ਤੀਰਅੰਦਾਜ਼ ਦੀਪਿਕਾ ਕੁਮਾਰੀ ਫਿਰ ਤੋਂ ਟਾਪਸ ’ਚ ਸ਼ਾਮਲ

Monday, Apr 29, 2024 - 07:34 PM (IST)

ਤੀਰਅੰਦਾਜ਼ ਦੀਪਿਕਾ ਕੁਮਾਰੀ ਫਿਰ ਤੋਂ ਟਾਪਸ ’ਚ ਸ਼ਾਮਲ

ਨਵੀਂ ਦਿੱਲੀ, (ਭਾਸ਼ਾ)– ਸ਼ੰਘਾਈ ਵਿਚ ਹਾਲ ਹੀ ਵਿਚ ਹੋਏ ਵਿਸ਼ਵ ਕੱਪ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਦੁਨੀਆ ਦੀ ਸਾਬਕਾ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਪੈਰਿਸ ਓਲੰਪਿਕ ਤੋਂ ਪਹਿਲਾਂ ਟਾਰਗੈੱਟ ਓਲੰਪਿਕ ਪੋਡੀਅਮ ਸਕੀਮ (ਟਾਪਸ) ਵਿਚ ਫਿਰ ਤੋਂ ਸ਼ਾਮਲ ਕੀਤਾ ਗਿਆ ਹੈ।ਦਸੰਬਰ 2022 ਵਿਚ ਮਾਂ ਬਣਨ ਤੋਂ ਬਾਅਦ ਪਿਛਲੇ ਸਾਲ ਪੂਰੇ ਸੈਸ਼ਨ ਵਿਚੋਂ ਬਾਹਰ ਰਹੀ ਦੀਪਿਕਾ ਨੇ ਹਾਲ ਹੀ ਵਿਚ ਵਾਪਸੀ ਕੀਤੀ ਹੈ ਅਤੇ ਘਰੇਲੂ ਤੇ ਕੌਮਾਂਤਰੀ ਪੱਧਰ ’ਤੇ ਚੰਗੀ ਖੇਡ ਦਿਖਾਈ ਹੈ। 

3 ਵਾਰ ਦੀ ਓਲੰਪੀਅਨ ਰਿਕਰਵ ਤੀਰਅੰਦਾਜ਼ ਦੀਪਿਕਾ ਨੇ ਇਸ ਸਾਲ ਏਸ਼ੀਆ ਕੱਪ ਵਿਚ ਵੀ ਤਮਗਾ ਜਿੱਤਿਆ । ਅਜੇ ਤਕ ਪੁਰਸ਼ਾਂ ਦੇ ਵਿਅਕਤੀਗਤ ਵਰਗ ਵਿਚ ਸਿਰਫ ਧੀਰਜ ਬੋਮਮਾਦੇਵਰਾ ਓਲੰਪਿਕ ਲਈ ਕੁਆਲੀਫਾਈ ਕਰ ਸਕਿਆ ਹੈ। ਆਖਰੀ ਕੁਆਲੀਫਾਇੰਗ ਟੂਰਨਾਮੈਂਟ ਤੁਰਕੀ ਵਿਚ 15 ਤੇ 16 ਜੂਨ ਨੂੰ ਹੋਵੇਗਾ।

ਖੇਡ ਮੰਤਰਾਲਾ ਵੱਲੋਂ ਜਾਰੀ ਬਿਆਨ ਅਨੁਸਾਰ ਤੀਰਅੰਦਾਜ਼ ਮੁਣਾਲ ਚੌਹਾਨ ਨੂੰ ਵੀ ਟਾਪਸ ਵਿਕਾਸ ਗਰੁੱਪ ਵਿਚ ਸ਼ਾਮਲ ਕੀਤਾ ਗਿਆ ਹੈ ਜਦਕਿ ਪ੍ਰਵੀਨ ਜਾਧਵ ਨੂੰ ਵਿਕਾਸ ਤੋਂ ਕੋਰ ਗਰੁੱਪ ਵਿਚ ਪਾ ਦਿੱਤਾ ਗਿਆ ਹੈ। ਪੈਰਾ ਪਾਵਰਲਿਫਟਰ ਅਸ਼ੋਕ ਨੂੰ ਵੀ ਕੋਰ ਗਰੁੱਪ ਵਿਚ ਰੱਖਿਆ ਗਿਆ ਹੈ। ਮਿਸ਼ਨ ਓਲੰਪਿਕ ਸੈੱਲ (ਐੱਮ. ਓ. ਸੀ.) ਨੇ 133ਵੀਂ ਮੀਟਿੰਗ ਵਿਚ ਸਕੁਐਸ਼ ਖਿਡਾਰੀ ਅਨਾਹਤ ਸਿੰਘ, ਅਭੈ ਸਿੰਘ ਤੇ ਵੇਲਾਵਨ ਸੇਂਥਿਲ ਕੁਮਾਰ ਨੂੰ ਵੀ ਟਾਪਸ ਵਿਕਾਸ ਗਰੁੱਪ ਵਿਚ ਰੱਖਿਆ ਹੈ ਤਾਂ ਕਿ ਉਹ 2028 ਲਾਸ ਏਂਜਲਸ ਖੇਡਾਂ ਦੀ ਤਿਆਰੀ ਕਰ ਸਕਣ।


author

Tarsem Singh

Content Editor

Related News