ਪਿੰਡ ਲਖੇੜ ਦੇ ਨੌਜਵਾਨ ਨੇ ਲਹਿਰਾਇਆ ਭਾਗੀਰਥੀ-2 ਦੇ ਪਰਬਤ ’ਤੇ ਤਿਰੰਗਾ

Monday, Jun 11, 2018 - 01:24 AM (IST)

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਨੇੜਲੇ ਚੰਗਰ ਇਲਾਕੇ ਦੇ ਪਿੰਡ ਲਖੇੜ ਨਾਲ ਸਬੰਧਿਤ ਸਾਬਕਾ  ਸਰਪੰਚ ਗੁਰਬਚਨ ਸਿੰਘ ਦੇ 31 ਸਾਲਾ ਬੇਟੇ ਅਤੇ ਭਾਰਤੀ ਫੌਜ ਵਿਚ ਤਾਇਨਾਤ ਚੌਧਰੀ ਮੋਹਣ ਲਾਲ ਨੇ 6 ਹਜ਼ਾਰ 512 ਮੀਟਰ ਉੱਚੀ ਭਾਗੀਰਥੀ-2 ਪਰਬਤ ਗੜਵਾਲ ਵਿਖੇ ਕੌਮੀ ਤਿਰੰਗਾ  ਲਹਿਰਾ ਕੇ ਦੇਸ਼ ਦਾ ਨਾਮ ਉੱਚਾ ਕੀਤਾ ਹੈ।
ਚੌਧਰੀ ਮੋਹਣ ਲਾਲ ਨੇ ਦੱਸਿਆ ਕਿ ਉਹ ਇਸ ਤੋਂ  ਪਹਿਲਾਂ ਮੁਮਸਤੋ ਕਾਂਗੜੀ ਲੱਦਾਖ 7 ਹਜ਼ਾਰ 512 ਮੀਟਰ, ਸਟੌਅ ਕਾਂਗੜੀ ਲੇਹ 6600 ਮੀਟਰ,  ਜੋਗਇੰਨ 3 ਗੜਵਾਲ 6134 ਅਤੇ ਸੋਨ ਮਾਰਗ ਸਥਿਤ ਮਚੋਈ ਬਿਲ 5558 ਮੀਟਰ ਉਚਾਈ ’ਤੇ ਸਥਿਤ  ਪਰਬਤਾਂ ’ਤੇ ਜਾ ਕੇ ਤਿਰੰਗਾ ਲਹਿਰਾ ਚੁੱਕੇ ਹਨ। ਉਨ੍ਹਾਂ  ਦੱÎਸਿਆ ਕਿ ਅਗਲੇ ਕੁਝ ਦਿਨਾਂ  ਅੰਦਰ ਉਹ ਕੰਚਨਜੰਗਾ ਪਰਬਤ ’ਤੇ ਝੰਡਾ ਲਹਿਰਾਉਣ ਜਾ ਰਹੇ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ  ਦਾ  ਅਗਲਾ ਨਿਸ਼ਾਨਾ ਭਾਰਤ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਪਾਰ ਕਰਨਾ ਹੈ। ਚੌਧਰੀ  ਸਵੀਟਸ ਦੇ ਮਾਲਕ ਚੌਧਰੀ ਪਹੂ ਲਾਲ ਅਤੇ ਰਾਮ ਪ੍ਰਕਾਸ਼ ਦੇ ਛੋਟੇ ਭਰਾ ਮੋਹਣ ਲਾਲ ਨੇ ਆਪਣੇ  ਇਸ ਸ਼ੌਂਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਡਿਊਟੀ ਦੌਰਾਨ ਪਹਾੜੀਅਾਂ ’ਤੇ ਚੜਣ  ਦਾ ਇਕ ਕੋਰਸ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਚਾਈ ’ਤੇ ਚੜਣ ਦਾ ਇਹ ਸ਼ੌਂਕ ਪੈ ਗਿਆ।
ਚੌਧਰੀ ਮੋਹਣ ਲਾਲ ਦੀ ਪ੍ਰਾਪਤੀ ’ਤੇ ਹਲਕੇ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ  ਰਾਣਾ ਕੰਵਰਪਾਲ ਸਿੰਘ ਨੇ ਇਸ ਪ੍ਰਾਪਤੀ ਲਈ ਉਨ੍ਹਾਂ  ਦੇ ਪਰਿਵਾਰ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਨੌਜਵਾਨ ਮੋਹਣ ਲਾਲ ਇਸ ਤੋਂ ਪਹਿਲਾਂ ਪੰਜਾਬ ਦੀ ਨੁਮਾਇੰਦਗੀ  ਕਰ ਕੇ 19 ਹਜ਼ਾਰ 5 ਫੁੱਟ ’ਤੇ ਜਾ ਕੇ 25 ਨੌਜਵਾਨਾਂ ਨਾਲ ਯੋਗਾ ਕਰਨ ਦਾ ਕੌਮੀ ਰਿਕਾਰਡ ਵੀ  ਆਪਣੇ ਨਾਮ ਕਰ ਚੁੱਕੇ ਹਨ।


Related News