ਗੁਰਪੁਰਬ ਮੌਕੇ ਹੁੱਲੜਬਾਜਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ਕੀਤੇ ਖ਼ਤਰਨਾਕ ਸਟੰਟ, ਵੀਡੀਓ ਵਾਇਰਲ

Friday, Nov 07, 2025 - 06:50 PM (IST)

ਗੁਰਪੁਰਬ ਮੌਕੇ ਹੁੱਲੜਬਾਜਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ਕੀਤੇ ਖ਼ਤਰਨਾਕ ਸਟੰਟ, ਵੀਡੀਓ ਵਾਇਰਲ

ਸੁਲਤਾਨਪੁਰ ਲੋਧੀ (ਸੋਢੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਜੋੜ ਮੇਲੇ ਦੌਰਾਨ ਲੱਖਾਂ ਸ਼ਰਧਾਲੂ ਦੇਸ਼-ਵਿਦੇਸ਼ ਤੋਂ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ 'ਤੇ ਪੁੱਜੇ। ਇਸ ਸਮੇਂ ਕੁਝ ਹੁੱਲੜਬਾਜਾਂ ਵੱਲੋਂ ਬੇਖ਼ੌਫ਼ ਹੋ ਕੇ ਸੰਗਤਾਂ ਨੂੰ ਪ੍ਰੇਸ਼ਾਨ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ। ਇਸ ਦੌਰਾਨ ਕੁਝ ਸ਼ਰਾਰਤੀ ਨੌਜਵਾਨਾਂ ਨੇ ਨਵੀਂ ਦਾਨਾ ਮੰਡੀ ਸੁਲਤਾਨਪੁਰ ਲੋਧੀ ਵਿੱਚ ਹੁੱਲੜਬਾਜ਼ੀ ਕਰਦੇ ਹੋਏ ਮੋਟਰਸਾਈਕਲਾਂ ਅਤੇ ਟਰੈਕਟਰਾਂ ਨਾਲ ਖ਼ਤਰਨਾਕ ਸਟੰਟ ਕੀਤੇ ਗਏ। ਇਸ ਸਬੰਧੀ ਖ਼ਤਰਨਾਕ ਸਟੰਟ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਵਿੱਚ ਕੁਝ ਨੌਜਵਾਨ ਮੋਟਰਸਾਈਕਲਾਂ ਅਤੇ ਟਰੈਕਟਰ 'ਤੇ ਸਟੰਟ ਕਰਦੇ ਨਜ਼ਰ ਆ ਰਹੇ ਹਨ। ਇਕ ਵੀਡੀਓ ਵਿੱਚ ਇਕ ਅਣਪਛਾਤੇ ਨੌਜਵਾਨ ਨੂੰ ਟਰੈਕਟਰ ਤੋਂ ਡਿੱਗਦੇ ਹੋਏ ਵੀ ਵੇਖਿਆ ਜਾ ਸਕਦਾ ਹੈ। ਜਿਸ ਨਾਲ ਟਰੈਕਟਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਹੋਰ ਜਾਣਕਾਰੀ ਅਨੁਸਾਰ ਟਰੈਕਟਰ ਦੀ ਰੇਸ ਜ਼ਿਆਦਾ ਵਧਾਉਣ ਕਾਰਨ ਸਟੰਟ ਕਰਦਿਆਂ ਇਕ ਟਰੈਕਟਰ ਦਾ ਪਿਸਟਨ ਤੇ ਕੁਝ ਹੋਰ ਪਾਈਪ ਫਟ ਗਏ ਅਤੇ ਭੀੜ ਵਿਚ ਟਰੈਕਟਰ ਦਾ ਡੀਜ਼ਲ ਲੀਕ ਹੋ ਕੇ ਗਰਮ ਟਰੈਕਟਰ ਤੋਂ ਹੇਠਾਂ ਵਹਿ ਤੁਰਿਆ। ਇਹ ਵਰਤਾਰਾ ਸ਼ਰੇਆਮ ਵੀਡੀਓ ਵਿਚ ਵੇਖਣ ਨੂੰ ਮਿਲ ਰਿਹਾ ਹੈ ਪਰ ਸਖ਼ਤ ਪ੍ਰਬੰਧਾਂ ਦੇ ਦਾਅਵੇ ਕਰਨ ਵਾਲਾ ਪ੍ਰਸ਼ਾਸਨ ਕਿੱਥੇ ਸੀ, ਲੋਕ ਇਹ ਸਵਾਲ ਕਰ ਰਹੇ ਹਨ ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 11 ਤਾਰੀਖ਼ ਤੱਕ ਲਈ ਵਿਭਾਗ ਨੇ ਕੀਤੀ ਭਵਿੱਖਬਾਣੀ

PunjabKesari

ਇਸ ਜੋੜ ਮੇਲੇ ਦੌਰਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੀਆਂ ਦੋਵੇਂ ਪਾਸਿਓਂ ਆਉਂਦੀਆਂ ਮੁੱਖ ਸੜਕਾਂ ਵਿਚਕਾਰ ਕੁਝ ਰੇਹੜੀਆਂ ਖੜ੍ਹੀਆਂ ਕਰਕੇ ਆਪਣਾ ਸਮਾਨ ਵੇਚ ਰਹੇ ਸਨ ਤੇ ਭੀੜ ਵਿਚ ਲਗਾਤਾਰ ਟਰੈਫਿਕ ਜਾਮ ਹੁੰਦਾ ਰਿਹਾ ਪਰ ਉਨ੍ਹਾਂ ਨੂੰ ਕੋਈ ਵੀ ਰੋਕ ਟੋਕ ਨਹੀਂ ਸੀ। ਗੁਰਦੁਆਰਾ ਸਾਹਿਬ ਦੀਆਂ ਮੁੱਖ ਸੜਕਾਂ 'ਤੇ ਕਈ ਨੌਜਵਾਨ ਹੁੱਲੜਬਾਜ਼ੀ ਕਰਦੇ ਨਜ਼ਰ ਆਏ । ਪ੍ਰਕਾਸ਼ ਗੁਰਪੁਰਬ ਮੌਕੇ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਪ੍ਰਸ਼ਾਸਨ ਦੇ ਕੀਤੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ

ਪੁਲਸ ਦੀ ਕਾਰਵਾਈ 'ਤੇ ਵੀ ਉੱਠੇ ਸਵਾਲ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਰਗੇ ਮਹੱਤਵਪੂਰਨ ਜੋੜ ਮੇਲੇ ਮੌਕੇ 'ਤੇ ਅਜਿਹੀਆਂ ਹੁੱਲੜਬਾਜ਼ੀ ਅਤੇ ਸਟੰਟਬਾਜੀ ਦੀਆਂ ਘਟਨਾਵਾਂ ਨਾ ਸਿਰਫ਼ ਪੁਲਸ ਪ੍ਰਸ਼ਾਸਨ ਦੀ ਕਾਰਜਕਾਰੀ 'ਤੇ ਵੀ ਸਵਾਲ ਖੜ੍ਹੇ ਕਰਦੀਆਂ ਹਨ ਸਗੋਂ ਇਹ ਵੀ ਦਰਸਾਉਂਦੇ ਹਨ ਕਿ ਕੁਝ ਲੋਕ ਧਾਰਮਿਕ ਸਮਾਗਮਾਂ ਦਾ ਸਨਮਾਨ ਨਹੀਂ ਕਰਦੇ ਅਤੇ ਸਿਰਫ਼ ਹੁਲੜਬਾਜੀ ਕਰਨ ਲਈ ਆਉਂਦੇ ਹਨ ਅਤੇ ਨਾਮ ਜਪਣ ਵਾਲੀਆਂ ਸ਼ਰਧਾਲੂ ਸੰਗਤਾਂ ਨੂੰ ਵੀ ਪ੍ਰੇਸ਼ਾਨ ਕਰਦੇ ਹਨ ।

ਇਕ ਨੌਜਵਾਨ ਜ਼ਖ਼ਮੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਦੌਰਾਨ ਪੁੱਜੇ ਕੁਝ ਨੌਜਵਾਨ ਹੱਥੋਪਾਈ ਹੋ ਗਏ। ਇਸ ਦੌਰਾਨ ਜਦ ਕੁਝ ਨੌਜਵਾਨ ਮੋਟਰਸਾਈਕਲਾਂ ਅਤੇ ਟ੍ਰੈਕਟਰਾਂ ਨਾਲ ਸਟੰਟ ਕਰਨ ਲੱਗੇ ਤਾਂ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਦੌਰਾਨ ਇਕ ਨੌਜਵਾਨ ਟਰੱਕ ਤੋਂ ਡਿੱਗ ਕੇ ਜ਼ਖ਼ਮੀ ਹੋ ਜਾਂਦਾ ਹੈ। ਵੀਡੀਓ ਵਿੱਚ ਪੀੜਤ ਦੇ ਦੋਸਤ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਇਸ ਸਮੇਂ ਇਕ ਤੇਜ ਰਫ਼ਤਾਰ ਟਰੈਕਟਰ ਭੀੜ ਵਿਚ ਸੰਗਤਾਂ 'ਤੇ ਵੀ ਵੱਜਣ ਦੀ ਖ਼ਬਰ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਕੁਝ ਲੋਕ ਦੰਗਾਕਾਰੀਆਂ ਦੀ ਆਲੋਚਨਾ ਕਰ ਰਹੇ ਹਨ, ਜਦਕਿ ਕੁਝ ਵੀਡੀਓ ਬਣਾਉਣ ਵਾਲਿਆਂ ਨੂੰ ਗਾਲ੍ਹਾਂ ਕੱਢ ਰਹੇ ਹਨ।

ਇਹ ਵੀ ਪੜ੍ਹੋ: Punjab: ਸਰਕਾਰੀ ਬੱਸਾਂ ਦਾ ਧਰਨਾ ਖ਼ਤਮ! ਮ੍ਰਿਤਕ ਡਰਾਈਵਰ ਜਗਜੀਤ ਸਿੰਘ ਦਾ ਪਰਿਵਾਰ ਸਸਕਾਰ ਲਈ ਮੰਨਿਆ

ਦੂਜੇ ਪਾਸੇ ਸੁਲਤਾਨਪੁਰ ਲੋਧੀ ਦੇ ਏ. ਐੱਸ.ਪੀ. ਧੀਰੇਂਦਰ ਵਰਮਾ ਆਈ. ਪੀ. ਐੱਸ. ਨੇ ਦੱਸਿਆ ਕਿ ਪੁਲਸ ਕੋਲ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਕੁਝ ਸ਼ਰਾਰਤੀ ਨੌਜਵਾਨ ਦਾਨਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਟਰੈਕਟਰ ਅਤੇ ਮੋਟਰਸਾਈਕਲ ਨਾਲ ਖ਼ਤਰਨਾਕ ਸਟੰਟ ਕਰ ਰਹੇ ਹਨ । ਇਸ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਪੁਲਸ ਪਾਰਟੀ ਦਾਨਾ ਮੰਡੀ ਪੁੱਜੀ ਅਤੇ ਇਕੱਠੀ ਹੋਈ ਭੀੜ ਨੂੰ ਤਿੱਤਰ-ਬਿੱਤਰ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਟੰਟਬਾਜ਼ੀ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਏ. ਐੱਸ. ਪੀ. ਵਰਮਾ ਨੇ ਦੱਸਿਆ ਕਿ ਇਸ ਸਮੇ ਇਕ ਟਰੈਕਟਰ ਵੀ ਪੁਲਸ ਵੱਲੋਂ ਕਾਰਵਾਈ ਕਰਕੇ ਬੌੰਡ ਕੀਤਾ ਗਿਆ ਹੈ। ਉਨ੍ਹਾਂ ਮੰਨਿਆ ਕਿ ਰਾਤ ਨੂੰ ਇਹ ਸਟੰਟਬਾਜੀ ਕੁਝ ਹੁੱਲੜਬਾਜ ਲੋਕਾਂ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ ਆਗੂ 'ਤੇ ਹਮਲਾ, ਇਕ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News