ਕੌਣ ਹਨ ਤਰਨਤਾਰਨ ਜ਼ਿਮਨੀ ਚੋਣ ਜਿੱਤਣ ਵਾਲੇ ਹਰਮੀਤ ਸਿੰਘ ਸੰਧੂ, ਜਾਣੋ ਕੀ ਹੈ ਪਿਛੋਕੜ
Friday, Nov 14, 2025 - 04:14 PM (IST)
ਤਰਨਤਾਰਨ- ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ, ਜਿਸ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਵੱਡੀ ਲੀਡ 42649 ਨਾਲ ਜਿੱਤ ਦਰਜ ਕੀਤੀ ਹੈ। ਦੂਜੇ ਨੰਬਰ 'ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਹੀ, ਜਿਨ੍ਹਾਂ ਨੇ 30558 ਵੋਟਾਂ ਹਾਸਲ ਕਰਕੇ ਮੁਕਾਬਲੇ ਵਿੱਚ ਆਪਣੀ ਪੋਜ਼ੀਸ਼ਨ ਬਣਾਈ ਰੱਖੀ। ਤੀਜੇ ਨੰਬਰ 'ਤੇ ਵਾਰਸ ਪੰਜਾਬ ਦੇ (ਆਜ਼ਾਦ ਉਮੀਦਵਾਰ) ਮਨਦੀਪ ਸਿੰਘ ਨੂੰ 19620 ਵੋਟਾਂ ਮਿਲੀਆਂ, ਜਦਕਿ ਚੌਥੇ ਨੰਬਰ 'ਤੇ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਰਹੇ, ਜਿਨ੍ਹਾਂ ਨੂੰ 15078 ਵੋਟਾਂ ਹੀ ਹਾਸਲ ਹੋ ਸਕੀਆਂ। ਪੰਜਵੇਂ ਨੰਬਰ 'ਤੇ ਹਰਜੀਤ ਸਿੰਘ ਸੰਧੂ ਮਹਿਜ਼ 6239 ਵੋਟਾਂ ਹੀ ਹਾਸਲ ਕਰ ਸਕੇ। ਦੱਸ ਦੇਈਏ ਕਿ ਕੁੱਲ 16 ਰਾਊਂਡਾਂ 'ਚ ਵੋਟਾਂ ਦੀ ਗਿਣਤੀ ਮੁਕੰਮਲ ਕੀਤੀ ਗਈ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ 'ਚ 'ਆਪ' ਦੇ ਹਰਮੀਤ ਸੰਧੂ 12091 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ
ਸਿਆਸੀ ਸਫ਼ਰ 'ਤੇ ਮਾਰੋ ਚਾਤ
ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਹਰਮੀਤ ਸਿੰਘ ਸੰਧੂ ਸਿਆਸਤ 'ਚ ਲੰਬੀ ਪਾਰੀ ਖੇਡ ਚੁੱਕੇ ਹਨ। ਹਰਮੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਸੰਧੂ ਨੇ 2022 ਦੀ ਵਿਧਾਨ ਸਭਾ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਤਰਨ ਤਾਰਨ ਹਲਕੇ ਤੋਂ ਲੜੀ ਸੀ ਪਰ ਉਹ ‘ਆਪ’ ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਹਾਰ ਗਏ ਸਨ। ਹਰਮੀਤ ਸਿੰਘ ਸੰਧੂ ਦਾ ਸਿਆਸੀ ਸਫ਼ਰ ਉਨ੍ਹਾਂ ਦੇ ਜੱਦੀ ਇਲਾਕੇ ਤਰਨ ਤਾਰਨ ਤੋਂ ਹੀ ਸ਼ੁਰੂ ਹੋਇਆ ਸੀ। ਉਹ ਤਰਨ ਤਾਰਨ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ। 2002 ਵਿੱਚ ਸੰਧੂ ਨੇ ਆਜ਼ਾਦ ਉਮੀਦਵਾਰ ਵੱਜੋਂ ਜਿੱਤ ਦਰਜ ਕਰਵਾਈ ਸੀ ਅਤੇ ਫ਼ਿਰ 2007 ਅਤੇ 2012 ਵਿੱਚ ਲਗਾਤਾਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੇ ਅਤੇ ਜਿੱਤੇ। ਸੰਧੂ ਨੇ 2017 ਅਤੇ 2022 ਦੀ ਵਿਧਾਨ ਸਭਾ ਚੋਣ ਵੀ ਤਰਨ ਤਾਰਨ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ ਪਰ ਉਹ ਜਿੱਤ ਨਹੀਂ ਸਨ ਸਕੇ। ਗਰੈਜੁਏਸ਼ਨ ਤੱਕ ਸਿੱਖਿਆਯਾਫ਼ਤਾ ਹਰਮੀਤ ਸਿੰਘ ਸੰਧੂ ਸਿਆਸਤਦਾਨ ਹੋਣ ਦੇ ਨਾਲ-ਨਾਲ ਖੇਤੀ ਕਰਦੇ ਹਨ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਨਤੀਜਿਆਂ 'ਤੇ ਕੀ ਬੋਲੇ ਅੰਮ੍ਰਿਤਪਾਲ ਦੇ ਪਿਤਾ
ਜਾਇਦਾਦ
ਉਨ੍ਹਾਂ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਚੋਣ ਕਮਿਸ਼ਨ ਨੂੰ ਦਿੱਤੇ ਵੇਰਵਿਆਂ ਮੁਤਾਬਕ ਉਨ੍ਹਾਂ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ 4 ਕਰੋੜ ਤੋਂ ਵੱਧ ਹੈ ਜਿਸ ਵਿੱਚ ਕਰੀਬ ਦੋ ਕਰੋੜ ਦੀ ਕੀਮਤ ਦੀ ਵਾਹੀਯੋਗ ਜ਼ਮੀਨ ਹੈ। ਸੰਧੂ 4.20 ਕਰੋੜ ਰੁਪਏ ਦੇ ਕਰੀਬ ਮੁੱਲ ਦੀਆਂ ਰਿਹਾਇਸ਼ੀ ਇਮਰਾਤਾਂ ਦੇ ਮਾਲਕ ਹਨ। ਇਸ ਵਿੱਚ ਤਰਨ ਤਾਰਨ ਦੇ ਰਕਬਾ ਕੱਕਾ ਕੰਧਾਲੀਆਂ ਵਿੱਚ 7000 ਵਰਗ ਫੁੱਟ ਦਾ ਘਰ ਅਤੇ ਨਿਊ-ਚੰਡੀਗੜ੍ਹ ਵਿੱਚ 3500 ਵਰਗ ਫੁੱਟ ਦੀ ਜਾਇਦਾਦ ਸ਼ਾਮਲ ਹੈ। ਉਨ੍ਹਾਂ ਦੀ ਪਤਨੀ ਦੇ ਨਾਮ ਉੱਤੇ ਵੀ 1 ਕਰੋੜ ਤੋਂ ਵੱਧ ਮੁੱਲ ਦੀ ਜਾਇਦਾਦ ਹੈ। ਹਰਮੀਤ ਸਿੰਘ ਸੰਧੂ ਦੇ ਨਾਮ 'ਤੇ 2.21 ਕਰੋੜ ਤੋਂ ਵੱਧ ਦਾ ਲੋਨ ਵੀ ਹੈ। ਇਸੇ ਤਰ੍ਹਾਂ ਪਤਨੀ ਦੇ ਨਾਮ ਉੱਤੇ 57 ਲੱਖ ਦਾ ਕਰਜ਼ਾ ਲਿਆ ਗਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਮਨਦੀਪ ਸਿੰਘ ਖਾਲਸਾ ਦਾ ਪਹਿਲਾ ਬਿਆਨ
ਉਨ੍ਹਾਂ ਦੀ ਆਮਦਨ ਦਾ ਜ਼ਰੀਆ ਪੈਨਸ਼ਨ ਅਤੇ ਆਮਦਨ ਤੋਂ ਆਉਣ ਵਾਲਾ ਵਿਆਜ਼ ਹੈ ਜਦੋਂ ਕਿ ਉਨ੍ਹਾਂ ਦੀ ਪਤਨੀ ਦੀ ਆਮਦਨ ਖੇਤੀ ਅਤੇ ਵਿਆਜ਼ ਤੋਂ ਹੁੰਦੀ ਹੈ। ਉਨ੍ਹਾਂ ਕੋਲ 330 ਗ੍ਰਾਮ ਸੋਨਾ ਹੈ ਅਤੇ ਪਤਨੀ ਕੋਲ 1170 ਗ੍ਰਾਮ ਸੋਨਾ ਹੈ ਜਿਸ ਦੀ ਕੁੱਲ ਕੀਮਤ 2 ਕਰੋੜ ਤੋਂ ਵੱਧ ਹੈ। ਇਸ ਤੋਂ ਇਲਾਵਾ ਸੰਧੂ ਕੋਲ ਇੱਕ 2025 ਵਿੱਚ ਖ਼ਰੀਦੀ ਗਈ ਲੈਂਡ ਕਰੂਜ਼ਰ ਗੱਡੀ ਹੈ ਜਿਸ ਦੀ ਕੀਮਤ ਕਰੀਬ 2 ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2017 ਵਿੱਚ ਇੱਕ ਫਾਰਚਿਊਨਰ ਗੱਡੀ ਵੀ ਖਰੀਦੀ ਸੀ। ਮੌਜੂਦਾ ਸਮੇਂ ਵਿੱਚ ਹਰਮੀਤ ਸਿੰਘ ਸਿੱਧੂ ਖ਼ਿਲਾਫ਼ ਕੋਈ ਵੀ ਮਾਮਲਾ ਨਹੀਂ ਹੈ।
