ਲਾਈਕ ਕੁਮੈਂਟ, ਫਾਲੋ ਤੇ ਸ਼ੇਅਰ ਦੇ ਚੱਕਰਵਿਊ ''ਚ ਫਸੇ ਨੌਜਵਾਨ, ਰੋਜ਼ਾਨਾ ਸਟੇਟਸ ਅਪਡੇਟ ਕਰਨਾ ਬਣ ਰਿਹੈ ''ਸਟੇਟਸ ਸਿੰਬਲ''

Monday, Jul 24, 2017 - 01:04 PM (IST)

ਜਲੰਧਰ(ਸ਼ੀਤਲ ਜੋਸ਼ੀ)— ਅਜੋਕੇ ਸਮੇਂ 'ਚ ਨੌਜਵਾਨ ਪੀੜ੍ਹੀ ਅੱਜਕੱਲ ਸੋਸ਼ਲ ਸਾਈਟਸ 'ਤੇ ਜ਼ਿਆਦਾ ਸਮਾਂ ਰਹਿਣਾ ਪਸੰਦ ਕਰ ਰਹੀ ਹੈ। ਹਰ ਨੌਜਵਾਨ ਲਾਈਕ, ਕੁਮੈਂਟਸ ਅਤੇ ਸ਼ੇਅਰ ਦੇ ਚਕਰਵਿਊ 'ਚ ਫਸਿਆ ਹੋਇਆ ਹੈ। ਅੱਜਕੱਲ ਸਵੇਰੇ ਉੱਠਦੇ ਸਾਰ ਹੀ ਹਰ ਨੌਜਵਾਨ ਪੀੜ੍ਹੀ ਆਪਣਾ ਫੋਨ 'ਚ ਸਭ ਤੋਂ ਪਹਿਲਾਂ ਨੈੱਟ ਹੀ ਆਨ ਕਰਦੀ ਹੈ ਅਤੇ ਆਪਣੀਆਂ ਸ਼ੇਅਰ ਅਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਦੇ ਲਾਈਕਸ, ਕੁਮੈਂਟਸ ਆਦਿ ਨੂੰ ਦੇਖਦੀ ਹੈ। ਸੋਸ਼ਲ ਸਾਈਟਸ 'ਤੇ ਸਰਗਰਮ ਰਹਿਣ ਵਾਲੀ ਮੇਘਾ ਨੇ ਸਵੇਰੇ ਉੱਠਦੇ ਹੀ ਹੜਬੜੀ ਵਿਚ ਮੋਬਾਈਲ ਹੱਥ ਵਿਚ ਲੈ ਕੇ ਪਹਿਲਾਂ ਨੈੱਟ ਆਨ ਕੀਤਾ ਅਤੇ ਫਿਰ ਰਾਤ ਨੂੰ ਸੋਸ਼ਲ ਸਾਈਟ 'ਤੇ ਪੋਸਟ ਕੀਤੀ ਗਈ ਆਪਣੀ ਫੋਟੋ ਦੇ ਲਾਈਕਸ ਅਤੇ ਕੁਮੈਂਟ ਚੈੱਕ ਕੀਤੇ, ਜਿੰਨੇ ਜੋਸ਼ ਨਾਲ ਉਹ ਉੱਠੀ ਸੀ, ਉਸ ਦਾ ਜੋਸ਼ ਵੀ ਨਾਲ ਹੀ ਠੰਡਾ ਪੈ ਗਿਆ ਕਿਉਂਕਿ ਹਾਲੇ ਤੱਕ ਉਸ ਦੀ ਫੋਟੋ ਨੂੰ ਸਿਰਫ 60 ਲਾਈਕਸ ਹੀ ਮਿਲੇ ਸਨ। ਜਦੋਂਕਿ ਉਸ ਨੂੰ ਤਾਂ ਰਾਤੋ-ਰਾਤ ਇਸਤੋਂ ਜ਼ਿਆਦਾ ਲਾਈਕਸ ਮਿਲਣ ਦੀ ਉਮੀਦ ਸੀ। ਉਸ ਦੀ ਮੰਮੀ ਵੀ ਹੈਰਾਨ ਸੀ ਕਿ ਸੋਸ਼ਲ ਸਾਈਟਸ ਦੇ ਪ੍ਰਤੀ ਉਸ ਦਾ ਲਗਾਓ ਕਿਵੇਂ ਉਸ ਦੇ ਵਤੀਰੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮੇਘਾ ਦੇ ਸਵੇਰ ਦਾ ਜੋਸ਼ ਘਟ ਗਿਆ ਸੀ, ਜਿਸ ਨਾਲ ਉਸ ਦੇ ਕੰਮ ਦੀ ਰਫਤਾਰ ਅਚਾਨਕ ਘੱਟ ਹੋ ਗਈ। ਅਜਿਹੇ ਵਿਚ ਅਣਮੰਨੇ ਮਨ ਨਾਲ ਉਹ ਕਾਲਜ ਲਈ ਤਿਆਰ ਹੋਈ। ਕਾਲਜ ਵਿਚ ਵੀ ਹਰ ਪਲ ਉਸ ਦੀ ਨਜ਼ਰ ਆਪਣੇ ਸਟੇਟਸ 'ਤੇ ਮਿਲ ਰਹੇ ਕੁਮੈਂਟਸ ਅਤੇ ਲਾਈਕਸ 'ਤੇ ਹੀ ਬਣੀ ਹੋਈ ਸੀ। ਉਹ ਜਿਨ੍ਹਾਂ ਦੋਸਤਾਂ ਨੂੰ ਵੀ ਮਿਲਦੀ ਪਹਿਲਾਂ ਉਨ੍ਹਾਂ ਨੂੰ ਆਪਣੀ ਫੋਟੋ ਦਿਖਾਉਂਦੀ ਅਤੇ ਫਿਰ ਉਸ ਨੂੰ ਲਾਈਕਸ ਅਤੇ ਇਕ ਚੰਗਾ ਜਿਹਾ ਕੁਮੈਂਟ ਕਰਨ ਨੂੰ ਕਹਿੰਦੀ। ਅਜਿਹਾ ਕਰਨ ਨਾਲ ਜਦੋਂ ਉਸ ਦੀ ਫੋਟੋ ਦੇ ਕੁਮੈਂਟਸ ਅਤੇ ਲਾਈਕਸ 100 ਦੇ ਨੇੜੇ-ਤੇੜੇ ਪਹੁੰਚੇ ਤਾਂ ਉਸ ਦੇ ਚਿਹਰੇ 'ਤੇ ਕੁਝ ਰੌਣਕ ਪਰਤੀ। ਇਹ ਸਿਰਫ ਇਕ ਮੇਘਾ ਦੀ ਹੀ ਕਹਾਣੀ ਨਹੀਂ, ਸਗੋਂ ਅੱਜਕਲ ਹਰ ਨੌਜਵਾਨ ਦੀ ਮਨੋਸਥਿਤੀ ਕੁਝ ਅਜਿਹੀ ਹੀ ਬਣੀ ਹੋਈ ਹੈ। ਕਿਸੇ ਹੋਰਨਾਂ ਗਤੀਵਿਧੀਆਂ ਵਿਚ ਹਿੱਸਾ ਲੈਣ ਦੀ ਬਜਾਏ ਨੌਜਵਾਨ ਪੀੜ੍ਹੀ ਆਪਣਾ ਸਾਰਾ ਸਮਾਂ ਸੋਸ਼ਲ ਸਾਈਟਸ 'ਤੇ ਹੀ ਬਿਤਾਉਣਾ ਜ਼ਿਆਦਾ ਪਸੰਦ ਕਰਦੀ ਹੈ। ਕੰਮਕਾਜੀ ਮਾਪੇ ਵੀ ਆਪਣੇ ਕੰਮ ਵਿਚ ਇੰਨੇ ਰੁੱਝੇ ਰਹਿੰਦੇ ਹਨ ਕਿ ਉਨ੍ਹਾਂ ਕੋਲ ਬੱਚਿਆਂ ਨਾਲ ਗੱਲ ਕਰ ਕੇ ਉਨ੍ਹਾਂ ਬਾਰੇ  ਜ਼ਿਆਦਾ ਜਾਣਨ ਦਾ ਸਮਾਂ ਹੀ ਨਹੀਂ ਹੁੰਦਾ। 
ਜੇਕਰ ਕਦੇ ਉਨ੍ਹਾਂ ਨੂੰ ਖਾਲੀ ਸਮਾਂ ਮਿਲ ਵੀ ਜਾਵੇ ਤਾਂ ਖੁਦ ਹੀ ਬੱਚੇ ਦੇ ਹੱਥ ਫੜਾਇਆ ਗਿਆ ਮੋਬਾਈਲ ਉਨ੍ਹਾਂ ਦੇ ਵਿਚਕਾਰ ਦੀ ਦੂਰੀ ਨੂੰ ਵਧਾ ਦਿੰਦਾ ਹੈ। ਹਰ ਕਿਸੇ ਦੀ ਜ਼ਿੰਦਗੀ ਪਰਸਨਲ ਨਾ ਰਹਿ ਕੇ ਸੋਸ਼ਲ ਮੰਚ 'ਤੇ ਆ ਕੇ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਬਣ ਕੇ ਰਹਿ ਗਈ ਹੈ, ਜਿਸ ਕਾਰਨ ਕ੍ਰਾਈਮ ਰੇਟ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। 
ਕੀ ਕਹਿੰਦੇ ਹਨ ਮਨੋਵਿਗਿਆਨੀ 
ਸੀਨੀਅਰ ਰੈਜ਼ੀਡੈਂਟ (ਸਿਵਲ ਹਸਪਤਾਲ) ਦੇ ਡਾ. ਸੰਜੇ ਖੰਨਾ ਨੇ ਦੱਸਿਆ ਕਿ ਇਨਸਾਨ ਦੀ ਇਹ ਫਿਤਰਤ ਹੈ ਕਿ ਉਹ ਆਪਣੇ-ਆਪ ਨੂੰ ਕੇਂਦਰਬਿੰਦੂ ਵਿਚ ਰੱਖਣਾ ਪਸੰਦ ਕਰਦਾ ਹੈ। ਕੁਝ ਲੋਕ ਘੱਟ ਬੋਲਣ ਕਾਰਨ ਆਪਣੀ ਗੱਲ ਨੂੰ ਦੂਜਿਆਂ ਦੇ ਸਾਹਮਣੇ ਆਸਾਨੀ ਨਾਲ ਪ੍ਰਗਟ ਨਹੀਂ ਕਰ ਪਾਉਂਦੇ। ਅਜਿਹੇ ਲੋਕਾਂ ਲਈ ਸੋਸ਼ਲ ਸਾਈਟਸ ਇਕ ਮੰਚ ਦੇ ਰੂਪ ਵਿਚ ਸਾਹਮਣੇ ਆਇਆ ਹੈ। ਆਪਣੇ ਦਿਲ ਦੇ ਵਲਵਲਿਆਂ ਨੂੰ ਅਜਿਹੇ ਲੋਕ ਕੁਝ ਕੈਪਸ਼ਨ ਅਤੇ ਵਿਚਾਰਾਂ ਦੇ ਨਾਲ ਫੋਟੋ ਦੇ ਰੂਪ ਵਿਚ ਇਨ੍ਹਾਂ ਸਾਈਟਸ 'ਤੇ ਪਾ ਕੇ ਚੰਗੇ ਕੁਮੈਂਟਸ, ਲਾਈਕਸ ਅਤੇ ਆਪਣੀ ਪੋਸਟ ਦੇ ਜ਼ਿਆਦਾ ਸ਼ੇਅਰ ਕਰਨ 'ਤੇ ਆਤਮਸੰਤੁਸ਼ਟੀ ਮਹਿਸੂਸ ਕਰਦੇ ਹਨ। ਅਜਿਹੇ ਲੋਕ ਬਾਕੀਆਂ ਤੋਂ ਇਕ ਦੂਰੀ ਬਣਾ ਕੇ ਰੱਖਦੇ ਹਨ ਅਤੇ ਆਪਣੀ ਹੀ ਦੁਨੀਆ ਵਿਚ ਗੁਆਚੇ ਰਹਿੰਦੇ ਹਨ। ਬੱਚਿਆਂ ਦੇ ਵਤੀਰੇ ਵੱਲ ਧਿਆਨ ਨਾ ਦੇਣ ਨਾਲ ਉਹ ਮੂਡ ਅਤੇ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਵੀ ਹੋ ਸਕਦੇ ਹਨ। ਇਸ ਲਈ ਮਾਪਿਆਂ ਨੂੰ ਆਪਣੀ ਮਸਰੂਫੀਅਤ ਵਿਚੋਂ ਕੁਝ ਸਮਾਂ ਬੱਚਿਆਂ ਦੇ ਨਾਲ ਜ਼ਰੂਰ ਬਿਤਾਉਣਾ ਚਾਹੀਦਾ ਹੈ। ਸੋਸ਼ਲ ਸਾਈਟ ਦੀ ਜ਼ਿਆਦਾ ਵਰਤੋਂ ਕਰਨ 'ਤੇ ਰੋਕ ਲਗਾਉਣੀ ਚਾਹੀਦੀ ਹੈ। ਸਕੂਲਾਂ ਵਿਚ ਸੋਸ਼ਲ ਕੌਂਸਲਰ ਦੇ ਨਾਲ ਬੱਚਿਆਂ ਦੀ ਇਕ ਕਲਾਸ ਹੋਣੀ ਚਾਹੀਦੀ ਹੈ, ਜਿਸ ਨਾਲ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ।
ਆਓ ਜਾਣਦੇ ਹਾਂ ਨੌਜਵਾਨਾਂ ਤੋਂ ਕਿ ਪੋਸਟ ਕੀਤੇ ਗਏ ਮੈਸੇਜਾਂ ਤੋਂ ਉਨ੍ਹਾਂ ਨੂੰ ਕੀ ਹੁੰਦੀ ਹੈ ਉਮੀਦ? 
ਚਾਹਤ ਵਿੱਗ ਨੇ ਦੱਸਿਆ ਕਿ ਸਾਰਿਆਂ ਨਾਲ ਜੁੜੇ ਰਹਿਣ ਦਾ ਆਸਾਨ ਜ਼ਰੀਆ ਹੈ ਸੋਸ਼ਲ ਸਾਈਟਸ ਸਕੂਲ ਅਤੇ ਕਾਲਜ ਦੀ ਫ੍ਰੈਂਡਸ ਦੇ ਸਬਜੈਕਟ ਵਾਈਜ਼ ਸਾਡੇ ਕਈ ਗਰੁੱਪ ਬਣੇ ਹੋਏ ਹਨ, ਜਿਨ੍ਹਾਂ ਵਿਚ ਅਸੀਂ ਪੜ੍ਹਾਈ ਜਾਂ ਮਨੋਰੰਜਨ ਨਾਲ ਸੰਬੰਧਤ ਜਾਣਕਾਰੀਆਂ ਸ਼ੇਅਰ ਕਰਦੇ ਹਾਂ। ਸਾਰਾ ਦਿਨ ਇੰਨਾ ਬਿਜ਼ੀ ਰਹਿੰਦੀ ਹਾਂ ਕਿ ਫੋਨ 'ਤੇ ਗੱਲ ਕਰਨ ਦਾ ਸਮਾਂ ਹੀ ਨਹੀਂ ਮਿਲਦਾ। ਇਸ ਲਈ ਸਾਰਿਆਂ ਨਾਲ ਜੁੜੇ ਰਹਿਣ ਲਈ ਸੋਸ਼ਲ ਸਾਈਟਸ ਆਸਾਨ ਜ਼ਰੀਆ ਹੈ। 
ਦਿਵਿਯਾਂਸ਼ੂ ਬਾਂਸਲ ਨੇ ਕਿਹਾ ਕਿ ਕਲਾਸ 'ਚ ਪੜ੍ਹਾਇਆ ਗਿਆ ਜੇਕਰ ਨਾ ਸਮਝ ਆਵੇ ਤਾਂ ਅਸੀਂ ਸਾਰੀਆਂ ਫ੍ਰੈਂਡਸ ਫੇਸਬੁੱਕ ਅਤੇ ਵਟਸਐਪ 'ਤੇ ਉਨ੍ਹਾਂ ਟਾਪਿਕ ਨੂੰ ਡਿਸਕਸ ਕਰਦੇ ਹਾਂ। ਮੋਬਾਈਲ 'ਤੇ ਕਾਲ ਕਰਕੇ ਸਾਰਿਆਂ ਦੇ ਨਾਲ ਕੋਈ ਵੀ ਵਿਸ਼ਾ ਡਿਸਕਸ ਕਰਨਾ ਮੁਸ਼ਕਲ ਹੁੰਦਾ ਹੈ। ਜਦੋਂਕਿ ਵਟਸਐਪ 'ਤੇ ਸਾਰੇ ਆਪਣੇ ਮੈਸੇਜ ਆਸਾਨੀ ਨਾਲ ਸ਼ੇਅਰ ਕਰ ਸਕਦੇ ਹਨ।


Related News