ਨਸ਼ੀਲੇ ਪਦਾਰਥਾਂ ਦੇ ਖ਼ਤਰੇ ''ਤੇ ਫੈਸਲਾਕੁਨ ਜਿੱਤ ਵੱਲ ਵਧ ਰਿਹੈ ਪੰਜਾਬ : ਮੁੱਖ ਮੰਤਰੀ

Saturday, Dec 27, 2025 - 05:16 PM (IST)

ਨਸ਼ੀਲੇ ਪਦਾਰਥਾਂ ਦੇ ਖ਼ਤਰੇ ''ਤੇ ਫੈਸਲਾਕੁਨ ਜਿੱਤ ਵੱਲ ਵਧ ਰਿਹੈ ਪੰਜਾਬ : ਮੁੱਖ ਮੰਤਰੀ

ਚੰਡੀਗੜ੍ਹ : ਪੰਜਾਬ ਵਿਚ ਨਸ਼ੀਲੇ ਪਦਾਰਥਾਂ ਅਤੇ ਸੰਗਠਿਤ ਅਪਰਾਧਾਂ ਦੇ ਨੈੱਟਵਰਕਾਂ ਵਿਰੁੱਧ ਫੈਸਲਾਕੁੰਨ ਕਦਮ ਚੁੱਕਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿਚ 85418 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਐਨ.ਡੀ.ਪੀ.ਐਸ. (ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ) ਐਕਟ ਅਧੀਨ ਸਜ਼ਾ ਦਰ 88 ਫ਼ੀਸਦ ਰਹੀ ਹੈ ਅਤੇ 1 ਜਨਵਰੀ, 2025 ਤੋਂ ਹੁਣ ਤੱਕ 916 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ, ਨਸ਼ਾ ਤਸਕਰਾਂ ਵਿਰੁੱਧ 63053 ਮਾਮਲੇ ਦਰਜ ਕੀਤੇ ਗਏ ਹਨ। ਮਾਨ ਨੇ ਕਿਹਾ ਕਿ 2025 ਵਿਚ ਜਦੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਦੋਂ ਤੋਂ ਪੁਲਸ ਨੇ 30,144 ਐਫ.ਆਈ.ਆਰ. ਦਰਜ ਕੀਤੀਆਂ ਹਨ ਅਤੇ 40,302 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਖ਼ਤਰੇ ਵਿਰੁੱਧ ਆਪਣੀ ਕਿਸਮ ਦੀ ਇਹ ਨਿਵੇਕਲੀ ਮੁਹਿੰਮ ਪਹਿਲੀ ਮਾਰਚ, 2025 ਨੂੰ ਸ਼ੁਰੂ ਕੀਤੀ ਗਈ ਸੀ, ਜੋ ਨਸ਼ਿਆਂ ਨੂੰ ਰੋਕਣ ਵਿੱਚ ਕਾਫ਼ੀ ਹੱਦ ਤੱਕ ਸਫ਼ਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦਾ ਮੁਕਾਬਲਾ ਕਰਨ ਲਈ ਤਿੰਨ ਸਿਧਾਂਤਾਂ ਇਨਫੋਰਸਮੈਂਟ, ਨਸ਼ਾ ਮੁਕਤੀ ਅਤੇ ਰੋਕਥਾਮ 'ਤੇ ਅਧਾਰਤ ਬਹੁ-ਪੱਖੀ ਰਣਨੀਤੀ ਤਿਆਰ ਕੀਤੀ ਗਈ ਸੀ, ਜਿਸ ਦੇ ਨਤੀਜੇ ਵਧੀਆ ਰਹੇ ਹਨ। ਮਾਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਨਸ਼ਾ ਸਪਲਾਈ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਤਸਕਰੀ ਨੈੱਟਵਰਕ ਨੂੰ ਤਬਾਹ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿਚ 5119.94 ਕਿਲੋ ਹੈਰੋਇਨ, 3458.53 ਕਿਲੋ ਅਫੀਮ, 5.82 ਕਿਲੋ ਕੋਕੀਨ, 82.04 ਕਿਲੋ ਆਈਸ ਅਤੇ 4.98 ਕਰੋੜ ਕੈਪਸੂਲਾਂ ਦੇ ਨਾਲ-ਨਾਲ 52.46 ਕਰੋੜ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੀ ਸਕਾਲਰਸ਼ਿਪ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ 2022 ਤੋਂ ਨਸ਼ਿਆਂ ਵਿਰੁੱਧ ਲੜਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ, ਜਿਸ ਤਹਿਤ ਵਿਆਪਕ, ਨਿਰੰਤਰ ਅਤੇ ਨਤੀਜਾ-ਮੁਖੀ ਪਹੁੰਚ ਅਪਣਾਈ ਗਈ ਹੈ, ਜਿਸ ਵਿਚ ਇਨਫੋਰਸਮੈਂਟ, ਵਿੱਤੀ ਰੁਕਾਵਟ, ਤਕਨਾਲੋਜੀ ਆਧਾਰਿਤ ਪੁਲਿਸਿੰਗ, ਸਜ਼ਾ ਯਕੀਨੀ ਬਣਾਉਣ, ਜਨਤਕ ਭਾਗੀਦਾਰੀ ਅਤੇ ਮੁੜ-ਵਸੇਬਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਇਸ ਰਣਨੀਤੀ ਨੂੰ ਲਾਗੂ ਕਰਨ ਵਿਚ ਸਭ ਤੋਂ ਅੱਗੇ ਰਹੀ ਹੈ, ਜਿਸ ਦੇ ਨਤੀਜੇ ਵਜੋਂ ਸਾਰੇ ਮੁੱਖ ਸੂਚਕਾਂ ‘ਤੇ ਮਾਪਣਯੋਗ ਅਤੇ ਸਾਰਥਕ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਦੇ ਯਤਨ ਇੱਕਾ-ਦੁੱਕਾ ਜ਼ਬਤੀਆਂ ਤੋਂ ਵਪਾਰਕ ਮਾਤਰਾ ਦੇ ਮਾਮਲਿਆਂ ਵਾਲੇ ਅਪਰਾਧੀਆਂ, ਆਦਤਨ ਅਪਰਾਧੀਆਂ ਅਤੇ ਸੰਗਠਿਤ ਤਸਕਰੀ ਨੈੱਟਵਰਕਾਂ ਵਿਰੁੱਧ ਨਿਸ਼ਾਨਾਬੱਧ ਕਾਰਵਾਈ ਵੱਲ ਤਬਦੀਲ ਹੋ ਗਏ ਹਨ, ਜਿਸ ਨਾਲ ਉੱਚ ਪੱਧਰਾਂ 'ਤੇ ਨਸ਼ਾ ਸਪਲਾਈ ਨੂੰ ਤੋੜਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, SSP ਲਖਬੀਰ ਸਿੰਘ ਨੂੰ ਕੀਤਾ ਮੁਅੱਤਲ

ਮੁੱਖ ਮੰਤਰੀ ਨੇ ਕਿਹਾ ਕਿ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ 1,400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ 2022 ਤੋਂ 2025 ਦੌਰਾਨ 2730 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਨਾਲ ਇੱਕ ਸਪੱਸ਼ਟ ਸੰਦੇਸ਼ ਗਿਆ ਹੈ ਕਿ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਅਪਰਾਧ ਤੋਂ ਕਮਾਈ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮਾਨ ਨੇ ਕਿਹਾ ਕਿ ਜਾਂਚ ਗੁਣਵੱਤਾ ਅਤੇ ਕਾਨੂੰਨੀ ਪੈਰਵੀ ਦੇ ਨਤੀਜੇ ਵਜੋਂ ਅਦਾਲਤਾਂ ਦੁਆਰਾ 25,000 ਤੋਂ ਵੱਧ ਐਨ.ਡੀ.ਪੀ.ਐਸ. ਕੇਸਾਂ ਦਾ ਫੈਸਲਾ ਕੀਤਾ ਗਿਆ, ਜਿਸ ਵਿਚ 21,600 ਤੋਂ ਵੱਧ ਸਜ਼ਾਵਾਂ ਹੋਈਆਂ। ਉਨ੍ਹਾਂ ਕਿਹਾ ਕਿ ਸਮੁੱਚੀ ਸਜ਼ਾ ਦਰ ਲਗਪਗ 84 ਫੀਸਦੀ ਹੈ, ਜੋ ਲਗਾਤਾਰ ਸੁਧਰ ਰਹੀ ਹੈ ਅਤੇ 2025 ਵਿੱਚ ਇਹ ਦਰ ਤਕਰੀਬਨ 88 ਫੀਸਦੀ ਤੱਕ ਪਹੁੰਚ ਗਈ ਹੈ, ਜੋ ਕਿ ਮਜ਼ਬੂਤ ਕੇਸ ਤਿਆਰੀ ਅਤੇ ਫੋਰੈਂਸਿਕ ਸਹਾਇਤਾ ਅਤੇ ਮੁਕੱਦਮੇਬਾਜ਼ੀ ਨੂੰ ਦਰਸਾਉਂਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੀ.ਏ.ਆਈ.ਐਸ. ਆਧਾਰਤ ਵਿਸ਼ਲੇਸ਼ਣ, ਤਕਨੀਕੀ ਸੈੱਲਾਂ, ਡਿਜੀਟਲ ਫੋਰੈਂਸਿਕ ਅਤੇ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ਰਾਹੀਂ ਤਕਨੀਕੀ ਸਮਰੱਥਾ ਨੂੰ ਕਾਫ਼ੀ ਮਜ਼ਬੂਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 'ਸੇਫ਼ ਪੰਜਾਬ ਵਟਸਐਪ ਚੈਟਬੋਟ’ ਰਾਹੀਂ ਲਗਪਗ 30,000 ਕਾਰਵਾਈਯੋਗ ਸੁਝਾਅ, 11,000 ਤੋਂ ਵੱਧ ਐਫ.ਆਈ.ਆਰ. ਅਤੇ ਲਗਪਗ 14,000 ਗ੍ਰਿਫਤਾਰੀਆਂ ਕੀਤੀਆਂ, ਜਿਸ ਦੀ ਸਜ਼ਾਯੋਗ ਦਰ ਤਕਰੀਬਨ 38 ਫੀਸਦੀ ਹੈ। ਗੈਂਗਸਟਰਾਂ ਵਿਰੁੱਧ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਮਾਨ ਨੇ ਕਿਹਾ ਕਿ ਪਹਿਲੀ ਜਨਵਰੀ ਤੋਂ 17 ਦਸੰਬਰ ਤੱਕ, ਪੰਜਾਬ ਪੁਲਸ ਨੇ 916 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, 13 ਨੂੰ ਮੁਕਾਬਲਿਆਂ ਵਿੱਚ ਖ਼ਤਮ ਕੀਤਾ, 389 ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ 594 ਹਥਿਆਰ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇਤਿਹਾਸਕ ਫੈ਼ਸਲਾ, ਇਨ੍ਹਾਂ ਲੋਕਾਂ ਨੂੰ ਮਿਲੇਗਾ ਵੱਡਾ ਲਾਭ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News