ਟਿੱਪਰ-ਕਾਰ ਟੱਕਰ ’ਚ 2 ਦੀ ਮੌਤ ਮਾਮਲੇ ’ਚ ਟਿੱਪਰ ਚਾਲਕ ਖਿਲਾਫ ਕੇਸ ਦਰਜ

Monday, Dec 01, 2025 - 11:13 PM (IST)

ਟਿੱਪਰ-ਕਾਰ ਟੱਕਰ ’ਚ 2 ਦੀ ਮੌਤ ਮਾਮਲੇ ’ਚ ਟਿੱਪਰ ਚਾਲਕ ਖਿਲਾਫ ਕੇਸ ਦਰਜ

ਗੜ੍ਹਸ਼ੰਕਰ (ਭਾਰਦਵਾਜ) - ਮਾਹਿਲਪੁਰ ਪੁਲਸ ਨੇ ਐਤਵਾਰ ਨੂੰ ਕੋਟ ਫਤੂਹੀ ਨਹਿਰ ਪੁਲ ’ਤੇ ਹੋਏ ਟਿੱਪਰ-ਕਾਰ ਹਾਦਸੇ ਵਿਚ ਕਾਰ ਸਵਾਰ ਸਮੇਤ 2 ਵਿਅਕਤੀਆਂ ਦੀ ਮੌਤ ਹੋ ਜਾਣ ’ਤੇ ਬਿੰਦਰਪਾਲ ਪੁੱਤਰ ਗਿਆਨ ਚੰਦ ਵਾਸੀ ਪਿੰਡ ਭਵਾਨੀਪੁਰ ਥਾਣਾ ਗੜ੍ਹਸ਼ੰਕਰ ਵੱਲੋਂ ਦਿੱਤੇ ਬਿਆਨ ’ਤੇ ਕਾਰਵਾਈ ਕਰਦੇ ਹੋਏ ਟਿੱਪਰ ਚਾਲਕ ਸੁਖਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਪਠਾਣਾਂ ਨੰਗਲ, ਫਤਿਹਗੜ ਚੂੜ੍ਹੀਆਂ ਜ਼ਿਲਾ ਅੰਮ੍ਰਿਤਸਰ ਦੇ ਖਿਲਾਫ ਧਾਰਾ 281,106,125 (ਏ), 125 (ਬੀ), 324 (4) ਬੀ. ਐੱਨ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਹੈ। ਇਸੇ ਘਟਨਾ ਵਿਚ ਜ਼ਖਮੀ 13 ਸਾਲਾ ਕ੍ਰਿਸ਼ਨ ਪੁੱਤਰ ਬਿੰਦਰ ਪਾਲ ਦੀ ਵੀ ਅੱਜ ਮੌਤ ਹੋ ਗਈ।
PunjabKesari

ਬਿੰਦਰਪਾਲ ਨੇ ਮਾਹਿਲਪੁਰ ਪੁਲਸ ਨੂੰ ਦਿਤੇ ਬਿਆਨ ਵਿਚ ਦੱਸਿਆ ਕਿ ਉਹ 30 ਨਵੰਬਰ ਨੂੰ ਕਾਰ ਨੰਬਰ ਪੀ.ਬੀ. 10 ਐੱਫ. ਪੀ. 0177 ’ਚ ਸਵਾਰ ਹੋਕੇ ਦੁਬਈ ਵਾਪਸ ਜਾ ਰਿਹਾ ਸੀ। ਇਸ ਕਾਰ ਵਿਚ ਪਰਮਜੀਤ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਹਾਜੀਪੁਰ, ਸੁਖਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਅਜੈ ਕੁਮਾਰ ਪੁੱਤਰ ਸੀਤਾ ਰਾਮ ਅਤੇ ਕ੍ਰਿਸ਼ਨ ਪੁੱਤਰ ਬਿੰਦਰਪਾਲ ਸਾਰੇ ਵਾਸੀ ਭਵਾਨੀਪੁਰ ਦੇ ਸਵਾਰ ਸਨ ਤੇ ਕਾਰ ਨੂੰ ਅਜੈ ਕੁਮਾਰ ਚਲਾ ਰਿਹਾ ਸੀ। ਉਸਨੇ ਦੱਸਿਆ ਕਿ ਜਦੋਂ ਉਹ ਕਰੀਬ ਸਵੇਰੇ 5 ਵਜੇ ਕੋਟ ਫਤੂਹੀ ਕੋਲ ਨਹਿਰ ਦੇ ਪੁਲ ’ਤੇ ਪੁੱਜੇ ਤਾਂ ਕਟਾਰੀਆ ਵੱਲ ਤੋਂ ਆ ਰਹੇ ਟਿੱਪਰ ਨੰਬਰ ਐੱਚ. ਪੀ. 72 ਡੀ. 4270 ਨੇ ਕਾਰ ਨੂੰ ਟੱਕਰ ਮਾਰ ਦਿੱਤੀ।

ਇਸ ਟੱਕਰ ’ਚ ਉਹ ਸਾਰੇ ਜ਼ਖਮੀ ਹੋ ਗਏ ਤੇ ਰਾਹਗੀਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਦਾਖਲ ਕਰਵਾਇਆ। ਉਸਨੇ ਦੱਸਿਆ ਕਿ ਇਸ ਦੌਰਾਨ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਸੁਖਵਿੰਦਰ ਸਿੰਘ ਦੀ ਮੌਤ ਟਿੱਪਰ ਚਾਲਕ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਇਸ ਲਈ ਉਕਤ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਿਸ ਸਬੰਧੀ ਉਕਤ ਟਿੱਪਰ ਚਾਲਕ ਖਿਲਾਫ ਥਾਣਾ ਮਾਹਿਲਪੁਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
 


author

Inder Prajapati

Content Editor

Related News