ਇਤਿਹਾਸ ਦੀ ਡਾਇਰੀ: 14 ਫਰਵਰੀ ਦਾ ਹੈ ਸ਼ਹੀਦ ਭਗਤ ਸਿੰਘ ਨਾਲ ਕੁਨੈਕਸ਼ਨ (ਵੀਡੀਓ)

02/14/2020 10:36:43 AM

ਜਲੰਧਰ (ਬਿਊਰੋ): ਦੋਸਤੋਂ ਅੱਜ 14 ਫਰਵਰੀ ਹੈ, ਵੈਲੇਨਟਾਈਨ ਡੇਅ ਹੈ। ਯਾਨੀ ਕਿ ਪਿਆਰ-ਮੁਹੱਬਤ ਦਾ ਦਿਨ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਦੇਵ ਤੇ ਸੁਖਦੇਵ ਦੇ ਅੰਤਿਮ ਦਿਨਾਂ ਨਾਲ ਵੀ ਜੁੜਿਆ ਹੈ। 'ਇਤਿਹਾਸ ਦੀ ਡਾਇਰੀ' ਦੇ ਅੱਜ ਦੇ ਐਪੀਸੋਡ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਰ 14 ਫਰਵਰੀ ਦਾ ਸ਼ਹੀਦ ਭਗਤ ਸਿੰਘ ਨਾਲ ਕੀ ਕੁਨੈਕਸ਼ਨ ਹੈ। ਇਸ ਦਿਨ ਜਦੋਂ ਬਾਕੀ ਦੁਨੀਆ ਪਿਆਰ ਦੀਆਂ ਪੀਂਘਾਂ ਝੂਟਦੀ ਹੈ, ਤਾਂ ਕਿਉਂ ਜਾਗਦੀ ਹੈ ਭਾਰਤੀਆਂ ਦੀ ਦੇਸ਼ ਭਗਤੀ, ਫਿਰ ਤੁਹਾਨੂੰ ਦੱਸਾਂਗੇ ਕਿ ਯੂਟਿਊਬ ਬਣਾਉਣ ਦਾ ਆਈਡਿਆ ਕਦੋਂ , ਕਿਵੇਂ ਤੇ ਕਿਨ੍ਹਾਂ ਨੂੰ ਆਇਆ ਅਤੇ ਦਿਲਾਂ ਦੀ ਮੱਲਿਕਾ
ਮਧੂਬਾਲਾ ਦਾ 14 ਫਰਵਰੀ ਨਾਲ ਕੀ ਨਾਅਤਾ ਹੈ,  ਤਾਂ ਫਿਰ ਫਰੋਲਦੇ ਹਾਂ ਇਤਿਹਾਸ ਦੀ ਡਾਇਰੀ ਦੇ ਪੰਨੇ....

14 ਫਰਵਰੀ ਦਾ ਭਗਤ ਸਿੰਘ ਦਾ ਨਾਲ ਕੁਨੈਕਸ਼ਨ
14 ਫਰਵਰੀ ਦੁਨੀਆ ਭਰ ਵਿਚ ਇਸ ਦਿਨ ਨੂੰ ਵੈਲੇਨਟਾਈਨ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਪਰ ਅਕਸਰ ਇਸ ਦਿਨ ਭਾਰਤ ਵਾਸੀਆਂ ਵਿਚ ਦੇਸ਼ ਪ੍ਰੇਮ ਜਾਗ ਜਾਂਦਾ ਹੈ। ਅਚਾਨਕ ਇਸ ਦੇ ਵਿਰੋਧ 'ਚ ਕਈ ਮੈਸੇਜ ਤੁਹਾਡੇ ਫੋਨ 'ਤੇ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਇਸ ਦਿਨ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਇਹ ਗੱਲ ਸੱਚ ਨਹੀਂ ਹੈ ਪਰ ਇਹ ਤਰੀਕ ਫਿਰ ਵੀ ਇਨ੍ਹਾਂ ਮਹਾਨ ਦੇਸ਼ ਭਗਤਾਂ ਨਾਲ ਜੁੜੀ ਹੋਈ ਹੈ।
ਦਰਅਸਲ ਇਸ ਦਿਨ 14 ਫਰਵਰੀ 1931 ਨੂੰ ਪੰਡਿਤ ਮਦਨ ਮੋਹਨ ਮਾਲਵੀਏ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਦੀ ਸਜ਼ਾ ਮੁਆਫੀ ਲਈ ਇਕ ਪਟੀਸ਼ਨ ਦਾਇਰ ਕੀਤੀ ਸੀ। ਮਾਲਵੀਏ ਨੇ ਉਸ ਸਮੇਂ ਦੇ ਵਾਇਸ ਰਾਏ ਇਰਵਿਨ ਨੂੰ ਇਨਸਾਨੀਅਤ ਦਾ ਵਾਸਤਾ ਦਿੱਤਾ ਸੀ। ਇਕ ਵਾਇਸ ਰਾਏ ਇਰਵਿਨ ਹੀ ਸੀ ਜੋ ਭਗਤ ਸਿੰਘ ਹੁਰਾਂ ਦੀ ਸਜ਼ਾ ਮੁਆਫ ਕਰਨ ਦੀ ਤਾਕਤ ਰੱਖਦਾ ਸੀ ਪਰ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਜਿਸ ਦੇ ਨਾਲ ਹੀ ਪੱਕਾ ਹੋ ਗਿਆ ਕਿ ਭਗਤ ਸਿੰਘ ਰਾਜਗੁਰੂ ਦੇਵ ਨੂੰ ਫਾਂਸੀ ਦਿੱਤੀ ਜਾਵੇਗੀ।
ਮਾਲਵੀਏ ਉਹੀ ਵਿਅਕਤੀ ਹਨ ਜਿਨ੍ਹਾਂ ਨੇ ਬਨਾਰਸ ਯੂਨੀਵਰਸਿਟੀ ਬਣਾਈ ਸੀ। ਉਨ੍ਹਾਂ ਨੇ ਇਕ ਵਾਰ ਨਹੀਂ ਸਗੋਂ ਦੋ ਵਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਕ ਵਾਰ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿਚ ਬਹਿਸ ਦੌਰਾਨ ਇਹ ਮੁੱਦਾ ਚੁੱਕਿਆ ਸੀ।

ਯੂਟਿਊਬ ਦਾ ਹੈਪੀ ਬਰਥਡੇ

14 ਫਰਵਰੀ ਯਾਨੀ ਕਿ ਅੱਜ ਦੇ ਦਿਨ ਸਾਲ 2005 ਨੂੰ  ਯੂਟਿਊਬ ਦਾ ਜਨਮ ਹੋਇਆ। ਕਹਿੰਦੇ ਨੇ ਲੋੜ ਕਾਢ ਦੀ ਮਾਂ ਹੁੰਦੀ ਹੈ ਤੇ ਯੂਟਿਊਬ ਬਣਾਉਣ ਦਾ ਆਈਡਿਆ ਵੀ ਕੁਝ ਇਸੇ ਤਰ੍ਹਾਂ ਤਿੰਨ ਦੋਸਤਾਂ ਦੇ ਦਿਮਾਗ ਵਿਚ ਆਇਆ। ਦਰਅਸਲ ਤਿੰਨ ਦੋਸਤਾਂ ਚਾਡ ਹਰਲੇ, ਜਾਵੇਦ ਕਰੀਮ ਤੇ ਸਟੀਵ ਚੇਨ ਨੇ ਇਕ ਬਰਥਡੇ ਪਾਰਟੀ ਮਨਾਈ। ਪਾਰਟੀ ਦੀ ਵੀਡੀਓ ਉਹ ਹੋਰ ਦੋਸਤਾਂ ਨਾਲ ਸਾਂਝੀ ਕਰਨਾ ਚਾਹੁੰਦੇ ਸੀ ਪਰ ਅਜਿਹਾ ਕਰਨ ਲੱਗੇ ਤਾਂ ਹੋ ਨਾ ਸਕਿਆ ਕਿਉਂਕਿ ਉਸ ਸਮੇਂ ਕੋਈ ਵੀ ਵੀਡੀਓ ਸ਼ੇਅਰਿੰਗ ਸਾਈਟ ਨਹੀਂ ਸੀ, ਜਿਸ 'ਤੇ ਵੱਡੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾ ਸਕਣ। ਬੱਸ ਇਸੇ ਬਰਥਡੇ ਪਾਰਟੀ ਤੋਂ ਪੈਦਾ ਹੋ ਗਿਆ ਯੂਟਿਊਬ ਦਾ ਆਈਡੀਆ।
ਚਾਡ ਹਰਲੇ, ਜਾਵੇਦ ਕਰੀਮ ਤੇ ਸਟੀਲ ਚੇਨ ਤਿੰਨੇਂ ਪੇਅਪਲ 'ਚ ਕੰਮ ਕਰਦੇ ਸਨ। ਫੋਟੋ ਸ਼ੇਅਰਿੰਗ ਦੇ ਜ਼ਮਾਨੇ ਵਿਚ ਉਨ੍ਹਾਂ ਵੀਡੀਓ ਸ਼ੇਅਰਿੰਗ ਸਾਈਟ ਯੂਟਿਊਬ ਬਣਾਈ। ਹਰਲੇ ਨੇ ਯੂਟਿਊਬ ਦੇ ਨਾਂ ਤੋਂ 2005 ਵਿਚ ਵੈਲੇਨਟਾਈਨ ਡੇਅ 'ਤੇ ਇਕ ਟਰੇਡਮਾਰਕ, ਡੋਮੇਨ ਨੇਮ ਤੇ ਲੋਗੋ ਰਜਿਸਟਰ ਕਰਵਾ ਲਿਆ। ਪਹਿਲੀ ਵੀਡੀਓ ਜਾਵੇਦ ਕਰੀਮ ਨੇ ਅਪਲੋਡ ਕੀਤੀ, ਜਿਸ ਦਾ ਨਾਂ ਸੀ ਮੀ ਐਟ ਦਿ ਜ਼ੂ ਅੱਜ ਯੂਟਿਊਬ, ਫੇਸਬੁੱਕ ਅਤੇ ਗੂਗਲ ਤੋਂ ਬਾਅਦ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਵੈੱਬਸਾਈਟ ਹੈ। ਇੱਥੇ ਹਰ ਮਹੀਨੇ ਕਰੀਬ 7000 ਕਰੋੜ ਘੰਟੇ ਵੀਡੀਓਜ਼ ਦੇਖੇ ਜਾਂਦੇ ਹਨ। ਹਰ ਮਿੰਟ ਵਿਚ ਛੇ ਘੰਟਿਆਂ ਦੀਆਂ ਵੀਡੀਓਜ਼ ਅਪਲੋਡ ਹੋ ਰਹੀਆਂ ਹਨ। ਗੰਗਨਮ ਸਟਾਈਲ ਯੂਟਿਊਬ 'ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਵੀਡੀਓ ਹੈ। ਅਕਤੂਬਰ 2006 ਵਿਚ ਗੂਗਲ ਨੇ ਯੂਟਿਊਬ ਨੂੰ 1.65 ਬਿਲੀਅਨ ਡਾਲਰ 'ਚ ਖਰੀਦ ਲਿਆ। ਭਾਰਤ ਵਿਚ ਯੂਟਿਊਬ ਸਾਲ 2007 ਵਿਚ ਆਈ।

ਦਿਲ ਨੇ ਹੀ ਲੈ ਲਈ ਦਿਲਰੁਬਾ ਦੀ ਜਾਨ
ਦਿਨ ਪਿਆਰ ਦਾ ਹੋਵੇ ਤੇ ਉਸ ਅਭਿਨੇਤਰੀ ਦਾ ਜ਼ਿਕਰ ਨਾ ਹੋਵੇ, ਜਿਸ ਨੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਤਾਂ ਬਹੁਤ ਵੱਡੀ ਨਾਇਨਸਾਫੀ ਹੋਵੇਗੀ। ਸੋ ਗੱਲ ਉਸ ਦਿਲਰੁਬਾ ਦੀ। ਜੋ ਦਿਲਾਂ ਵਿਚ ਅੱਜ ਵੀ ਧੜਕਦੀ ਹੈ। ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀ ਮਧੂਬਾਲਾ ਦੀ ਜੋ ਵੈਲੇਨਟਾਈਨ ਦੇ ਦਿਨ ਹੀ ਦੁਨੀਆ 'ਤੇ ਆਈ ਸੀ.... ਤੇ ਕਰੋੜਾਂ ਲੋਕਾਂ ਦਾ ਪਿਆਰ ਲੈ ਕੇ ਦੁਨੀਆ ਨੂੰ ਅਲਵਿਦਾ ਆਖ ਗਈ।

ਬਾਲੀਵੁੱਡ ਦੇ ਖੂਬਸੂਰਤ ਚਿਹਰਿਆਂ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਮਧੂਬਾਲਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਮਨਮੋਹਕ, ਦਿਲਕਸ਼ ਅਦਾਵਾਂ, ਬਲਾ ਦਾ ਖੂਬਸੂਰਤ ਚਿਹਰਾ, ਨੂਰ ਅਜਿਹਾ, ਜਿਸ ਦੇ ਅੱਗੇ ਸਭ ਕੁਝ ਫਿੱਕਾ ਲੱਗਦਾ ਹੈ। ਆਪਣੀ ਖੂਬਸੂਰਤੀ ਨਾਲ ਪੂਰੀ ਦੁਨੀਆ ਨੂੰ ਦੀਵਾਨਾ ਬਣਾਉਣ ਵਾਲੀ ਮਧੂਬਾਲਾ ਦਾ ਜਨਮ ਵੀ ਵੈਲੇਨਟਾਈਨ ਡੇਅ 'ਤੇ 14 ਫਰਵਰੀ 1933 ਨੂੰ ਹੋਇਆ। ਸ਼ੋਖ ਤੇ ਅੱਲੜ੍ਹ ਹਸੀਨਾ ਨੂੰ ਗੁਜਰੇ ਨੂੰ ਪੰਜ ਦਹਾਕੇ ਹੋ ਚੁੱਕੇ ਹਨ ਪਰ ਅੱਜ ਵੀ ਉਸ ਨੂੰ ਚਾਹੁਣ ਵਾਲੇ ਜਿਸ ਸ਼ਿੱਦਤ ਨਾਲ ਉਸ ਨੂੰ ਯਾਦ ਕਰਦੇ ਹਨ। ਉਸ ਦੀ ਦੂਜੀ ਮਿਸਾਲ ਨਹੀਂ ਮਿਲਦੀ। ਮਧੂਬਾਲਾ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਾਜਕਪੂਰ ਨੇ ਇਕ ਵਾਰ ਕਿਹਾ ਸੀ ਕਿ ਲੱਗਦਾ ਹੈ ਈਸ਼ਵਰ ਨੇ ਉਸ ਨੂੰ ਖੁਦ ਆਪਣੇ ਹੱਥਾਂ ਨਾਲ ਸੰਗਮਰਮਰ ਨਾਲ ਤਰਾਸ਼ਿਆ ਹੈ।

ਮਹਿਜ 36 ਸਾਲਾਂ ਦੀ ਉਮਰ ਵਿਚ ਇਹ ਟਰੈਜਡੀ ਕੁਈਨ ਦੁਨੀਆ ਨੂੰ ਅਲਵਿਦਾ ਆਖ ਗਈ ਪਰ ਛੋਟੇ ਜਿਹੇ ਫਿਲਮੀ ਤੇ ਜ਼ਿੰਦਗੀ ਦੇ ਸਫਰ ਵਿਚ ਮਧੂਵਾਲਾ ਨੇ ਉਹ ਮੁਕਾਮ ਹਾਸਲ ਕੀਤਾ ਜੋ ਕੋਈ ਹੋਰ ਨਹੀਂ ਕਰ ਸਕਿਆ।  ਦਿਲਾਂ 'ਤੇ ਰਾਜ ਕਰਨ ਵਾਲੀ ਮਧੂਬਾਲਾ ਦੀ ਮੌਤ ਦਿਲ ਦੀ ਬੀਮਾਰੀ ਕਾਰਨ ਹੀ ਹੋਈ। ਕਰੋੜਾਂ ਲੋਕਾਂ ਦਾ ਪਿਆਰ ਲੈਣ ਵਾਲੀ ਮਧੂਬਾਲਾ ਹਮਸਫਰ ਦੇ ਪਿਆਰ ਨੂੰ ਤਰਸਦੀ ਇਸ ਦੁਨੀਆ ਤੋਂ ਗਈ। ਦਲੀਪ ਕੁਮਾਰ ਨਾਲ ਉਸ ਦਾ ਪਿਆਰ ਪਰਵਾਨ ਨਾ ਚੜ੍ਹ ਸਕਿਆ। ਬਾਲੀਵੁੱਡ ਅਭਿਨੇਤਾ ਕਿਸ਼ੋਰ ਕੁਮਾਰ ਵਿਆਹ ਹੋਇਆ ਪਰ ਦਿਲ ਦੀ ਬੀਮਾਰੀ ਕਾਰਨ ਉਹ ਵਿਆਹ ਤੋਂ ਕੁਝ ਸਾਲਾਂ ਬਾਅਦ ਹੀ ਮਧੂਬਾਲਾ ਨੂੰ ਉਨ੍ਹਾਂ ਦੇ ਪਰਿਵਾਰ ਕੋਲ ਛੱਡ ਗਏ। ਮਧੂਬਾਲਾ ਦੀ ਜ਼ਿੰਦਗੀ ਦੇ ਆਖਰੀ 9 ਸਾਲ ਬੰਦ ਕਮਰੇ ਵਿਚ ਇਕੱਲੇਪਣ ਵਿਚ ਗੁਜ਼ਰੇ ਤੇ ਫਿਲਮਾਂ ਵਾਂਗ ਉਹ ਜ਼ਿੰਦਗੀ ਵਿਚ ਵੀ ਟਰੈਜ਼ਡੀ ਕੁਈਨ ਬਣ ਗਈ।

ਇਹ ਸੀ ਇਤਿਹਾਸ ਦੀ ਡਾਇਰੀ ਦੇ ਕੁਝ ਸੁਨਹਿਰੀ ਪੰਨੇ। ਇਨ੍ਹਾਂ ਤੋਂ ਇਲਾਵਾ ਕਈ ਹੋਰ ਵੱਡੀਆਂ ਘਟਨਾਵਾਂ ਇਸ ਦਿਨ ਵਾਪਰੀਆਂ... ਤੇ ਕਈ ਸ਼ਖਸੀਅਤਾਂ ਦਾ ਜਨਮ ਹੋਇਆ। ਉਨ੍ਹਾਂ 'ਤੇ ਮਾਰਦੇ ਆ ਇਕ ਝਾਤ
1912--- ਪਹਿਲੀ ਡੀਜ਼ਲ ਪਨਡੁੱਬੀ ਲੰਡਨ ਦੇ ਨੇੜੇ ਗ੍ਰੋਟਨ ਸ਼ਹਿਰ ਵਿਚ ਬਣਾਈ ਗਈ
1989-- ਭੋਪਾਲ ਗੈਸ ਕਾਂਡ ਦੀ ਜ਼ਿੰਮੇਵਾਰੀ ਯੂਨੀਅਨ ਕਾਰਬਾਈਡ ਸਰਕਾਰ ਨੂੰ ਮੁਆਵਜ਼ਾ ਦੇਣ 'ਤੇ ਰਾਜ਼ੀ ਹੋਈ ਸੀ।
1930- ਭਾਰਤੀ ਕ੍ਰਿਕਟ ਖਿਡਾਰੀ ਕਪਿਲ ਦੇਵ ਨੇ 400 ਵਿਕੇਟ ਤੇ 5000 ਦੌੜਾਂ ਦਾ ਰਿਕਾਰਡ ਬਣਾਇਆ।

ਜਨਮ
1952-- ਮਰਹੂਮ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਜਨਮ ਹੋਇਆ


Shyna

Content Editor

Related News