ਬੇਅਦਬੀ ਦੇ ਇਨਸਾਫ ਦੀ ਪਹਿਲੀ ਗਰੰਟੀ ਕਿੱਥੇ ਗਈ? : ਖਹਿਰਾ
Friday, Mar 13, 2026 - 09:52 PM (IST)
ਵੈੱਬ ਡੈਸਕ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਸੈਂਕੜੇ ਗੱਡੀਆਂ ਤੇ ਵੱਡੇ ਪੁਲਸ ਅਮਲੇ ਨਾਲ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਇਸ ਦੌਰੇ ਦੌਰਾਨ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਉਹਨਾਂ ਨੇ ਲੋਕਾਂ ਨਾਲ ਕੀਤੇ ਵਾਅਦੇ ਅਤੇ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ, ਜਿਸ ਵਿੱਚ ਖਾਸ ਤੌਰ 'ਤੇ ₹1000 ਦੀ ਗਰੰਟੀ ਦਾ ਪ੍ਰਚਾਰ ਕੀਤਾ ਗਿਆ।
ਸਭ ਤੋਂ ਅਹਿਮ 'ਨੰਬਰ ਇੱਕ' ਗਰੰਟੀ ਨਾਲ ਧੋਖਾ
ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਸ ਦੌਰੇ ਨੂੰ 'ਲੋਕ ਦਿਖਾਵਾ' ਕਰਾਰ ਦਿੰਦਿਆਂ ਸਵਾਲ ਉਠਾਇਆ ਹੈ ਕਿ ਪੰਜਾਬ ਦੀ ਸਭ ਤੋਂ ਸੰਵੇਦਨਸ਼ੀਲ ਅਤੇ 'ਨੰਬਰ ਇੱਕ' ਗਰੰਟੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਇਨਸਾਫ-ਕਿੱਥੇ ਹੈ? ਖਹਿਰਾ ਅਨੁਸਾਰ, ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ 24 ਘੰਟਿਆਂ ਦੇ ਅੰਦਰ ਇਨਸਾਫ ਦੇਣਗੇ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੁਝ ਨਹੀਂ ਹੋਇਆ।
ਕੁੰਵਰ ਵਿਜੇ ਪ੍ਰਤਾਪ ਤੇ ਹੋਰ ਆਗੂਆਂ ਦੀ ਵਰਤੋਂ
ਖਹਿਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਨੌਕਰੀ ਛੁਡਵਾ ਕੇ ਉਹਨਾਂ ਨੂੰ ਸਿਰਫ ਚੋਣ ਪ੍ਰਚਾਰ ਲਈ ਵਰਤਿਆ। ਉਹਨਾਂ ਕਿਹਾ ਕਿ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਹੋਮ ਮਿਨਿਸਟਰ ਬਣਾਉਣ ਦਾ ਇਸ਼ਾਰਾ ਦਿੱਤਾ ਸੀ, ਪਰ ਜਦੋਂ ਉਹਨਾਂ ਨੇ ਵਿਧਾਨ ਸਭਾ ਵਿੱਚ ਬੇਅਦਬੀ ਦੇ ਇਨਸਾਫ ਦੀ ਮੰਗ ਕੀਤੀ ਤਾਂ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ। ਖਹਿਰਾ ਨੇ ਇਸ ਨੂੰ 'ਯੂਜ਼, ਥਰੋਅ ਐਂਡ ਡਿਸਟ੍ਰੋਏ' ਦੀ ਨੀਤੀ ਦੱਸਦਿਆਂ ਸੁੱਚਾ ਸਿੰਘ ਛੋਟੇਪੁਰ, ਡਾ. ਗਾਂਧੀ, ਅਤੇ ਐੱਚ.ਐੱਸ. ਫੂਲਕਾ ਵਰਗੇ ਆਗੂਆਂ ਦੀਆਂ ਮਿਸਾਲਾਂ ਦਿੱਤੀਆਂ।
ਡੇਰਾ ਮੁਖੀ ਤੇ ਪੁਲਸ ਅਧਿਕਾਰੀਆਂ ਨੂੰ ਬਚਾਉਣ ਦੇ ਇਲਜ਼ਾਮ
ਖਹਿਰਾ ਨੇ ਗੰਭੀਰ ਇਲਜ਼ਾਮ ਲਗਾਏ ਹਨ ਕਿ ਡੇਰਾ ਸੱਚਾ ਸੌਦਾ ਮੁਖੀ ਨੂੰ ਪ੍ਰੋਸੀਕਿਊਟ ਕਰਨ ਦੀ ਫਾਈਲ ਮੁੱਖ ਮੰਤਰੀ ਭਗਵੰਤ ਮਾਨ ਦੇ ਟੇਬਲ 'ਤੇ ਤਿੰਨ ਸਾਲ ਪਈ ਰਹੀ, ਜਿਸ ਕਾਰਨ ਸਾਰੇ ਮੁਕਦਮੇ ਪੰਜਾਬ ਤੋਂ ਬਾਹਰ ਟ੍ਰਾਂਸਫਰ ਹੋ ਗਏ। ਬੇਅਦਬੀ ਅਤੇ ਕੋਟਕਪੂਰਾ ਫਾਇਰਿੰਗ ਵਿੱਚ ਸ਼ਾਮਲ ਪੁਲਸ ਅਧਿਕਾਰੀ ਅੱਜ ਜੇਲ੍ਹਾਂ ਤੋਂ ਬਾਹਰ ਹਨ ਅਤੇ ਬਹੁਤਿਆਂ ਨੂੰ ਨੌਕਰੀਆਂ 'ਤੇ ਬਹਾਲ ਕਰ ਦਿੱਤਾ ਗਿਆ ਹੈ। ਸਰਕਾਰ ਮਹਿੰਗੇ ਵਕੀਲਾਂ ਰਾਹੀਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਹੋਰ ਸਮਾਜਿਕ ਮੁੱਦੇ ਤੇ ਮੀਡੀਆ ਨੂੰ ਅਪੀਲ
ਖਹਿਰਾ ਨੇ ਇਹ ਵੀ ਕਿਹਾ ਕਿ ਸਰਕਾਰ ਸਿਰਫ ₹1000 ਦੇ ਰੌਲੇ ਹੇਠ ਆਪਣੀਆਂ ਨਾਕਾਮੀਆਂ ਛੁਪਾ ਰਹੀ ਹੈ, ਜਦਕਿ ਕਿਸਾਨਾਂ, ਅਧਿਆਪਕਾਂ ਅਤੇ ਨੌਜਵਾਨਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਮਾਣੇ ਵਿੱਚ ਲੱਗੇ 'ਟਾਵਰ ਮੋਰਚੇ' ਅਤੇ ਵਿਧਾਨ ਸਭਾ ਦੀ ਸਿਲੈਕਟ ਕਮੇਟੀ ਕੋਲ ਲਟਕ ਰਹੀਆਂ ਰਿਪੋਰਟਾਂ ਦਾ ਵੀ ਹਵਾਲਾ ਦਿੱਤਾ। ਖਹਿਰਾ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਦਰਬਾਰ ਸਾਹਿਬ ਜਾ ਕੇ ਸੈਲਫੀਆਂ ਖਿਚਵਾਉਣ ਵਾਲੇ ਆਗੂਆਂ ਨੂੰ ਬੇਅਦਬੀ ਦੇ ਇਨਸਾਫ ਬਾਰੇ ਸਵਾਲ ਜ਼ਰੂਰ ਪੁੱਛਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
