ਕਮਿਸ਼ਨਰ ਦਫ਼ਤਰ ਤੋਂ ਇਨਸਾਫ਼ ਲੈਣ ਗਈ ਰੇਪ ਪੀੜਤ ਬੱਚੀ ਅਤੇ ਮਾਂ ''ਤੇ ਹਮਲਾ
Saturday, Sep 07, 2024 - 04:30 PM (IST)
ਲੁਧਿਆਣਾ (ਜ.ਬ.)- ਮੁਲਜ਼ਮਾਂ ਦਾ ਮਨੋਬਲ ਕਿੰਨਾ ਉੱਚਾ ਹੋ ਚੁੱਕਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਸ਼ਾਂਤਮਈ ਧਰਨੇ ’ਤੇ ਬੈਠੀ ਨਾਬਾਲਗ ਰੇਪ ਪੀੜਤਾ, ਉਸ ਦੀ ਮਾਂ ਅਤੇ ਹੋਰ ਸਾਥੀਆਂ ’ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨਾਲ ਕੁਝ ਔਰਤਾਂ ਵੀ ਸਨ, ਜਿਨ੍ਹਾਂ ਨੇ ਰੇਪ ਪੀੜਤਾ ਅਤੇ ਉਸ ਦੀ ਮਾਂ ਦੀ ਕੁੱਟਮਾਰ ਕੀਤੀ। ਪੀੜਤ ਪਰਿਵਾਰ ਨਾਲ ਮੌਜੂਦ ਲੋਕਾਂ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਇੱਟਾਂ-ਪੱਥਰ ਵਰ੍ਹਾਏ ਗਏ। ਇਹ ਸਾਰੀ ਘਟਨਾ ਸੀ. ਪੀ. ਦਫਤਰ ਦੇ ਬਾਹਰ ਮੇਨ ਰੋਡ ’ਤੇ ਹੋਈ, ਜਿਸ ਨੂੰ ਕਈ ਰਾਹਗੀਰਾਂ ਨੇ ਵੀ ਦੇਖਿਆ।
ਇਸ ਮਗਰੋਂ ਪੀੜਤ ਪਰਿਵਾਰ ਨੇ ਮੀਂਹ ’ਚ ਪੁਲਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਪੁਲਸ ਦੀ ਨੱਕ ਹੇਠ ਸ਼ਰੇਆਮ ਹਮਲੇ ਹੁੰਦੇ ਰਹਿਣਗੇ ਤਾਂ ਉਨ੍ਹਾਂ ਨੂੰ ਇਨਸਾਫ ਕਿਵੇਂ ਮਿਲੇਗਾ। ਹਾਲਾਂਕਿ ਬਾਅਦ ’ਚ ਏ. ਸੀ. ਪੀ. (ਸਿਵਲ ਲਾਈਨਜ਼) ਜਤਿਨ ਬਾਂਸਲ ਅਤੇ ਏ. ਸੀ. ਪੀ. (ਆਰਮਜ਼ ਲਾਇਸੈਂਸ) ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਪੀੜਤ ਪਰਿਵਾਰ ਦੀ ਗੱਲ ਸੁਣੀ ਅਤੇ ਮੁਲਜ਼ਮਾਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ।
ਦਰਅਸਲ, ਨਾਬਾਲਗ ਰੇਪ ਪੀੜਤਾ ਅਤੇ ਉਸ ਦੀ ਮਾਂ ਪਿਛਲੇ 3 ਦਿਨਾਂ ਤੋਂ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੀਅਾਂ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਨਾਬਾਲਗ ਪੀੜਤਾ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ, ਜਿਸ ’ਚ 4 ਵਿਅਕਤੀ ਸ਼ਾਮਲ ਸਨ ਪਰ ਥਾਣਾ ਸਾਹਨੇਵਾਲਾ ਦੀ ਪੁਲਸ ਨੇ ਸਿਰਫ 2 ਵਿਅਕਤੀਆਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਬਾਕੀ 2 ਵਿਅਕਤੀ ਬਾਹਰ ਸ਼ਰੇਆਮ ਘੁੰਮ ਰਹੇ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ! ਘਰ 'ਚ ਵੜ ਕੇ ਪਿਓ ਦੇ ਸਾਹਮਣੇ ਵੱਢ 'ਤਾ ਜਵਾਨ ਪੁੱਤ
ਉਸ ਦੀ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਉਹ ਇਨਸਾਫ਼ ਲੈਣ ਲਈ ਸ਼ਾਂਤਮਈ ਢੰਗ ਨਾਲ ਧਰਨੇ ’ਤੇ ਬੈਠੇ ਸਨ। ਇਸ ਦੌਰਾਨ ਫਿਰ ਕੁਝ ਔਰਤਾਂ ਉਥੇ ਆਈਆਂ, ਉਨ੍ਹਾਂ ਨਾਲ ਕੁਝ ਹੋਰ ਲੋਕ ਵੀ ਸਨ। ਉਨ੍ਹਾਂ ਨੇ ਆਉਂਦਿਆਂ ਹੀ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਔਰਤਾਂ ਨੇ ਪੀੜਤਾ ਅਤੇ ਉਸ ਦੀ ਮਾਂ ’ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪੀੜਤ ਪਰਿਵਾਰ ਨੇ ਇਕ ਔਰਤ ਨੂੰ ਫੜ ਲਿਆ। ਉਸ ਨੂੰ ਸੀ. ਪੀ. ਦਫ਼ਤਰ ਦੇ ਅੰਦਰ ਲਿਜਾ ਕੇ ਪੁਲਸ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸੀ. ਪੀ. ਦਫ਼ਤਰ ਦੇ ਅੰਦਰ ਹੀ ਧਰਨਾ ਲਗਾ ਦਿੱਤਾ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ।
ਦੂਜੇ ਪਾਸੇ ਏ. ਸੀ. ਪੀ. ਜਤਿਨ ਬਾਂਸਲ ਨੇ ਕਿਹਾ ਕਿ ਉਹ ਖੁਦ ਮੌਕੇ ’ਤੇ ਗਏ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਮਲਾ ਕਰਨ ਵਾਲੀਆਂ ਔਰਤਾਂ ਕੌਣ ਸਨ ਅਤੇ ਉਨ੍ਹਾਂ ਦਾ ਦੂਜੀ ਧਿਰ ਨਾਲ ਕੀ ਸਬੰਧ ਹਨ, ਜਾਂਚ ਤੋਂ ਬਾਅਦ ਯਕੀਨੀ ਤੌਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8