ਕੈਪਟਨ ਅਮਰਿੰਦਰ ਨੂੰ ਮਿਲੇ ਮੇਅਰ ਜਗਦੀਸ਼ ਰਾਜਾ

Wednesday, Apr 11, 2018 - 04:36 AM (IST)

ਜਲੰਧਰ, (ਖੁਰਾਣਾ)- ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜ ਰਾਜਾ ਅੱਜ ਮੇਅਰ ਬਣਨ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਵਿਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ। ਇਸ ਮੌਕੇ ਉਨ੍ਹਾਂ ਦੇ ਨਾਲ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਾਜਿੰਦਰ ਬੇਰੀ ਵੀ ਸਨ। ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਅਤੇ ਮੇਅਰ ਵਿਚ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਹੋਈ, ਜਿਸ ਦੌਰਾਨ ਨਗਰ ਨਿਗਮ ਦੇ ਸਾਹਮਣੇ ਚੱਲ ਰਹੇ ਵਿੱਤੀ ਸੰਕਟ ਦਾ ਵੀ ਜ਼ਿਕਰ ਆਇਆ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਵਿਚ ਪੈਸੇ ਦੀ ਤੰਗੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੇਅਰ ਵਿਕਾਸ ਕਾਰਜਾਂ ਸਬੰਧੀ ਪ੍ਰਾਜੈਕਟ ਬਣਾ ਕੇ ਲਿਆਉਣ। ਉਨ੍ਹਾਂ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੈਸਿਆਂ ਦੀ ਤੰਗੀ ਵੀ ਜਲਦੀ ਹੀ ਦੂਰ ਕੀਤੀ ਜਾਵੇਗੀ।
ਇਸ ਰਸਮੀ ਬੈਠਕ ਦੌਰਾਨ ਮੇਅਰ ਜਗਦੀਸ਼ ਰਾਜਾ ਦੇ ਛੋਟੇ ਭਰਾ ਸਵ. ਰਮੇਸ਼ ਬੰਟੀ ਦਾ ਵੀ ਜ਼ਿਕਰ ਆਇਆ। ਜ਼ਿਕਰਯੋਗ ਹੈ ਕਿ ਰਮੇਸ਼ ਬੰਟੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬੀਆਂ ਵਿਚੋਂ ਸਨ ਅਤੇ 2002 ਵਿਚ ਜਦੋਂ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਤਾਂ ਉਨ੍ਹਾਂ ਨੂੰ ਵਧਾਈ ਦੇਣ ਚੰਡੀਗੜ੍ਹ ਗਏ ਰਮੇਸ਼ ਬੰਟੀ ਜਲੰਧਰ ਪਰਤਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ।


Related News