ਬਾਦਲ ਪਰਿਵਾਰ ਸਹੁੰ ਖਾਵੇ ਕਿ ਉਨ੍ਹਾਂ ਨੇ ਡੇਰਾ ਮੁਖੀ ਨੂੰ ਮਾਫੀ ਨਹੀਂ ਦਿਵਾਈ : ਖਹਿਰਾ
Monday, Jun 03, 2019 - 02:45 PM (IST)
ਜਲੰਧਰ - ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਮੁੱਖ ਅਤੇ ਭੁਲੱਖ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਅੱਜ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ਦੀ ਜਾਂਚ ਕਰ ਰਹੀ 'ਸਿੱਟ' ਵਲੋਂ ਪਿਛਲੇ ਦਿਨੀਂ ਚੰਗੇ ਨਤੀਜੇ ਸਾਹਮਣੇ ਆਉਣ 'ਤੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ 14 ਅਕਤੂਬਰ 2015 'ਚ ਵਾਪਰੀ ਇਸ ਘਟਨਾ ਕਾਰਨ 2 ਸਿੱਖ ਨੌਜਵਾਨ ਮਾਰੇ ਗਏ ਸਨ, ਜਿਸ ਕਾਰਨ ਪੂਰੇ ਪੰਜਾਬ 'ਚ ਹਾਹਾਕਾਰ ਮੰਚ ਗਈ ਸੀ। ਉਸ ਸਮੇਂ ਅਕਾਲੀ ਦਲ ਦੀ ਬਾਦਲ ਸਰਕਾਰ ਨੇ ਵੀ ਫਰਜ਼ੀ ਐੱਸ.ਆਈ.ਟੀ ਦਾ ਗਠਨ ਕੀਤਾ ਸੀ, ਜੋ ਨਾ ਤਾਂ ਕੋਈ ਕਾਰਵਾਈ ਕਰ ਸਕੀ ਅਤੇ ਨਾ ਹੀ ਕੋਈ ਸਿੱਟਾ ਕੱਢ ਸਕੀ। ਚੋਣਾਂ ਨੇੜੇ ਆਉਣ 'ਤੇ ਫਿਰ ਉਸ ਸਮੇਂ ਕਾਂਗਰਸ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਸਾਰੇ ਮਸਲੇ 'ਤੇ ਭਾਵੇਂ ਉਹ ਬੇਅਦਬੀ ਦਾ ਹੋਵੇ ਜਾਂ ਬਹਿਬਲ ਕਲਾਂ ਗੋਲੀ ਕਾਂਡ ਦਾ ਹੀ ਕਿਉਂ ਨਾ ਹੋਵੇ, ਉਸ 'ਤੇ ਅਸੀਂ ਦੁਨਿਆ ਭਰ ਦੇ ਲੋਕਾਂ ਨੂੰ ਇਨਸਾਫ ਦਿਵਾਵਾਂਗੇ।
ਉਨ੍ਹਾਂ ਕਾਂਗਰਸ ਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਸਰਕਾਰ ਨੇ ਇਨ੍ਹਾਂ ਮਾਮਲਿਆਂ ਦੇ ਨਾਂ 'ਤੇ ਰੱਜ ਕੇ ਸਿਆਸਤ ਕੀਤੀ। ਇਨ੍ਹਾਂ ਚੋਣਾਂ 'ਚ ਸਿੱਖ ਵੋਟਰਾਂ ਨੇ ਇਕ ਵਾਰ ਫਿਰ ਕਾਂਗਰਸ ਦੀ ਸਰਕਾਰ 'ਤੇ ਭਰੋਸਾ ਕਰਦਿਆਂ ਉਨ੍ਹਾਂ ਨੂੰ 8 ਸੀਟਾਂ ਕਾਂਗਰਸ ਨੂੰ ਜਿਤਾਈਆਂ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ, ਜਿਹੜੀ ਕਿ ਅਸਲ 'ਚ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ, ਕਿਸਾਨਾਂ ਦੀ ਜਮਾਤ ਸੀ, ਨੂੰ 10 ਸੀਟਾਂ 'ਚੋਂ 2 ਸੀਟਾਂ ਉਹ ਵੀ ਬਾਦਲ ਪਰਿਵਾਰ ਨੂੰ ਹਾਸਲ ਹੋਈਆਂ। ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਤਲਾਜ਼ਲੀ ਦੇ ਕੇ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਸਰਕਾਰ 'ਤੇ ਭਰੋਸਾ ਕਰਕੇ 8 ਮੈਂਬਰ ਪਾਰਲੀਮੈਂਟ ਦੇ ਜਿਤਾਏ। ਦੱਸ ਦੇਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਸਾਡੀ ਸਰਕਾਰ ਬਣ ਲੈਣ ਦਿਓ, ਅਸੀਂ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦਿਆਂਗੇ ਭਾਵੇਂ ਇਸ ਦਾ ਦੋਸ਼ੀ ਕੋਈ ਵੀ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਸੁਖਬੀਰ ਸਿੰਘ ਬਾਦਲ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਬਾਦਲ ਸਹੁੰ ਖਾ ਕੇ ਇਹ ਕਹਿਣ ਕਿ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹਿਮ ਨੂੰ ਮੁਆਫੀ ਨਹੀਂ ਦਿਵਾਈ।
ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸੰਬੋਧਨ ਕਰਨ ਦਾ ਇਕ ਨਵਾਂ ਹੀ ਤਰੀਕਾ ਅਪਣਾ ਰਹੇ ਹਨ। ਉਹ ਆਪਣੇ ਸੰਬੋਧਨ 'ਚ ਕਹਿੰਦੇ ਹਨ ਕਿ ਜਿਸ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਜਾਂ ਕਰਵਾਈ ਹੈ, ਉਨ੍ਹਾਂ ਦਾ ਇਸ ਜਹਾਨ ਅੰਦਰ ਕੱਖ ਵੀ ਨਾ ਰਹੇ। ਜਿਹੜੇ ਲੋਕ ਇਸ ਮੁੱਦੇ 'ਤੇ ਸਿਆਸਤ ਕਰਦੇ ਹਨ ਜਾਂ ਆਪਣੀਆਂ ਰਾਜਨੀਤਕ ਰੋਟੀਆਂ ਸੇਕ ਦੇ ਹਨ, ਉਨ੍ਹਾਂ ਦਾ ਵੀ ਕੱਖ ਨਾ ਰਹੇ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਪੰਜਾਬ 'ਚ ਦੋਸਤਾਨਾ ਮੈਚ ਖੇਡ ਰਹੇ ਹਨ, ਕਿਉਂਕਿ ਕਾਂਗਰਸ ਸਰਕਾਰ ਨੇ ਪਿਛਲੇ 10 ਸਾਲਾਂ ਦੇ ਬਾਦਲ ਕੁਸ਼ਾਸਨ ਦੌਰਾਨ ਉਨ੍ਹਾਂ ਦੇ ਭ੍ਰਿਸ਼ਟ ਕੰਮਾਂ ਦੀ ਜਾਂਚ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ।