ਪਾਵਰਕਾਮ ਮਹਿਕਮੇ ਦੇ ਮੁਲਾਜ਼ਮਾਂ ਦੀ ਘਾਟ ਕਾਰਨ ਕੰਮਕਾਜ ਹੋ ਰਿਹੈ ਪ੍ਰਭਾਵਿਤ

Monday, Oct 30, 2017 - 07:40 AM (IST)

ਪਾਵਰਕਾਮ ਮਹਿਕਮੇ ਦੇ ਮੁਲਾਜ਼ਮਾਂ ਦੀ ਘਾਟ ਕਾਰਨ ਕੰਮਕਾਜ ਹੋ ਰਿਹੈ ਪ੍ਰਭਾਵਿਤ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ  (ਸੁਖਪਾਲ ਢਿੱਲੋਂ, ਪਵਨ ਤਨੇਜਾ) - ਪਾਵਰਕਾਮ ਮਹਿਕਮੇ ਦਾ ਸਰਕਲ ਸ੍ਰੀ ਮੁਕਤਸਰ ਸਾਹਿਬ ਜਿਸ ਅਧੀਨ ਦੋ ਜ਼ਿਲੇ ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਆਉਂਦੇ ਹਨ, ਦਾ ਇਲਾਕਾ ਬੜਾ ਵੱਡਾ ਤੇ ਲੰਮਾ-ਚੌੜਾ ਹੈ ਪਰ ਉਕਤ ਸਰਕਲ ਅਧੀਨ ਆਉਂਦੀਆਂ ਡਵੀਜ਼ਨਾਂ 'ਚ ਮੁਲਾਜ਼ਮਾਂ ਦੀ ਵੱਡੀ ਘਾਟ ਰੜਕ ਰਹੀ ਹੈ, ਜਿਸ ਕਾਰਨ ਪਾਵਰਕਾਮ ਮਹਿਕਮੇ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਇਕ ਮੁਲਾਜ਼ਮ ਨੂੰ ਕਈ-ਕਈ ਮੁਲਾਜ਼ਮਾਂ ਦਾ ਕੰਮ ਕਰਨਾ ਪੈਂਦਾ ਹੈ ਤੇ ਕੰਮ 'ਚ ਦੇਰੀ ਵੀ ਹੋ ਜਾਂਦੀ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਇਸ ਸਰਕਲ ਅਧੀਨ ਆਉਂਦੀਆਂ 6 ਡਵੀਜ਼ਨਾਂ ਜਿਨ੍ਹਾਂ 'ਚ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ, ਬਾਦਲ, ਅਬੋਹਰ ਤੇ ਫਾਜ਼ਿਲਕਾ ਸ਼ਾਮਲ ਹਨ, 'ਚੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਹਫ਼ਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਇਸ ਸਰਕਲ 'ਚ ਮੁਲਾਜ਼ਮਾਂ ਦੀਆਂ ਕੁਲ 2644 ਅਸਾਮੀਆਂ ਹਨ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸਿਰਫ਼ 1005 ਮੁਲਾਜ਼ਮ ਹੀ ਕੰਮ ਕਰ ਰਹੇ ਹਨ ਤੇ ਮੁਲਾਜ਼ਮਾਂ ਦੀਆਂ 1639 ਪੋਸਟਾਂ ਖਾਲੀ ਪਈਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ ਕੁਨੈਕਸ਼ਨਾਂ ਦੀ ਗਿਣਤੀ 20 ਗੁਣਾ ਵੱਧ ਹੋ ਚੁੱਕੀ ਹੈ। ਨਵੀਆਂ ਲਾਈਨਾਂ ਖਿੱਚੀਆਂ ਜਾ ਰਹੀਆਂ ਹਨ, ਟਰਾਂਸਫਾਰਮਰ ਤੇ ਖੰਭੇ ਲੱਗ ਰਹੇ ਹਨ ਪਰ ਸਰਕਾਰ ਮੁਲਾਜ਼ਮਾਂ ਦੀ ਭਰਤੀ ਨਹੀਂ ਕਰ ਰਹੀ। ਸਾਲ 2016 'ਚ ਸਿਰਫ਼ 1000 ਮੁਲਾਜ਼ਮ ਭਰਤੀ ਕੀਤੇ ਗਏ ਸਨ, ਜੋ ਆਟੇ 'ਚ ਲੂਣ ਬਰਾਬਰ ਹਨ ਕਿਉਂਕਿ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ।
ਇਸ ਸਰਕਲ 'ਚ ਐੱਸ. ਡੀ. ਓ. ਦੀਆਂ 8 ਅਸਾਮੀਆਂ ਖਾਲੀ ਹਨ ਤੇ 130 ਜੇ. ਈ. ਦੀਆਂ ਪੋਸਟਾਂ 'ਚੋਂ 78 ਜੇ. ਈ. ਕੰਮ ਕਰ ਰਹੇ ਹਨ ਤੇ 52 ਅਸਾਮੀਆਂ ਖਾਲੀ ਹਨ। ਲਾਈਨਮੈਨਾਂ ਦੀਆਂ 565 ਪੋਸਟਾਂ 'ਚੋਂ 215 ਖਾਲੀ ਹਨ ਤੇ ਸਹਾਇਕ ਲਾਈਨਮੈਨਾਂ ਦੀਆਂ 1114 ਅਸਾਮੀਆਂ 'ਚੋਂ ਸਿਰਫ਼ 142 ਹੀ ਕੰਮ ਕਰ ਰਹੇ ਹਨ ਤੇ 972 ਖਾਲੀ ਹਨ। ਯੂ. ਡੀ. ਸੀ. ਦੀਆਂ 108 ਅਸਾਮੀਆਂ 'ਚੋਂ 52 ਭਰੀਆਂ ਹਨ ਤੇ 56 ਖਾਲੀ ਹਨ, ਜਦਕਿ ਐੱਲ. ਡੀ. ਸੀ. ਦੀਆਂ 129 ਪੋਸਟਾਂ 'ਚੋਂ 52 ਮੁਲਾਜ਼ਮ ਹਨ ਤੇ 77 ਖਾਲੀ ਪਈਆਂ ਹਨ। ਸਭ ਤੋਂ ਮਾੜਾ ਹਾਲ ਕੈਸ਼ੀਅਰਾਂ ਦੀਆਂ ਅਸਾਮੀਆਂ ਦਾ ਹੈ। ਸਰਕਲ ਅਧੀਨ 79 ਪੋਸਟਾਂ ਹਨ ਪਰ ਸਿਰਫ਼ 8 ਕੈਸ਼ੀਅਰ ਹਨ ਤੇ 71 ਅਸਾਮੀਆਂ ਖਾਲੀ ਹਨ। ਪੈਸਿਆਂ ਦਾ ਲੈਣ-ਦੇਣ ਕੈਸ਼ੀਅਰਾਂ ਨੇ ਹੀ ਕਰਨਾ ਹੁੰਦਾ ਹੈ ਤੇ ਇਥੇ ਪੱਕੇ ਮੁਲਾਜ਼ਮਾਂ ਦੀ ਲੋੜ ਹੈ। ਕੁਲ ਮਿਲਾ ਕੇ ਇਹ ਸਰਕਲ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹਾ ਹੈ।
24 ਸਬ-ਡਵੀਜ਼ਨਾਂ ਤੇ ਇਕ ਉਪ ਦਫ਼ਤਰ
ਇਸ ਸਰਕਲ ਅਧੀਨ ਪਾਵਰਕਾਮ ਮਹਿਕਮੇ ਦੀਆਂ ਕੁਲ 24 ਸਬ-ਡਵੀਜ਼ਨਾਂ ਆਉਂਦੀਆਂ ਹਨ, ਜੋ ਸ਼ਹਿਰੀ ਤੇ ਪੇਂਡੂ ਖੇਤਰ 'ਚ ਹਨ। ਇਸ ਤੋਂ ਇਲਾਵਾ ਮੰਡੀ ਲੱਖੇਵਾਲੀ ਵਿਖੇ ਮਹਿਕਮੇ ਦਾ ਸਬ-ਦਫ਼ਤਰ ਹੈ, ਜਦਕਿ ਪੂਰੇ ਪੰਜਾਬ 'ਚ ਕਿਤੇ ਵੀ ਸਬ-ਆਫ਼ਿਸ ਨਹੀਂ ਹੈ। ਇਥੇ ਸਬ- ਡਵੀਜ਼ਨ ਬਣਾਉਣ ਦੀ ਲੋੜ ਹੈ ਕਿਉਂਕਿ ਇਲਾਕਾ ਲੰਮਾ ਹੈ।
ਸਰਕਲ ਅਧੀਨ 4 ਲੱਖ 79 ਹਜ਼ਾਰ 200 ਕੁਨੈਕਸ਼ਨ ਹਨ
ਉਕਤ ਸਰਕਲ ਅਧੀਨ ਕੁਲ 4 ਲੱਖ 79 ਹਜ਼ਾਰ 200 ਕੁਨੈਕਸ਼ਨ ਚੱਲ ਰਹੇ ਹਨ। ਇਨ੍ਹਾਂ 'ਚੋਂ 3 ਲੱਖ 71 ਹਜ਼ਾਰ ਕੁਨੈਕਸ਼ਨ ਘਰੇਲੂ ਹਨ, ਜਦਕਿ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਿਊਬਵੈੱਲਾਂ ਦੀਆਂ ਮੋਟਰਾਂ ਦੇ ਕੁਨੈਕਸ਼ਨਾਂ ਦੀ ਗਣਤੀ 1 ਲੱਖ 3 ਹਜ਼ਾਰ ਹੈ। ਛੋਟੇ ਤੇ ਦਰਮਿਆਨੇ ਉਦਯੋਗਾਂ ਦੇ ਕੁਨੈਕਸ਼ਨ 5000 ਹਨ, ਜਦਕਿ ਵੱਡੇ ਉਦਯੋਗਾਂ ਦੇ ਕੁਨੈਕਸ਼ਨ 200 ਹਨ।
3215 ਚੋਰੀ ਦੇ ਕੇਸ ਫੜ ਕੇ 6 ਕਰੋੜ 49 ਲੱਖ ਵਸੂਲਿਆ ਜੁਰਮਾਨਾ
ਪਾਵਰਕਾਮ ਮਹਿਕਮੇ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਇਸ ਸਾਲ ਹੁਣ ਤੱਕ 25 ਹਜ਼ਾਰ 550 ਥਾਵਾਂ ਦੀ ਚੈਕਿੰਗ ਕੀਤੀ ਗਈ ਤੇ ਇਸ ਦੌਰਾਨ 3215 ਚੋਰੀ ਦੇ ਕੇਸ ਫੜੇ ਗਏ ਤੇ ਬਿਜਲੀ ਚੋਰੀ ਕਰਨ ਵਾਲਿਆਂ ਕੋਲੋਂ 6 ਕਰੋੜ 49 ਲੱਖ ਰੁਪਏ ਵਸੂਲੇ ਗਏ। ਪਿਛਲੇ ਸਾਲ ਮਹਿਕਮੇ ਨੇ 12 ਹਜ਼ਾਰ 12 ਥਾਵਾਂ 'ਤੇ ਚੈਕਿੰਗ ਕਰ ਕੇ 905 ਚੋਰੀ ਦੇ ਕੇਸ ਫੜੇ ਸਨ ਤੇ ਲੋਕਾਂ ਨੂੰ 2 ਕਰੋੜ 3 ਲੱਖ 76 ਹਜ਼ਾਰ ਰੁਪਏ ਜੁਰਮਾਨਾ ਕੀਤਾ ਸੀ।
132 ਕਰੋੜ 70 ਲੱਖ ਰੁਪਏ ਬਕਾਇਆ ਖੜ੍ਹਾ
ਪਾਵਰਕਾਮ ਮਹਿਕਮੇ ਦਾ ਇਸ ਸਰਕਲ ਅਧੀਨ ਬਿਜਲੀ ਦੇ ਬਿੱਲਾਂ ਦਾ 132 ਕਰੋੜ 70 ਲੱਖ ਰੁਪਏ ਬਕਾਇਆ ਖੜ੍ਹਾ ਹੈ, ਜਿਸ 'ਚ ਸਰਕਾਰੀ ਅਦਾਰਿਆਂ, ਉਦਯੋਗਾਂ ਅਤੇ ਲੋਕਾਂ ਦੇ ਘਰਾਂ ਦੇ ਮੀਟਰਾਂ ਦੇ ਬਕਾਇਆ ਬਿੱਲ ਸ਼ਾਮਲ ਹਨ।
ਸਰਕਲ 'ਚ ਚੱਲ ਰਹੇ ਹਨ 47 ਬਿਜਲੀ ਗਰਿੱਡ
ਸਰਕਲ ਸ੍ਰੀ ਮੁਕਤਸਰ ਸਾਹਿਬ ਅਧੀਨ 47 ਬਿਜਲੀ ਦੇ ਗਰਿੱਡ ਚੱਲ ਰਹੇ ਹਨ। ਡਵੀਜ਼ਨ ਸ੍ਰੀ ਮੁਕਤਸਰ ਸਾਹਿਬ 'ਚ ਮੁਕਤਸਰ, ਲੁਬਾਣਿਆਵਾਲੀ, ਫੱਤਣਵਾਲਾ, ਰੁਪਾਣਾ ਫਿਡੇ ਖੁਰਦ, ਗੁਲਾਬੇਵਾਲਾ ਤੇ ਭੁੱਟੀਵਾਲਾ ਵਿਖੇ 66 ਕੇ. ਵੀ. ਤੇ ਲੱਖੇਵਾਲੀ ਤੇ ਖੁੜੰਜ ਵਿਖੇ 33 ਕੇ. ਵੀ. ਹਨ। ਡਵੀਜ਼ਨ ਮਲੋਟ 'ਚ ਔਲਖ, ਕੱਟਿਆਵਾਲੀ, ਮਿੱਡਾ, ਅਰਨੀਵਾਲਾ, ਚੱਕ ਸ਼ੇਰੇਵਾਲਾ, ਅਬੁਲ ਖੁਰਾਨਾ, ਫਤਿਹਪੁਰ ਮਨੀਆ, ਆਲਮਵਾਲਾ, ਕੋਲਿਆਂਵਾਲੀ, ਘੱਟਿਆਂਵਾਲੀ ਤੇ ਕੰਧ ਵਾਲਾ ਹਾਜ਼ਰ ਖਾ ਵਿਖੇ 33 ਕੇ. ਵੀ. ਹਨ। ਡਵੀਜ਼ਨ ਗਿੱਦੜਬਾਹਾ 'ਚ ਕਾਉਣੀ, ਥਰਾਜਵਾਲਾ ਤੇ ਕੋਟਭਾਈ ਵਿਖੇ 66 ਕੇ. ਵੀ. ਅਤੇ ਗਿਲਜੇਵਾਲਾ, ਸੁਖਨਾ ਅਬਲੂ, ਵਾੜਾ ਕ੍ਰਿਸ਼ਨਪੁਰਾ, ਭਲਾਈਆਣਾ ਤੇ ਮਧੀਰ ਵਿਖੇ 33 ਕੇ. ਵੀ. ਹਨ। ਡਵੀਜ਼ਨ ਬਾਦਲ ਵਿਖੇ ਡੱਬਵਾਲੀ, ਫੱਤਾਕੇਰਾ, ਪਥਰਾਲਾ, ਭੀਟੀਵਾਲਾ, ਲੰਬੀ, ਨੰਦਗੜ੍ਹ-ਘੁੱਦਾ, ਸਿੱਖਾਂਵਾਲਾ ਤੇ ਬਨਵਾਲਾ ਅਨੁਕਾ ਵਿਖੇ 66 ਕੇ. ਵੀ. ਬਿਜਲੀ ਦੇ ਗਰਿੱਡ ਹਨ। ਡਵੀਜ਼ਨ ਅਬੋਹਰ 'ਚ ਅਬੋਹਰ, ਸੀਤੋਗੁਨੋ, ਅਮਰਪੁਰਾ, ਪੱਟੀ ਟਿੱਬਾ, ਖੂਈਆ ਸਰਵਰ ਤੇ ਕਲਰ ਖੇੜਾ ਵਿਖੇ 66 ਕੇ. ਵੀ. ਹਨ, ਜਦਕਿ ਡਵੀਜ਼ਨ ਫਾਜ਼ਿਲਕਾ 'ਚ ਫਾਜ਼ਿਲਕਾ, ਰਾਣਾ, ਚਿਮਨੇਵਾਲਾ, ਲਾਧੂਕਾ, ਕਰਨੀ ਖੇੜਾ, ਬਨਵਾਲਾ, ਮਹਾਤਮ ਨਗਰ ਤੇ ਥੇਹ ਕਲੰਦਰ ਵਿਖੇ 66 ਕੇ. ਵੀ. ਅਤੇ ਖੂਈ ਖੇੜਾ ਤੇ ਖਿਉਵਾਲੀ ਢਾਬ ਵਿਖੇ 33 ਕੇ. ਵੀ. ਬਿਜਲੀ ਦੇ ਗਰਿੱਡ ਹਨ।


Related News