ਇਤਿਹਾਸ ਦੀ ਡਾਇਰੀ: ਇਸ ਮਹਾਨ ਨਾਇਕ ਨੇ ਰੱਖੀ ਸੀ ਆਪਣੀ ਮਾਂ ਦੇ ਧਰਮ ਦੀ ਲਾਜ (ਵੀਡੀਓ)

01/28/2020 10:47:03 AM

ਜਲੰਧਰ (ਬਿਊਰੋ): ਇਤਿਹਾਸ ਦੀ ਡਾਇਰੀ 'ਚੋਂ ਅੱਜ ਅਸੀਂ ਲਿਆਏ ਹਾਂ 28 ਜਨਵਰੀ, ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਹਾੜਾ। ਅਸੀਂ ਇਸ ਮਹਾਨਾਇਕ ਦੇ ਬਾਰੇ ਇਸ ਪ੍ਰੋਗਰਾਮ 'ਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਕਿ ਆਜ਼ਾਦੀ ਦੇ ਇਤਿਹਾਸ 'ਚ, ਆਜ਼ਾਦੀ ਦੇ ਅੰਦੋਲਨ 'ਚ, ਉਸ ਸੁੰਤਰਤਾ ਸੰਗਰਾਮ 'ਚ ਲਾਲਾ ਲਾਜਪਤ ਰਾਏ ਜੀ ਦਾ ਕੀ ਯੋਗਦਾਨ ਰਿਹਾ ਸੀ। ਅੱਜ ਲਾਲਾ ਲਾਜਪਤ ਰਾਏ ਨੂੰ ਅਸੀਂ ਕਿਸ ਤਰ੍ਹਾਂ ਸਮਝ ਸਕਦੇ ਹਾਂ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਿਰਫ ਆਜ਼ਾਦੀ ਦੀ ਉਸ ਲੜਾਈ ਨੂੰ ਲੜਨਾ ਹੀ ਨਹੀਂ, ਸਗੋਂ ਉਸ ਦੌਰਾਨ ਜੋ ਬਾਕੀ ਸੰਘਰਸ਼ ਸਨ, ਜਾਂ ਸਮਾਜ ਨੂੰ ਕੀ ਦਿਸ਼ਾ ਦਿੱਤੀ ਜਾਵੇ, ਇਸ 'ਚ ਵੀ ਲਾਲਾ ਜੀ ਦਾ ਯੋਗਦਾਨ ਘੱਟ ਨਹੀਂ ਸੀ। ਪੰਜਾਬ ਨੈਸ਼ਨਲ ਬੈਂਕ ਦੀਆਂ ਅਲਗ-ਅਲਗ ਬ੍ਰਾਂਚਾਂ ਹੁਣ ਅਸੀਂ ਦੇਸ਼ ਭਰ 'ਚ ਦੇਖਦੇ ਹਾਂ, ਉਸ ਦੇ ਸੰਸਥਾਪਕ ਸਨ ਲਾਲਾ ਲਾਜਪਤ ਰਾਏ, ਇਸ ਦੇ ਨਾਲ ਮਜਦੂਰਾਂ ਦੇ ਸੰਗਠਨਾਂ ਦੇ ਸੰਸਥਾਪਕ ਸਨ, ਲਾਲਾ ਲਾਜਪਤ ਰਾਏ ਪਹਿਲੇ ਉਤਰੀ ਭਾਰਤੀ ਸਨ, ਜਿਨ੍ਹਾਂ ਨੇ ਛੱਤਰਪਤੀ ਸ਼ਿਵਾ ਜੀ ਦੀ ਜੀਵਨੀ ਲਿਖੀ। ਅਨਾਥ ਆਸ਼ਰਮ ਜਦ ਸ਼ੁਰੂ ਹੋਏ ਤਾਂ ਸਭ ਤੋਂ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਏ, ਉਸਦੀ ਸ਼ੁਰੂਆਤ 'ਚ ਲਾਲਾ ਲਾਜਪਤ ਰਾਏ ਜੀ ਦਾ ਅਹਿਮ ਯੋਗਦਾਨ ਸੀ। ਲਾਲਾ ਲਾਜਪਤ ਰਾਏ ਜੀ ਦੇ ਜੀਵਨ ਨਾਲ ਜੁੜੇ ਕੁੱਝ ਪੰਨਿਆਂ ਨੂੰ ਫਰੋਲਦੀ ਹੈ ਸਾਡੀ ਇਹ ਖਾਸ ਪੇਸ਼ਕਸ਼, ਜੋ ਹੈ ਇਤਿਹਾਸ ਦੀ ਡਾਇਰੀ...      
ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਭਾਰਤ ਦੀ ਸੰਤਰਤਾ ਸੰਗਰਾਮ ਦੇ ਅਮਰ ਸੈਲਾਨੀ ਰਹੇ, ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਅਤੇ ਵਿਪਨ ਚੰਦਰਪਾਲ ਨੂੰ ਲਾਲ, ਬਾਲ, ਪਾਲ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ। ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1865 ਨੂੰ ਪੰਜਾਬ ਦੇ ਜ਼ਿਲਾ ਫਿਰੋਜ਼ਪੁਰ ਪਿੰਡ ਢੁਡੀਕੇ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਧਾਕ੍ਰਿਸ਼ਨ ਤੇ ਮਾਤਾ ਜੀ ਦਾ ਨਾਂ ਗੁਲਾਬੀ ਦੇਵੀ ਸੀ। ਲਾਲ, ਬਾਲ, ਪਾਲ ਨੇ ਸਭ ਤੋਂ ਪਹਿਲਾਂ ਭਾਰਤ ਦੀ ਪੂਰਨ ਤੌਰ 'ਤੇ ਆਜ਼ਾਦੀ ਦੀ ਮੰਗ ਚੁੱਕੀ ਸੀ।

ਲਾਜਪਤ ਨਾਂਅ ਕਿਵੇਂ ਰੱਖਿਆ ਗਿਆ
ਮਸ਼ਹੂਰ ਇਤਿਹਾਸਕਾਰ ਡਾ. ਸਤੀਸ਼ ਚੰਦਰ ਮਿੱਤਲ ਦੇ ਮੁਤਾਬਕ ਜਦੋਂ ਲਾਲਾ ਜੀ 6 ਮਹੀਨਿਆਂ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ, ਇਹ ਸੁਣਕੇ ਲਾਲਾ ਜੀ ਦੀ ਮਾਂ ਬਹੁਤ ਪ੍ਰੇਸ਼ਾਨ ਹੋਈ, ਮਾਂ ਨੇ ਕਿਹਾ ਕਿ ਇਹ ਤੁਸੀਂ ਕੀ ਕਰਨਾ ਚਾਉਂਦੇ ਹੋ? ਪਰ ਇੱਕ ਦਿਨ ਲਾਲਾ ਜੀ ਦੇ ਪਿਤਾ ਜੀ ਖੁਦ ਘਰੋਂ ਇਹ ਕਹਿ ਕੇ ਤੁਰ ਪਏ ਕਿ ਉਹ ਮੁਸਲਮਾਨ ਬਣਨ ਚੱਲੇ ਹਨ, ਲਾਲਾ ਜੀ ਨੂੰ ਉਨ੍ਹਾਂ ਦੀ ਮਾਂ ਨੇ ਗੋਦੀ ਚੁੱਕਿਆ ਤੇ ਉਨ੍ਹਾਂ ਦੇ ਪਿਤਾ ਜੀ ਦੇ ਪਿੱਛੇ -ਪਿੱਛੇ ਤੁਰਦੀ ਰੋਕ ਰਹੀ ਤੇ ਪੁੱਛਦੀ ਰਹੀ ਕਿ ਇਹ ਸਭ ਤੁਸੀਂ ਕਿਉਂ ਕਰ ਰਹੇ ਹੋ? ਲਾਲਾ ਜੀ ਦੇ ਪਿਤਾ ਜੀ ਨੂੰ ਯਾਦ ਦਵਾਇਆ ਕਿ ਸਾਡੇ ਪੁਰਵਰਜ ਕੌਣ ਸਨ? ਧਰਮ ਦੀ ਗੱਲ ਦੱਸੀ, ਪਰ ਇਸ ਸਭ ਨੂੰ ਅਣਸੁਣਿਆ ਕਰ ਲਾਲਾ ਜੀ ਦੇ ਪਿਤਾ ਮਸਜਿਦ ਦੀਆਂ ਪੌੜੀਆਂ ਚੜਨ ਲੱਗੇ। 6 ਮਹੀਨੇ ਦਾ ਬੱਚਾ ਲੈ ਮਾਂ ਪਿੱਛੇ-ਪਿੱਛੇ ਭੱਜ ਰਹੀ ਸੀ ਤੇ ਇਸ ਭੱਜ ਦੌੜ ਦੀ ਹਲਚਲ 'ਚ ਲਾਲਾ ਜੀ ਬੁਰੀ ਤਰ੍ਹਾਂ ਰੋਣ ਲੱਗੇ। ਆਪਣੇ ਬੱਚੇ ਦੀ ਰੋਂਦੇ ਦੀ ਆਵਾਜ਼ ਸੁਣਕੇ ਲਾਲਾ ਜੀ ਦੇ ਪਿਤਾ ਦੇ ਦਿਲ 'ਚ ਅਚਾਨਕ ਇੱਕ ਕਰੁਣਾ ਜਿਹੀ ਆਈ ਤੇ ਉਹ ਵਾਪਸ ਮੁੜ ਪੌੜੀਆਂ ਤੋਂ ਥੱਲੇ ਉਤਰਨ ਲੱਗੇ। ਇਹ ਦੇਖ ਮਾਂ ਨੂੰ ਲੱਗਿਆ ਕਿ ਇਸ ਬੱਚੇ ਨੇ ਮੇਰਾ ਧਰਮ ਬਚਾਅ ਲਿਆ, ਮਾਂ ਨੂੰ ਲੱਗਿਆ ਕਿ ਉਸਦੇ ਬੱਚੇ ਨੇ ਆਪਣੀ ਮਾਂ ਦੀ ਲਾਜ ਰੱਖ ਲਈ, ਤੇ ਲਾਲਾ ਜੀ ਦੇ ਨਾਂਅ ਨਾਲ ਫਿਰ ਲੱਗਿਆ ਲਾਜਪਤ ਜਾਨੀਕੇ ਲਾਜ ਬਚਾ ਲਈ ਤੇ ਪਤ ਰੱਖ ਵਾਲਾ, ਇਸ ਲਈ ਲਾਲਾ ਜੀ ਨੂੰ ਲਾਜਪਤ ਰਾਏ ਕਹਿੰਦੇ ਹਨ।    

ਵਿਆਹ ਤੇ ਸਿਆਸੀ ਸਫ਼ਰ ਦੀ ਸ਼ੁਰੂਆਤ 'ਤੇ
ਲਾਲਾ ਲਾਜਪਤ ਰਾਏ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਪਿਤਾ ਜੀ ਤੋਂ ਹੀ ਹਾਸਲ ਕੀਤੀ। ਪ੍ਰਾਇਮਰੀ ਤੱਕ ਦੀ ਪੜ੍ਹਾਈ ਲਾਲਾ ਜੀ ਨੇ ਰੋਪੜ ਦੇ ਸਰਕਾਰੀ ਮਿਡਲ ਸਕੂਲ ਅਤੇ ਅੱਠਵੀਂ ਦੀ ਪੜਾਈ ਜਗਰਾਊਂ ਸਕੂਲ ਤੋਂ ਕੀਤੀ। ਮਹਿਜ਼ 12 ਸਾਲ ਦੀ ਉਮਰ 'ਚ ਸਾਲ 1867 'ਚ ਲਾਲਾ ਲਾਜਪਤ ਰਾਏ ਦਾ ਰਾਧਾ ਦੇਵੀ ਨਾਲ ਵਿਆਹ ਹੋ ਗਿਆ ਸੀ। ਨਵੰਬਰ 1880 ਵਿਚ ਉਚੇਰੀ ਸਿੱਖਿਆ ਲਈ ਲਾਲਾ ਜੀ ਲਾਹੌਰ ਚਲੇ ਗਏ। ਲਾਲਾ ਲਾਜਪਤ ਰਾਏ ਆਰਿਆ ਸਮਾਜ ਤੋਂ ਬੇਹੱਦ ਪ੍ਰਭਾਵਿਤ ਸਨ। ਸੁਆਮੀ ਦਯਾਨੰਦ ਸਰਸਵਤੀ ਨੇ 10 ਅਪਰੈਲ 1875 ਨੂੰ ਬੰਬਈ ਵਿਚ ਆਰੀਆ ਸਮਾਜ ਦੀ ਨੀਂਹ ਰੱਖੀ। ਇੱਥੇ ਲਾਜਪਤ ਰਾਏ ਵੱਲੋਂ ਬਿਤਾਏ 2 ਸਾਲ ਉਨ੍ਹਾਂ ਦੇ ਭਵਿੱਖ ਲਈ ਬੜੇ ਮਹੱਤਵਪੂਰਨ ਸਿੱਧ ਹੋਏ। ਉਨ੍ਹਾਂ ਨੇ ਦੇਸ਼ ਪਿਆਰ ਅਤੇ ਸਮਾਜ ਸੁਧਾਰ ਦਾ ਪਹਿਲਾ ਪਾਠ ਇੱਥੇ ਹੀ ਪੜ੍ਹਿਆ। ਲਾਲਾ ਜੀ ਦੇ ਸਿਆਸੀ ਜੀਵਨ ਦੀ ਸ਼ੁਰੂਆਤ 1888 ਵਿਚ ਕਾਂਗਰਸ ਦੇ ਅਲਾਹਬਾਦ ਦੇ ਚੌਥੇ ਸਾਲਾਨਾ ਅਜਲਾਸ ਤੋਂ ਸ਼ੁਰੂ ਹੋਈ। ਇਸ ਵਿਚ ਲਾਲਾ ਜੀ ਨੇ ਪੰਜਾਬ 'ਚੋਂ ਚੁਣੇ ਗਏ ਡੈਲੀਗੇਟ ਵਜੋਂ ਪਹਿਲੀ ਵਾਰ 6 ਸਾਥੀਆਂ ਸਮੇਤ ਹਿੱਸਾ ਲਿਆ ਤੇ ਉਰਦੂ ਵਿਚ ਭਾਸ਼ਣ ਦਿੱਤਾ।

ਪੀ.ਐੱਨ.ਬੀ ਬੈਂਕ ਦੀ ਸਥਾਪਨਾ
ਬ੍ਰਿਟਿਸ਼ ਬੈਂਕ ਤੇ ਬਰਿਟਿਸ਼ ਕੰਪਨੀਆਂ ਨੂੰ ਚਲਾਉਣ ਦੇ ਲਈ ਭਾਰਤ ਦੇ ਪੈਸੇ ਦਾ ਇਸਤਮਾਲ ਕੀਤਾ ਜਾ ਰਿਹਾ ਸੀ ਤੇ ਇਸਦਾ ਮੁਨਾਫ਼ਾ ਅੰਗਰੇਜ਼ ਲੈ ਰਹੇ ਸਨ ਇਸ ਦੇ ਬਦਲੇ ਭਾਰਤੀਆਂ ਨੂੰ ਮਾਮੂਲੀ ਜਿਹਾ ਵਿਆਜ਼ ਮਿਲਿਆ ਕਰਦਾ ਸੀ। , ਤੇ ਲਾਲਾ ਲਾਜਪਤ ਰਾਏ ਇਸ ਗੱਲ ਤੋਂ ਕਾਫੀ ਚਿੰਤਤ ਸਨ, ਲਾਲਾ ਜੀ ਨੇ ਆਰਿਆ ਸਮਾਜ ਦੇ ਰਾਏ ਬਹਾਦੁਰ ਦੇ ਨਾਲ ਇੱਕ ਲੇਖ 'ਚ ਆਪਣੀ ਇਸ ਭਾਵਨਾ ਦਾ ਇਜ਼ਹਾਰ ਕੀਤਾ। ਖੁਦ ਰਾਏ ਬਹਾਦੁਰ ਵੀ ਇਸ ਤੱਥ ਦਾ ਵਿਚਾਰ ਰੱਖਦੇ ਸੀ ਕਿ ਭਾਰਤੀਆਂ ਦਾ ਆਪਣਾ ਮੂਲ ਬੈਂਕ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਲਾਲਾ ਲਾਜਪਤ ਰਾਏ ਨੇ ਆਪਣੇ ਚੋਣੀਂਦਾ ਦੋਸਤਾਂ ਨੂੰ ਚਿੱਠੀ ਭੇਜੀ ਜੋ ਸਵਦੇਸ਼ੀ ਭਾਰਤ
ਜੁਆਈਇੰਟ ਸਟਾਕ ਬੈਂਕ ਦੀ ਸਥਾਪਨਾ 'ਚ ਪਹਿਲਾ ਕਦਮ ਸੀ। ਇਸ ਤੋਂ ਬਾਅਦ ਜਲਦ ਹੀ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਇੰਡਿਅਨ ਕੰਪਨੀ ਐਕਟ 1882 ਦੀ ਧਾਰਾ 6 ਦੇ ਤਹਿਤ 19 ਮਈ 1894 ਨੂੰ ਪੀ.ਐੱਨ.ਬੀ. ਦੀ ਅਨਾਰਕਲੀ ਬਜ਼ਾਰ ਵਿਖੇ ਲਾਹੌਰ 'ਚ ਸਥਾਪਨਾ ਹੋਈ।

ਸਾਈਮਨ ਕਮਿਸ਼ਨ ਗੋ ਬੈਕ ਦਾ ਨਾਅਰਾ
ਲਾਲਾ ਲਾਜਪਤ ਰਾਏ ਭਾਰਤ ਦੀ ਆਜ਼ਾਦੀ ਦੇ ਮਾਮਲੇ 'ਚ ਫੈਸਲੇ ਲੈਣ ਦੇ ਲਈ ਅੰਗਰੇਜ਼ੀ ਰਾਜ ਦੇ ਵੱਲੋਂ ਨਿਯੁਕਤ ਕੀਤੇ ਗਏ ਸਾਈਮਨ ਕਮਿਸ਼ਨ ਦੇ ਵਿਰੋਧ 'ਚ ਲਾਹੌਰ ਵਿਖੇ ਇੱਕ ਵੱਡਾ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ 'ਚ ਲਾਲਾ ਜੀ ਨੇ ਸਾਈਮਨ ਕਮਿਸ਼ਨ ਗੋ ਬੈਕ ਦਾ ਨਾਅਰਾ ਦਿੱਤਾ ਸੀ। 30 ਅਕਤੂਬਰ 1928 ਨੂੰ ਬ੍ਰਿਟਿਸ਼ ਹਕੂਮਤ ਨੇ ਉਨ੍ਹਾਂ ਦੀ ਡੰਡਿਆਂ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ। ਉਨ੍ਹਾਂ ਦੀ ਛਾਤੀ 'ਤੇ ਡੰਡੇ ਮਾਰੇ ਗਏ। ਉਸੇ ਦਿਨ ਸ਼ਾਮ ਵੇਲੇ ਲਾਹੌਰ ਵਿਖੇ ਇਕ ਮੀਟਿੰਗ 'ਚ ਉਨ੍ਹਾਂ ਨੇ ਘੋਸ਼ਣਾ ਕੀਤੀ ਸੀ ਕਿ ਮੇਰੇ ਸਰੀਰ 'ਤੇ ਲੱਗੀ ਇੱਕ-ਇੱਕ ਸੱਟ ਬ੍ਰਿਟਿਸ਼ ਰਾਜ ਦੇ ਵਿਨਾਸ਼ ਲਈ ਕਿੱਲ ਸਾਬਤ ਹੋਵੇਗੀ। ਇਨ੍ਹਾਂ ਸੱਟਾਂ ਦਾ ਤਾਪ ਨਾ ਝਲਦੇ 17 ਨਵੰਬਰ 1928 ਨੂੰ ਲਾਲਾ ਜੀ ਦਾ ਦਿਹਾਂਤ ਹੋ ਗਿਆ। ਚੰਦਰਸ਼ੇਖਰ ਆਜ਼ਾਦ, ਭਗਤ ਸਿੰਘ, ਰਾਜਗੁਰੂ, ਸੁਖਦੇਵ ਇਸ ਦੇ ਨਾਲ ਹੋਰ ਵੀ ਬਥੇਰੇ ਕ੍ਰਾਂਤੀਕਾਰੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦਾ ਫੈਸਲਾ ਲਿਆ ਅਤੇ 17 ਦਸੰਬਰ 1928 ਨੂੰ ਬ੍ਰਿਟਿਸ਼ ਪੁਲਿਸ ਦੇ ਮੁਲਾਜ਼ਮ ਸਾਂਡਰਸ ਨੂੰ ਗੋਲੀ ਨਾਲ ਉਡਾ ਦਿੱਤਾ। ਲਾਲਾ ਜੀ ਦੀ ਮੌਤ ਦੇ ਬਦਲੇ ਸਾਂਡਰਸ ਦੀ ਹੱਤਿਆ ਦੇ ਮਾਮਲੇ 'ਚ ਹੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।


Shyna

Content Editor

Related News