰਉਪਕਾਰ ਕਰ ਰਹੇ ਹਨ। ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਗੱਲ ਹੈ ਕਿ ਗੰਭੀਰ ਸੰਕਟ ਦੇ ਸ਼ਿਕਾਰ ਸਰਹੱਦੀ ਪਰਿਵਾਰਾਂ ਲਈ ਸਰਕਾਰ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਸਹੂਲਤਾਂ ਤੋਂ ਵਾਂਝੇ ਅਤੇ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਤੁਰੰਤ ਕੋਈ ਅਸਰਦਾਰ ਨੀਤੀ ਅਮਲ ਵਿਚ ਲਿਆਉਣੀ ਚਾਹੀਦੀ ਹੈ।

ਅਸੀਂ ਪ੍ਰੇਮ ਅਤੇ ਸਦਭਾਵਨਾ ਦਾ ਸੰਦੇਸ਼ ਲੈ ਕੇ ਆਏ ਹਾਂ : ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਿਰਫ ਰਾਹਤ ਸਮੱਗਰੀ ਜਾਂ ਸਹਾਇਤਾ ਦੇਣ ਲਈ ਹੀ ਨਹੀਂ ਆਏ ਸਗੋਂ ਅਸੀਂ ਤਾਂ ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਲੈ ਕੇ ਆਏ ਹਾਂ। ਉਨ੍ਹਾਂ ਕਿਹਾ ਕਿ ਇਕ-ਦੂਜੇ ਪ੍ਰਤੀ ਪਿਆਰ ਹੋਣ ਨਾਲ ਦਇਆ ਦੀ ਭਾਵਨਾ ਉਪਜਦੀ ਹੈ ਅਤੇ ਇਸ ਦੇ ਨਤੀਜੇ ਵਜੋਂ ਇਨਸਾਨ ਸੇਵਾ ਦੇ ਮਾਰਗ 'ਤੇ ਚੱਲਦਾ ਹੈ। ਕੁਝ ਅਜਿਹੀ ਹੀ ਸੋਚ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਹੈ, ਜਿਸ ਕਾਰਣ ਉਨ੍ਹਾਂ ਆਪਣਾ ਜੀਵਨ ਹੀ ਸਮਾਜ ਸੇਵਾ ਦੇ ਲੇਖੇ ਲਾ ਦਿੱਤਾ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੀਆਂ ਬਦਮਾਸ਼ੀਆਂ ਅਤੇ ਘਟੀਆ ਨੀਤੀਆਂ ਕਾਰਣ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਬੇਹੱਦ ਮੁਸ਼ਕਲਾਂ ਵਾਲਾ ਜੀਵਨ ਗੁਜ਼ਾਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਦਾ ਦੁੱਖ-ਦਰਦ ਵੰਡਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ 20 ਸਾਲਾਂ ਤੋਂ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਅਤੇ ਦਾਨੀ ਸੰਸਥਾਵਾਂ ਨੂੰ ਇਸ ਮੁਹਿੰਮ 'ਚ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਰਾਹਤ ਵੰਡ ਆਯੋਜਨ ਦੀ ਦੇਖ-ਰੇਖ ਕਰ ਰਹੇ ਰਾਮਗੜ੍ਹ ਦੇ ਸਮਾਜ ਸੇਵੀ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਸਰਹੱਦੀ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਮੁਫਤ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ 'ਚ ਤਰਜੀਹ ਦਿੱਤੀ ਜਾਵੇ। ਇਸ ਮੌਕੇ 'ਤੇ ਰਾਜੇਸ਼ ਭਗਤ ਅਤੇ ਨਰਿੰਦਰ ਪਰਾਸ਼ਰ ਨੇ ਵੀ ਸੰਬੋਧਨ ਕੀਤਾ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਯਤਨ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ 'ਤੇ ਸਰਪੰਚ ਰਾਮ ਸਿੰਘ, ਕੈਪਟਨ ਬਲਦੇਵ ਸਿੰਘ, ਕੋਟ ਈਸੇ ਖਾਂ ਤੋਂ ਰਾਹਤ ਸਮੱਗਰੀ ਲੈ ਕੇ ਗਏ ਸ਼੍ਰੀ ਸੰਜੀਵ ਸੂਦ, ਰਾਜਨ ਸੂਦ, ਅਵਤਾਰ ਸਿੰਘ ਖੁਰਮੀ, ਦਵਿੰਦਰ ਸਿੰਘ ਸੋਨੂੰ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ ਅਤੇ ਵਿਨੋਦ ਸ਼ਰਮਾ ਵੀ ਮੌਜੂਦ ਸਨ।


author

shivani attri

Content Editor

Related News