ਸਿਵਲ ਹਸਪਤਾਲ ''ਚ 2 ਧਿਰਾਂ ਨੇ ਕੀਤਾ ਹੰਗਾਮਾ
Saturday, Aug 11, 2018 - 04:35 PM (IST)

ਜਲੰਧਰ (ਸ਼ੋਰੀ)— ਦੇਰ ਰਾਤ ਸਿਵਲ ਹਸਪਤਾਲ 'ਚ 2 ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਪੁਲਸ ਸਾਹਮਣੇ ਹੀ ਇਕ ਦੂਜੇ ਦੀ ਕੁੱਟਮਾਰ ਤੱਕ ਕਰ ਦਿੱਤੀ। ਜਦੋਂ ਤੱਕ ਪੁਲਸ ਨੇ ਪੀ. ਸੀ. ਆਰ. ਨੂੰ ਬੁਲਾਇਆ, ਮਾਮਲਾ ਸ਼ਾਂਤ ਹੋ ਚੁੱਕਾ ਸੀ। ਪਹਿਲੀ ਧਿਰ ਦੇ ਜ਼ਖਮੀ ਕਿਸ਼ਨ ਪੁੱਤਰ ਖੈਰਾਤੀ ਲਾਲ ਵਾਸੀ ਗੁਰੂ ਨਾਨਕ ਨਗਰ ਕਾਲਾ ਸੰਘਿਆਂ ਰੋਡ ਨੇ ਦੱਸਿਆ ਕਿ ਇਲਾਕੇ ਦੇ ਰਹਿਣ ਵਾਲੇ ਵਿੱਕੀ ਤੇ ਉਸ ਦੇ ਸਾਥੀ ਨਸ਼ਾ ਵੇਚ ਕੇ ਨੌਜਵਾਨ ਪੀੜ੍ਹੀ ਨੂੰ ਖਰਾਬ ਕਰ ਰਹੇ ਹਨ। ਉਨ੍ਹਾਂ ਨੂੰ ਰੋਕਣ 'ਤੇ ਉਨ੍ਹਾਂ ਉਸ 'ਤੇ ਹੀ ਹਮਲਾ ਕਰ ਦਿੱਤਾ।
ਉਥੇ ਹੀ ਦੂਜੀ ਧਿਰ ਦੇ ਵਿੱਕੀ ਪੁੱਤਰ ਸੁਲੱਖਣ ਦਾਸ ਵਾਸੀ ਗੁਰੂ ਨਾਨਕ ਨਗਰ ਨੇ ਪਹਿਲੀ ਧਿਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਸ਼ਨ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਬੀਤੇ ਦਿਨ ਜਦੋਂ ਉਹ ਆਪਣੇ ਘਰ ਜਾ ਰਹੇ ਸਨ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਬਚਾਅ ਕਰਨ ਆਈ ਉਸ ਦੀ ਮਾਂ ਕਾਂਤਾ ਨਾਲ ਵੀ ਕੁੱਟਮਾਰ ਕੀਤੀ। ਪੁਲਸ ਦੇਰ ਰਾਤ ਤੱਕ ਮਾਮਲੇ ਦੀ ਜਾਂਚ ਕਰ ਰਹੀ ਸੀ।