ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਜ਼ਖਮੀ

Thursday, Sep 12, 2024 - 04:23 PM (IST)

ਅਬੋਹਰ (ਸੁਨੀਲ) : ਬੀਤੀ ਰਾਤ ਸਥਾਨਕ ਸੁਭਾਸ਼ ਨਗਰ ਨਿਵਾਸੀ ਅਤੇ ਸੀਤੋ ਰੋਡ ਪੁਲ ਦੇ ਹੇਠਾਂ ਪੰਕਚਰ ਦੀ ਦੁਕਾਨ ਚਲਾ ਰਹੇ ਨੌਜਵਾਨ ’ਤੇ ਅੱਧੀ ਦਰਜਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਨਕਦੀ ਅਤੇ ਮੋਬਾਈਲ ਲੁੱਟਣ ਉਪਰੰਤ ਫ਼ਰਾਰ ਹੋ ਗਏ। ਜ਼ਖਮੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।

ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਸੂਰਜ ਪੁੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਸ ਦੀ ਸੀਤੋ ਰੋਡ ’ਤੇ ਪੰਕਚਰ ਲਾਉਣ ਦਾ ਖੋਖਾ ਹੈ। ਬੀਤੀ ਰਾਤ ਕਰੀਬ 8 ਵਜੇ ਜਦੋਂ ਉਹ ਖੋਖੇ ’ਤੇ ਮੌਜੂਦ ਸੀ ਤਾਂ ਅੱਧੀ ਦਰਜਨ ਨੌਜਵਾਨ ਮੋਟਰਸਾਈਕਲ ’ਤੇ ਆਏ ਅਤੇ ਉਸ ਕੋਲੋਂ ਪੈਸੇ ਮੰਗੇ। ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਕਤ ਨੌਜਵਾਨਾਂ ਨੇ ਉਸ ’ਤੇ ਕਾਪਿਆਂ ਨਾਲ ਹਮਲਾ ਕਰਦੇ ਹੋਏ ਮੋਬਾਇਲ, ਨਕਦੀ ਅਤੇ ਉਸ ਦੇ ਗਲੇ ’ਚ ਪਾਈ ਹੋਈ ਚਾਂਦੀ ਦੀ ਚੇਨ ਕੱਢ ਲਈ ਅਤੇ ਫ਼ਰਾਰ ਹੋ ਗਏ।

ਬਾਅਦ ’ਚ ਸੂਚਨਾ ਮਿਲਣ ’ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ। ਜ਼ਿਕਰਯੋਗ ਹੈ ਕਿ ਮੋਟਰਸਾਈਕਲ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਸੀਤੋ ਰੋਡ ’ਤੇ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਨੇ ਕੁਝ ਦਿਨ ਪਹਿਲਾਂ ਇਕ ਫਾਸਟ ਫੂਡ ਵਿਕਰੇਤਾ ਨੂੰ ਲੁੱਟਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਸ ਵੱਲੋਂ ਸ਼ੋਰ ਪਾਉਣ ’ਤੇ ਜਦੋਂ ਲੋਕ ਮੌਕੇ ’ਤੇ ਪਹੁੰਚੇ ਤਾਂ ਇਹ ਨੌਜਵਾਨ ਉਥੋਂ ਫ਼ਰਾਰ ਹੋ ਗਏ।


Babita

Content Editor

Related News