ਮਿਹਨਤਤਾਨੇ 'ਤੇ ਡਾਕਾ ਮਾਰਨ ਵਾਲੇ ਆੜ੍ਹਤੀਆਂ ਖਿਲਾਫ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ

Wednesday, Oct 30, 2019 - 03:33 PM (IST)

ਮਿਹਨਤਤਾਨੇ 'ਤੇ ਡਾਕਾ ਮਾਰਨ ਵਾਲੇ ਆੜ੍ਹਤੀਆਂ ਖਿਲਾਫ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ

ਜਲਾਲਾਬਾਦ (ਨਿਖੰਜ, ਜਤਿੰਦਰ) – ਜਲਾਲਾਬਾਦ ਦੀ ਅਨਾਜ ਮੰਡੀ 'ਚ ਝੋਨੇ ਦੀ ਸਫਾਈ ਦਾ ਕੰਮ ਕਰ ਰਹੇ ਮਜ਼ਦੂਰਾਂ ਨੂੰ ਸਰਕਾਰੀ ਰੇਟਾਂ ਅਨੁਸਾਰ ਆੜ੍ਹਤੀਆਂ ਵਲੋਂ ਬਣਦਾ ਮਿਹਨਤਤਾਨਾ ਨਹੀਂ ਦਿੱਤਾ ਜਾ ਰਿਹਾ। ਪੈਸੇ ਨਾ ਮਿਲਣ ਦੇ ਰੋਸ 'ਚ ਮਜ਼ਦੂਰਾਂ ਨੇ ਆਗੂ ਪਟਵਾਰੀ ਦੀ ਅਗਵਾਈ ਹੇਠ ਇਕੱਠੇ ਹੋ ਕੇ ਸਥਾਨਕ ਅਨਾਜ ਮੰਡੀ ਤੋਂ ਰੋਸ ਪ੍ਰਦਰਸ਼ਨ ਕੱਢਿਆ, ਜਿਸ ਦੌਰਾਨ ਸੈਂਕੜੇ ਮਜ਼ਦੂਰਾਂ ਨੇ ਇੱਕਠੇ ਹੋ ਕੇ ਮਿਹਨਤਤਾਨੇ 'ਤੇ ਡਾਕਾ ਮਾਰਨ ਵਾਲੇ ਆੜ੍ਹਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਦੀ ਸੂਚਨਾ ਮਿਲਦੇ ਮਾਰਕੀਟ ਕਮੇਟੀ ਦੇ ਸਕੱਤਰ ਬਲਜਿੰਦਰ ਸਿੰਘ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ. ਲੇਖ ਰਾਜ ਬੱਟੀ ਪੁਲਸ ਫੋਰਸ ਨਾਲ ਉਪਰੋਕਤ ਸਥਾਨ 'ਤੇ ਪੁੱਜੇ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਮਜ਼ਦੂਰ ਯੂਨੀਅਨ ਦੇ ਆਗੂ ਪਟਵਾਰੀ ਅਤੇ ਮਜ਼ਦੂਰਾਂ ਨੇ ਦੱਸਿਆ ਕਿ ਸਬੰਧਤ ਵਿਭਾਗ ਵਲੋਂ ਮਜ਼ਦੂਰਾਂ ਦੀਆਂ ਰੇਟ ਲਿਸਟਾਂ ਮੰਡੀ ਅੰਦਰ ਸੀਜ਼ਨ ਤੋਂ ਪਹਿਲਾ ਹੀ ਲਗਾ ਦਿੱਤੀਆਂ ਗਈਆਂ ਸਨ।

ਇਨ੍ਹਾਂ ਸੂਚਨਾ ਫਲੈਕਸ ਬੋਰਡਾਂ 'ਚ ਇਕ ਗੱਟਾ ਝੋਨੇ ਦੀ ਸਫਾਈ ਮੁਤਾਬਕ 9 ਰੁਪਏ 84 ਪੈਸੇ ਗੱਟਾ ਉਨ੍ਹਾਂ ਦਾ ਮਿਹਨਤਤਾਨਾ ਬਣਦਾ ਹੈ ਅਤੇ ਜਿਸ ਦੀ ਤੁਲਾਈ ਵੱਖ ਹੁੰਦੀ ਹੈ। ਜਲਾਲਾਬਾਦ ਮੰਡੀ ਦੇ ਆੜ੍ਹਤੀ ਮਜ਼ਦੂਰਾਂ ਦੇ ਹੱਕਾ 'ਤੇ ਡਾਕਾ ਮਾਰ ਕੇ ਉਨ੍ਹਾਂ ਦਾ ਬਣਦਾ ਮਿਹਨਤਤਾਨ 7 ਰੁਪਏ 50 ਪੈਸੇ ਗੱਟਾ ਲੇਬਰ ਨੂੰ ਦੇ ਰਹੇ ਹਨ। ਆੜ੍ਹਤੀਆਂ ਨੂੰ ਜਦੋਂ ਸਬੰਧਿਤ ਵਿਭਾਗ ਵਲੋਂ ਜਾਰੀ ਕੀਤੇ ਗਏ ਰੇਟ ਬਾਰੇ ਪੁੱਛਿਆ ਜਾਂਦਾ ਹੈ ਤਾਂ ਆੜ੍ਹਤੀ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸੇ ਲਈ ਜਲਾਲਾਬਾਦ ਦੀ ਅਨਾਜ ਮੰਡੀ ਦੇ ਸਮੂਹ ਮਜ਼ਦੂਰਾਂ ਨੇ ਆਪਣਾ ਬਣਦਾ ਮਿਹਨਤਤਾਨ ਲੈਣ ਲਈ ਪ੍ਰਦਰਸ਼ਨ ਕੀਤਾ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾ ਵੀ ਇਹ ਮਾਮਲਾ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਸੀ, ਜਿਨ੍ਹਾਂ ਨੇ ਅਨਾਊਸਮੈਂਟ ਕਰਵਾ ਕੇ ਆੜ੍ਹਤੀਆਂ ਨੂੰ ਸੁਚੇਤ ਕੀਤਾ ਸੀ ਪਰ ਆੜ੍ਹਤੀਆਂ 'ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ।

ਮਜ਼ਦੂਰਾਂ ਨੂੰ ਬਣਦਾ ਹੱਕ ਦਿਵਾਇਆ ਜਾਵੇਗਾ : ਬਲਜਿੰਦਰ ਸਿੰਘ
ਧਰਨਾਕਾਰੀਆਂ ਨਾਲ ਗੱਲਬਾਤ ਕਰਨ ਪੁੱਜੇ ਮਾਰਕੀਟ ਕਮੇਟੀ ਜਲਾਲਾਬਾਦ ਦੇ ਸਕੱਤਰ ਬਲਜਿੰਦਰ ਸਿੰਘ ਨੇ ਮਜ਼ਦੂਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦਿਵਾਇਆ ਜਾਵੇਗਾ। ਜਿਹੜਾ ਵੀ ਆੜ੍ਹਤੀ ਮਜ਼ਦੂਰਾਂ ਨੂੰ ਬਣਦਾ ਰੇਟ ਨਹੀਂ ਦਿੰਦਾ, ਉਸ ਖਿਲਾਫ ਲਿਖਤੀ ਸ਼ਿਕਾਇਤ ਸਾਡੇ ਦਫਤਰ ਨੂੰ ਦਿੱਤੀ ਜਾਵੇ ਤਾਂ ਜੋ ਉਸ ਖਿਲਾਫ ਬਣਦੀ ਕਾਨੂੰਨੀ ਕਰਵਾਈ ਕੀਤੀ ਜਾ ਸਕੇ।

ਆੜ੍ਹਤੀ ਮਜ਼ਦੂਰਾਂ ਨੂੰ ਪਾਈ-ਪਾਈ ਦਾ ਹਿੱਸਾ ਦੇ ਰਹੇ ਹਨ: ਪ੍ਰਧਾਨ ਜਰਨੈਲ ਸਿੰਘ ਮੁਖੀਜਾ
ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਮੁਖੀਜਾ ਨੇ ਕਿਹਾ ਕਿ ਆੜ੍ਹਤੀ ਮਜ਼ਦੂਰਾਂ ਨੂੰ ਇਕ ਪਾਈ-ਪਾਈ ਦਾ ਹਿੱਸਾ ਦੇ ਰਹੇ ਹਨ। ਇਨ੍ਹਾਂ 'ਚੋਂ ਕੁਝ ਸ਼ਰਾਰਤੀ ਲੋਕ ਹਨ, ਜਿਹੜੇ ਮਜ਼ਦੂਰਾਂ ਨੂੰ ਭੜਕਾ ਰਹੇ ਹਨ।  


author

rajwinder kaur

Content Editor

Related News