ਟਰੇਨ ਤੋਂ ਉਤਰਦੇ ਸਮੇਂ ਬਜ਼ੁਰਗ ਰੇਲ ਲਾਈਨਾਂ ''ਚ ਡਿੱਗਿਆ, ਸੱਜੀ ਬਾਂਹ ਸਰੀਰ ਤੋਂ ਹੋਈ ਵੱਖ

07/05/2019 10:24:29 AM

ਜਲੰਧਰ (ਗੁਲਸ਼ਨ) - ਵੀਰਵਾਰ ਸ਼ਾਮ ਕਰੀਬ 5.30 ਵਜੇ ਜਲੰਧਰ ਸਿਟੀ ਤੋਂ ਜੇਜੋਂ-ਦੋਆਬਾ ਜਾਣ ਵਾਲੀ ਪੈਸੰਜਰ ਟਰੇਨ ਤੋਂ ਉਤਰਦੇ ਸਮੇਂ ਇਕ ਬਜ਼ੁਰਗ ਰੇਲ ਲਾਈਨਾਂ 'ਚ ਡਿੱਗ ਪਿਆ, ਜਿਸ ਦੀ ਬਾਂਹ ਟਰੇਨ ਦੇ ਪਹੀਆ ਹੇਠਾਂ ਆਉਣ ਕਾਰਨ ਸਰੀਰ ਤੋਂ ਵੱਖ ਹੋ ਗਈ। ਟਰੇਨ ਦੇ ਗਾਰਡ ਐੱਨ. ਕੇ. ਸ਼ਰਮਾ ਨੇ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਰੋਕੀ ਤੇ ਯਾਤਰੀਆਂ ਦੀ ਸਹਾਇਤਾ ਨਾਲ ਬਜ਼ੁਰਗ ਨੂੰ ਰੇਲਵੇ ਲਾਈਨ ਤੋਂ ਬਾਹਰ ਕੱਢਿਆ। ਗਾਰਡ ਵਲੋਂ ਬਜ਼ੁਰਗ ਨੂੰ ਫਸਟਏਡ ਦਿੱਤੀ ਗਈ, ਜਿਸ ਦੇ ਬਾਵਜੂਦ ਉਹ ਖੂਨ ਨਾਲ ਲਥਪਥ ਹੋ ਗਿਆ। ਜ਼ਖ਼ਮੀ ਦੀ ਪਛਾਣ ਅਸ਼ੋਕ ਕੁਮਾਰ (61) ਪੁੱਤਰ ਰਾਮ ਪ੍ਰਕਾਸ਼ ਵਾਸੀ ਸੈਦਾਂ ਗੇਟ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਆਰ. ਪੀ. ਐੱਫ. ਦੇ ਏ. ਐੱਸ. ਆਈ. ਬਿਸ਼ੰਬਰ ਦਾਸ, ਡਿਪਟੀ ਐੱਸ. ਐੱਸ. ਸਰਬਜੀਤ ਸਿੰਘ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ।

ਆਰ. ਪੀ. ਐੱਫ. ਕਰਮਚਾਰੀਆਂ ਨੇ ਦੱਸਿਆ ਕਿ ਯਾਤਰੀਆਂ ਅਨੁਸਾਰ ਅਸ਼ੋਕ ਕੁਮਾਰ ਪੈਸੰਜਰ ਟਰੇਨ 'ਚ ਟੂਣੇ-ਟੋਟਕੇ ਵਾਲੇ ਇਕ ਮੀਆਂ ਜੀ ਦੀ ਪਬਲੀਸਿਟੀ ਲਈ ਯਾਤਰੀਆਂ ਨੂੰ ਕਾਰਡ ਵੰਡ ਰਿਹਾ ਸੀ, ਜਿਸ ਦੌਰਾਨ ਟਰੇਨ ਚੱਲ ਪਈ। ਚੱਲਦੀ ਟਰੇਨ 'ਚੋਂ ਜਦੋਂ ਉਸ ਨੇ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਸਿੱਧਾ ਰੇਲਵੇ ਲਾਈਨਾਂ 'ਤੇ ਜਾ ਡਿੱਗਿਆ। ਵੱਡੀ ਗੱਲ ਇਹ ਰਹੀ ਕਿ ਖੂਨ ਨਾਲ ਲਥਪਥ ਪਲੇਟਫਾਰਮ 'ਤੇ ਪਏ ਬਜ਼ੁਰਗ ਨੇ ਆਪ ਆਪਣੇ ਮੋਬਾਇਲ ਤੋਂ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਅਤੇ ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਜਲੰਧਰ 'ਚ ਇਕੱਲਾ ਰਹਿੰਦਾ ਹੈ ਅਤੇ ਉਸ ਦਾ ਪਰਿਵਾਰ ਅੰਮ੍ਰਿਤਸਰ 'ਚ ਹੈ। ਜ਼ਖਮੀ ਹਾਲਤ 'ਚ ਉਸ ਨੂੰ 108 ਐਂਬੂਲੈਂਸ ਰਾਹੀ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਇਸ ਹਾਦਸੇ ਕਾਰਨ ਟਰੇਨ ਕਰੀਬ ਪੌਣਾ ਘੰਟਾ ਦੇਰੀ ਨਾਲ ਨਵਾਂਸ਼ਹਿਰ ਲਈ ਰਵਾਨਾ ਹੋਈ।

ਐਂਬੂਲੈਂਸ ਦੇ ਇੰਤਜ਼ਾਰ 'ਚ ਅੱਧਾ ਘੰਟਾ ਪਲੇਟਫਾਰਮ 'ਤੇ ਖੂਨ ਨਾਲ ਲਥਪਥ ਪਿਆ ਰਿਹਾ ਬਜ਼ੁਰਗ
ਕਰੀਬ 5.30 ਵਜੇ ਘਟਨਾ ਹੋਈ। 5 ਮਿੰਟ ਬਾਅਦ ਆਰ. ਪੀ. ਐੱਫ. ਮੌਕੇ 'ਤੇ ਪਹੁੰਚੀ ਅਤੇ 108 ਐਂਬੂਲੈਂਸ ਨੂੰ ਸੂਚਿਤ ਕੀਤਾ। ਐਂਬੂਲੈਂਸ ਕਰੀਬ 20 ਮਿੰਟ ਬਾਅਦ ਸਟੇਸ਼ਨ 'ਤੇ ਪਹੁੰਚੀ। ਸਟਾਫ ਨੂੰ ਸਟਰੇਚਰ ਲੈ ਕੇ ਰੇਲ ਲਾਈਨਾਂ ਪਾਰ ਕਰ ਕੇ ਪਲੇਟਫਾਰਮ 'ਤੇ ਪਹੁੰਚਣ ਵਿਚ ਹੀ 10 ਮਿੰਟ ਹੋਰ ਲੱਗ ਗਏ। ਇਸ ਦੌਰਾਨ ਕੱਟੀ ਹੋਈ ਬਾਂਹ ਨਾਲ ਬਜ਼ੁਰਗ ਖੂਨ ਨਾਲ ਲਥਪਥ ਪਲੇਟਫਾਰਮ 'ਤੇ ਹੀ ਪਿਆ ਰਿਹਾ, ਜਿਸ ਤੋਂ ਬਾਅਦ ਸਟਰੇਚਰ 'ਤੇ ਪਾ ਕੇ 5 ਨੰਬਰ ਪਲੇਟਫਾਰਮ ਦੀਆਂ ਲਾਈਨਾਂ ਕ੍ਰਾਸ ਕਰ ਕੇ ਪਾਰਸਲ ਵਾਲੇ ਗੇਟ ਤੋਂ ਬਾਹਰ ਲਿਆ ਕੇ ਐਂਬੂਲੈਂਸ ਵਿਚ ਪਾਇਆ ਗਿਆ।

 


rajwinder kaur

Content Editor

Related News