ਤਿੰਨ ਮਹੀਨਿਆਂ ਦੀ ਮਾਸੂਮ ਬੱਚੀ ਦੀ ਭੇਤਭਰੀ ਹਾਲਤ ’ਚ ਮੌਤ, ਪਿਤਾ ’ਤੇ ਲੱਗੇ ਗੰਭੀਰ ਦੋਸ਼

Wednesday, Jun 02, 2021 - 09:10 PM (IST)

ਪਾਇਲ(ਵਿਨਾਇਕ)- ਪਿਛਲੇ ਦਿਨੀ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਘੁਡਾਣੀ ਕਲਾ ‘ਚ ਇੱਕ ਗਰੀਬ ਪਰਿਵਾਰ ਦੀ ਤਿੰਨ ਮਹੀਨੇ ਦੀ ਮਾਸੂਮ ਬੱਚੀ ਦੀ ਭੇਤਭਰੀ ਹਾਲਤ ‘ਚ ਮੌਤ ਹੋ ਜਾਣ ਉਪਰੰਤ ਉਸਦੇ ਪਿਤਾ ਦੇ ਅਚਾਨਕ ਘਰੋਂ ਲਾਪਤਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਪਾਇਲ ਪੁਲਸ ਨੇ ਮਿ੍ਰਤਕਾਂ ਦੀ ਮਾਤਾ ਬਲਵਿੰਦਰ ਕੌਰ ਪਤਨੀ ਬੇਅੰਤ ਸਿੰਘ ਵਾਸੀ ਪਿੰਡ ਜਰਗੜੀ ਹਾਲ ਵਾਸੀ ਪਿੰਡ ਘੁਡਾਣੀ ਕਲਾ ਥਾਣਾ ਪਾਇਲ ਦੇ ਬਿਆਨਾਂ ‘ਤੇ ਧਾਰਾ 174 ਸੀ.ਆਰ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅੱਗੇ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਡਿਊਟੀ ਮਜਿਸਟਰੇਟ ਪਾਇਲ ਦੀ ਹਾਜਰੀ ‘ਚ ਲੜਕੀ ਦੀ ਦਫਨਾਈ ਹੋਈ ਲਾਸ ਨੂੰ ਕਬਰ ‘ਚੋਂ ਬਾਹਰ ਕੱਢਵਾ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ ਹੈ। ਜਿੱਥੇ ਮਿ੍ਰਤਕਾਂ ਦੀ ਮਾਤਾ ਦੀ ਅਪੀਲ ‘ਤੇ ਮੌਤ ਦੇ ਅਸਲ ਕਾਰਨਾ ਦਾ ਪਤਾ ਲਗਾਉਣ ਲਈ ਮੈਡੀਕਲ ਬੋਰਡ ਦਾ ਗਠਨ ਕਰਕੇ ਮਿ੍ਰਤਕ ਬੱਚੀ ਦੇ ਪੋਸਟਮਾਰਟਮ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ। 

ਇਹ ਵੀ ਪੜ੍ਹੋ- ਮੰਤਰੀ ਮੰਡਲ ਵੱਲੋਂ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਪ੍ਰਵਾਨਗੀ
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਰਤਕਾਂ ਦੀ ਮਾਤਾ ਬਲਵਿੰਦਰ ਕੌਰ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਉਸਦੀ ਤਿੰਨ ਮਹੀਨੇ ਦੀ ਮਾਸੂਮ ਨੂੰ ਗਲ ਘੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਜਾਵੇ। ਮਿ੍ਰਤਕਾਂ ਦੀ ਮਾਤਾ ਬਲਵਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸਦੀ ਸ਼ਾਦੀ ਬੇਅੰਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਜਰਗੜੀ ਥਾਣਾ ਪਾਇਲ ਨਾਲ ਸੰਨ 2015 ‘ਚ ਹੋਈ ਸੀ ਅਤੇ ਸ਼ਾਦੀ ਤੋਂ 6 ਸਾਲ ਬਆਦ ਉਸਦੀ ਕੁੱਖੋਂ ਇੱਕ ਲੜਕੀ ਮਨਕੀਰਤ ਕੌਰ 10 ਫਰਵਰੀ 2021 ਨੂੰ ਪੈਦਾ ਹੋਈ।

ਮਿਤੀ 28.5.2021 ਨੂੰ ਸਾਮ 5 ਵਜੇ ਕਰੀਬ ਮੈਂ ਆਪਣੇ ਪਤੀ ਨੂੰ ਦੁੱਧ ਵਾਲੀ ਸ਼ੀਸ਼ੀ ਫੜਾ ਕੇ ਲੜਕੀ ਨੂੰ ਦੁੱਧ ਪਿਲਾਉਣ ਲਈ ਕਹਿ ਘਰੋਂ ਬਾਹਰ ਸਬਜ਼ੀ ਲੈਣ ਵਾਸਤੇ ਚਲੀ ਗਈ। ਇਸ ਤੋਂ ਕੁੱਝ ਸਮੇਂ ਬਾਅਦ ਹੀ ਮੇਰਾ ਪਤੀ ਆਪਣੇ ਮੋਟਰਸਾਇਕਲ ‘ਤੇ ਘਰੋਂ ਦੋੜ ਗਿਆ। ਬਾਅਦ ਵਿੱਚ ਜਦੋਂ ਉਸਨੇ ਘਰ ਆ ਕੇ ਦੇਖਿਆ ਤਾਂ ਉਸਦੀ ਲੜਕੀ ਮੰਜੇ ‘ਤੇ ਪਈ ਸੀ, ਜਿਸਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਤੋਂ ਬਾਅਦ ਪਿੰਡ ਵਾਲੇ ਲੋਕ ਵੀ ਇਕੱਠੇ ਹੋ ਗਏ। ਮਿ੍ਰਤਕਾਂ ਦੀ ਮਾਤਾ ਨੇ ਦੱਸਿਆ ਕਿ ਉਸਦੇ ਸੱਸ ਅਤੇ ਸਹੁਰਾ ਉਸਨੂੰ ਆਪਣੇ ਨਾਲ ਪਿੰਡ ਜਰਗੜੀ ਲੈ ਆਏ, ਜਿਥੇ ਉਸਦੀ ਲੜਕੀ ਨੂੰ ਸਸਕਾਰ ਕਰਨ ਲਈ ਜਮੀਨ ਵਿੱਚ ਦਫਨਾ ਦਿੱਤਾ ਗਿਆ।

ਕੀ ਕਹਿੰਦੇ ਹਨ ਜਾਂਚ ਅਧਿਕਾਰੀ
ਇਸ ਕੇਸ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਥਾਣੇਦਾਰ ਪਵਿੱਤਰ ਸਿੰਘ ਨੇ ਦੱਸਿਆ ਕਿ ਮਿ੍ਰਤਕਾਂ ਦਾ ਪਿਤਾ ਬੇਅੰਤ ਸਿੰਘ ਪਿੰਡ ਘੁਡਾਣੀ ਕਲਾ ‘ਚ ਟਰੈਕਟਰਾਂ ਦੀ ਵਰਕਸ਼ਾਪ ਚਲਾਉਂਦਾ ਹੈ ਅਤੇ ਨਸ਼ੇ ਕਰਨ ਦਾ ਆਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਜਾਰੀ ਹੈ।

ਇਹ ਵੀ ਪੜ੍ਹੋ- 5 ਜੂਨ ਨੂੰ ਖੇਤੀ ਬਿੱਲਾਂ ਦੇ ਇਕ ਸਾਲ ਹੋਣ ਦੇ ਰੋਸ ਵਜੋਂ ਖੇਤੀ ਕਨੂੰਨਾਂ ਦੀਆਂ ਸਾੜੀਆਂ ਜਾਣਗੀਆਂ ਕਾਪੀਆਂ : ਉਗਰਾਹਾਂ

ਕੀ ਕਹਿੰਦੇ ਹਨ ਐੱਸ.ਐੱਚ.ਓ ਪਾਇਲ
ਪਾਇਲ ਦੇ ਐੱਸ.ਐੱਚ.ਓ. ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਮਿ੍ਰਤਕਾਂ ਦੀ ਮਾਤਾ ਬਲਵਿੰਦਰ ਕੌਰ ਨੇ ਆਪਣੇ ਪਤੀ ਓੁੱਤੇ ਉਸਦੀ ਲੜਕੀ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਸ਼ੱਕ ਪ੍ਰਗਟ ਕੀਤਾ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸਦੀ ਲੜਕੀ ਦੀ ਦਫਨਾਈ ਹੋਈ ਲਾਸ਼ ਨੂੰ ਖੁਦਵਾ ਕੇ ਆਪਣੇ ਕਬਜ਼ੇ ਵਿੱਚ ਲੈਣ ਉਪਰੰਤ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
 


Bharat Thapa

Content Editor

Related News