ਇਟਲੀ ’ਚੋਂ ਦਿੱਤੀ ਗਈ ਸੁਪਾਰੀ, ਖੰਨਾ ’ਚ ਸ਼ਰੇਆਮ ਤਲਵਾਰਾਂ ਨਾਲ ਵੱਢਿਆ ਨੌਜਵਾਨ
Saturday, Jun 17, 2023 - 06:35 PM (IST)

ਖੰਨਾ (ਵਿਪਨ ਬੀਜਾ) : ਖੰਨਾ ਦੇ ਪਿੰਡ ਕੌੜੀ ’ਚ ਇਕ ਨੌਜਵਾਨ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਤਲਵਾਰਾਂ, ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਲੈਸ ਹਮਲਾਵਰਾਂ ਨੇ ਰਸਤੇ ਵਿਚ ਹੀ ਇਸ ਨੌਜਵਾਨ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਹਮਲਾਵਰਾਂ ਦੀ ਗਿਣਤੀ 10 ਤੋਂ 12 ਦੱਸੀ ਜਾ ਰਹੀ ਹੈ, ਜੋ ਇਕ ਸਵਿਫਟ ਕਾਰ ਅਤੇ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ। ਸਾਰਿਆਂ ਦੇ ਮੂੰਹ ਢਕੇ ਹੋਏ ਸੀ। ਗੱਡੀਆਂ ਦੇ ਨੰਬਰ ਲੁਕਾਏ ਗਏ ਸੀ। ਕਾਤਲਾਨਾ ਹਮਲਾ ਕਰਨ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਇਸ ਘਟਨਾ ਵਿਚ ਗੰਭੀਰ ਜ਼ਖ਼ਮੀ ਹੋਏ ਸੁਖਬੀਰ ਸਿੰਘ ਸੁੱਖਾ (25) ਵਾਸੀ ਪਿੰਡ ਕੌੜੀ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 8.49 ਕਰੋੜ ਰੁਪਏ ਦੀ ਲੁੱਟ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਵਾਲੀ ‘ਡਾਕੂ ਹਸੀਨਾ’ ਗ੍ਰਿਫ਼ਤਾਰ
ਸਿਵਲ ਹਸਪਤਾਲ ’ਚ ਜੇਰੇ ਇਲਾਜ ਸੁਖਬੀਰ ਸਿੰਘ ਦੇ ਭਰਾ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਦੇ ਕੁੱਝ ਵਿਅਕਤੀਆਂ ਨਾਲ ਪੁਰਾਣੀ ਰੰਜਿਸ਼ ਹੈ। 23 ਮਾਰਚ ਨੂੰ ਦੋਵਾਂ ਧਿਰਾਂ ਦਰਮਿਆਨ ਲੜਾਈ ਹੋਈ ਸੀ, ਇਸ ਸਬੰਧੀ ਉਨ੍ਹਾਂ ਨੇ ਕੇਸ ਦਰਜ ਕਰਵਾਇਆ ਸੀ। ਇਸ ਕੇਸ ਵਿਚ ਨਾਮਜ਼ਦ ਇਕ ਵਿਅਕਤੀ ਇਟਲੀ ਭੱਜ ਗਿਆ। ਉਹ ਇਟਲੀ ਤੋਂ ਲਗਾਤਾਰ ਧਮਕੀਆਂ ਦੇ ਰਿਹਾ ਸੀ। ਇਸ ਵਿਅਕਤੀ ਨੇ ਹੀ ਸੁਪਾਰੀ ਦੇ ਕੇ ਇਹ ਜਾਨਲੇਵਾ ਹਮਲਾ ਕਰਵਾਇਆ ਹੈ। ਦਲਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੁਖਬੀਰ ਸਿੰਘ ਘਰ ਤੋਂ ਅੱਧਾ ਕਿਲੋਮੀਟਰ ਦੂਰ ਕੰਮ ’ਤੇ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਦੋ ਕਿਸਾਨਾਂ ਦੀਆਂ ਧੀਆਂ ਨੇ ਰਚਿਆ ਇਤਿਹਾਸ, ਹਵਾਈ ਸੈਨਾ ’ਚ ਹਾਸਲ ਕੀਤਾ ਇਹ ਵੱਡਾ ਮੁਕਾਮ
ਸ਼ਨੀਵਾਰ ਨੂੰ ਜਦੋਂ ਉਸ ਦਾ ਭਰਾ ਘਰੋਂ ਨਿਕਲਿਆ ਤਾਂ ਹਮਲਾਵਰ ਪਹਿਲਾਂ ਹੀ ਰਸਤੇ 'ਚ ਖੜ੍ਹੇ ਉਸਦੇ ਭਰਾ ਦਾ ਇੰਤਜ਼ਾਰ ਕਰ ਰਹੇ ਸਨ। ਹਮਲਾਵਰਾਂ ਨੇ ਉਸਦੇ ਭਰਾ ’ਤੇ ਤਲਵਾਰਾਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਸਿਰ ਵਿਚ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਉਸ ਦੀ ਇਕ ਬਾਂਹ ਅਤੇ ਲੱਤ ਤੋੜ ਦਿੱਤੀ। ਪਰਿਵਾਰਕ ਮੈਂਬਰਾਂ ਨੇ ਹਮਲਾਵਰਾਂ ਖ਼ਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸੂਬੇ ਦੇ ਪਿੰਡਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਕੀ ਕਹਿਣਾ ਹੈ ਡੀ. ਐੱਸ. ਪੀ. ਕਰਨੈਲ ਸਿੰਘ ਦਾ
ਡੀ. ਐੱਸ. ਪੀ. ਕਰਨੈਲ ਸਿੰਘ ਨੇ ਕਿਹਾ ਕਿ ਕੌੜੀ ਵਿਖੇ ਝਗੜੇ ਦੀ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਥਾਣਾ ਸਦਰ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਨਾਲ ਮੌਕੇ ’ਤੇ ਪੁੱਜੇ। ਸੀ. ਸੀ. ਟੀ. ਵੀ. ਫੁਟੇਜ ਹਾਸਲ ਕਰ ਲਈ ਗਈ ਹੈ। ਆਲੇ-ਦੁਆਲੇ ਦੇ ਲੋਕਾਂ ਤੋਂ ਜਾਣਕਾਰੀ ਹਾਸਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਚ ਜ਼ਖ਼ਮੀ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਗਈ ਹੈ। ਜ਼ਖਮੀ ਨੌਜਵਾਨ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਹਮਲਾਵਰਾਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜਲਦੀ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਕਦਮ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਇਹ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani