ਨਗਰ ਕੀਰਤਨ ਦੌਰਾਨ ਚੱਲ ਗਈਆਂ ਗੋਲ਼ੀਆਂ! ਮਾਂ ਨਾਲ ਮੱਥਾ ਟੇਕਣ ਪੁੱਜਿਆ ਮਾਸੂਮ ਪੁੱਤ... (ਵੀਡੀਓ)
Monday, Nov 03, 2025 - 11:53 AM (IST)
ਲੁਧਿਆਣਾ (ਪੰਕਜ): ਥਾਣਾ ਡਾਬਾ ਦੇ ਅਧੀਨ ਪੈਂਦੇ ਮੁਹੱਲਾ ਗੋਬਿੰਦਸਰ ਕਾਲੋਨੀ ਸ਼ਿਮਲਾਪੁਰੀ ’ਚ ਗੁਰਪੁਰਬ ਦੇ ਸਬੰਧ ’ਚ ਸਜਾਏ ਜਾ ਰਹੇ ਨਗਰ ਕੀਰਤਨ ’ਚ ਮਾਂ ਸਮੇਤ ਮੱਥਾ ਟੇਕਣ ਪਹੁੰਚਿਆ ਬੱਚਾ ਬੰਦੂਕ ਨਾਲ ਚੱਲੀ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਐਤਵਾਰ ਦੇਰ ਸ਼ਾਮ ਦੀ ਹੈ, ਜਦ ਮੁਹੱਲਾ ਗੋਬਿੰਦਸਰ ’ਚ ਸਜਾਏ ਜਾ ਰਹੇ ਨਗਰ ਕੀਰਤਨ ’ਚ ਮੱਥਾ ਟੇਕਣ ਲਈ ਭਾਰੀ ਗਿਣਤੀ ’ਚ ਇਲਾਕੇ ਦੀਆਂ ਸੰਗਤ ਇਕੱਠੀ ਹੋਈ ਸੀ, ਜਿਨ੍ਹਾਂ ’ਚ ਹੀ ਪਾਰਥ ਤੀਜੀ ਜਮਾਤ ਦਾ ਵਿਦਿਆਰਥੀ ਵੀ ਸ਼ਾਮਲ ਸੀ, (ਜਿਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ) ਜੋ ਆਪਣੀ ਮਾਂ ਗੁਰਪ੍ਰੀਤ ਕੌਰ ਨਾਲ ਮੱਥਾ ਟੇਕਣ ਲਈ ਆਇਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, Notification ਜਾਰੀ
ਇਸ ਦੌਰਾਨ ਇਲਾਕੇ ਦੇ ਹੀ ਇਕ ਵਿਅਕਤੀ ਨੇ ਹੱਥ ’ਚ ਫੜੀ 12 ਬੋਰ ਦੀ ਬੰਦੂਕ ਨਾਲ ਅਚਾਨਕ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਲੋਕ ਘਬਰਾ ਗਏ। ਇਸ ਦੌਰਾਨ ਮੁਲਜ਼ਮ ਵਲੋਂ ਚਲਾਈ ਗਈ ਇਕ ਗੋਲੀ ਨੇੜੇ ਹੀ ਖੜ੍ਹੇ ਪਾਰਥ ਦੀਆਂ ਲੱਤਾਂ ’ਚ ਜਾ ਲੱਗੀ ਅਤੇ ਉਹ ਜ਼ਮੀਨ ’ਤੇ ਡਿੱਗ ਗਿਆ। ਅਚਾਨਕ ਘਟੀ ਇਸ ਘਟਨਾ ਨਾਲ ਲੋਕਾਂ ’ਚ ਭਾਜੜ ਪੈ ਗਈ। ਇਸ ਦੌਰਾਨ ਮੁਲਜ਼ਮ ਮੌਕੇ ਦਾ ਫਾਇਦਾ ਚੁੱਕ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਗੰਭੀਰ ਤੌਰ ’ਤੇ ਜ਼ਖਮੀ ਪਾਰਥ ਨੂੰ ਲੋਕਾਂ ਨੇ ਤੁਰੰਤ ਨੇੜੇ ਦੇ ਪ੍ਰਾਈਵੇਟ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਅਤੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਕਿੰਨ੍ਹਾਂ ਔਰਤਾਂ ਨੂੰ ਮਿਲਣਗੇ 1000-1000 ਰੁਪਏ? ਸਕੀਮ ਦੀਆਂ ਸ਼ਰਤਾਂ ਬਾਰੇ ਮੰਤਰੀ ਦਾ ਵੱਡਾ ਬਿਆਨ
ਘਟਨਾ ਸਥਾਨ ’ਤੇ ਪਹੁੰਚੀ ਥਾਣਾ ਡਾਬਾ ਦੀ ਇੰਚਾਰਜ ਕੁਲਵੰਤ ਕੌਰ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਪਛਾਣ ਸੁਖਪਾਲ ਸਿੰਘ ਗਾਬੜੀਆ ਪੁੱਤਰ ਦਰਸ਼ਨ ਸਿੰਘ ਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਮੁਲਜ਼ਮ ਕੋਲ ਹਥਿਆਰ ਲਾਇਸੈਂਸ ਉਕਤ ਸੀ ਜਾਂ ਨਹੀਂ। ਦੂਜੇ ਪਾਸੇ ਘਟਨਾ ਨਾਲ ਗੁੱਸੇ ’ਚ ਮੱਥਾ ਟੇਕਣ ਪਹੁੰਚੀ ਸੰਗਤ ਨੇ ਪੁਲਸ ਪ੍ਰਸ਼ਾਸਨ ਤੋਂ ਮੁਲਜ਼ਮ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਉਨ੍ਹਾਂ ਦਾ ਕਹਿਣਾ ਸੀ ਕਿ ਧਾਰਮਿਕ ਸਮਾਗਮ ’ਚ ਇਸ ਤਰ੍ਹਾਂ ਫਾਇਰਿੰਗ ਕਰ ਕੇ ਮਾਹੌਲ ਖ਼ਰਾਬ ਕਰਨ ਵਾਲੇ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ।
