ਸਾਲੇ ''ਤੇ ਜਾਨਲੇਵਾ ਹਮਲਾ ਕਰਨ ਵਾਲਾ ਜੀਜਾ ਗ੍ਰਿਫਤਾਰ

Monday, Jan 15, 2018 - 07:52 AM (IST)

ਲੁਧਿਆਣਾ, (ਮਹੇਸ਼)- ਸਾਲੇ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਸਲੇਮ ਟਾਬਰੀ ਪੁਲਸ ਨੇ ਭਗਵਾਨ ਦਾਸ ਕਾਲੋਨੀ ਦੇ ਕੁਲਜੀਤ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਜੀਜੇ ਖਿਲਾਫ ਹੱਤਿਆ ਦੀ ਕੋਸ਼ਿਸ਼, ਆਰਮਜ਼ ਐਕਟ ਤੇ ਧਮਕਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਜਮਾਲਪੁਰ ਕਾਲੋਨੀ ਦੇ ਮਨਮੋਹਨ ਸਿੰਘ ਦੇ ਤੌਰ 'ਤੇ ਹੋਈ ਹੈ। ਇੰਸ. ਵਿਜੇ ਕੁਮਾਰ ਨੇ ਦੱਸਿਆ ਕਿ ਕੁਲਜੀਤ ਦੀ ਭੈਣ ਦਾ ਵਿਆਹ 24 ਸਾਲ ਪਹਿਲਾਂ ਮਨਮੋਹਨ ਸਿੰਘ ਨਾਲ ਹੋਇਆ ਸੀ। ਇਨ੍ਹਾਂ ਦੇ ਦੋ ਬੱਚੇ ਹਨ ਪਰ ਘਰੇਲੂ ਵਿਵਾਦ ਕਾਰਨ ਮਨਮੋਹਨ ਦਾ ਆਪਣੀ ਪਤਨੀ ਨਾਲ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਅਤੇ ਉਸ ਦੀ ਪਤਨੀ ਆਪਣੇ ਭਰਾ ਕੋਲ ਰਹਿ ਰਹੀ ਹੈ।
ਲੋਹੜੀ ਦੇ ਦਿਨ ਸਵੇਰੇ ਕਰੀਬ 11.30 ਵਜੇ ਮਨਮੋਹਨ ਹਥਿਆਰਾਂ ਨਾਲ ਲੈਸ ਹੋ ਕੇ ਕੁਲਜੀਤ ਦੇ ਘਰ ਆਇਆ ਤੇ ਉਸ ਨੇ ਕੁਲਜੀਤ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਰਿਵਾਲਵਰ ਨਾਲ ਉਸ 'ਤੇ ਗੋਲੀ ਚਲਾਈ ਪਰ ਗੋਲੀ ਨਹੀਂ ਚੱਲੀ। ਇਸ 'ਤੇ ਗੁੱਸੇ ਵਿਚ ਆਏ ਦੋਸ਼ੀ ਨੇ ਛੁਰੇ ਨਾਲ ਕੁਲਜੀਤ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ।
ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਤੋਂ ਰਿਵਾਲਵਰ, 4 ਜ਼ਿੰਦਾ ਕਾਰਤੂਸ ਤੇ ਛੁਰਾ ਬਰਾਮਦ ਕਰ ਲਿਆ। 


Related News