49 ਛੱਪੜਾਂ ਦੇ ਨਵੀਨੀਕਰਨ ਨਾਲ ਪੰਚਾਇਤਾਂ ਦੀ ਆਮਦਨ ''ਚ ਹੋਇਆ 53 ਲੱਖ ਦਾ ਵਾਧਾ

Thursday, Jan 04, 2024 - 02:40 PM (IST)

49 ਛੱਪੜਾਂ ਦੇ ਨਵੀਨੀਕਰਨ ਨਾਲ ਪੰਚਾਇਤਾਂ ਦੀ ਆਮਦਨ ''ਚ ਹੋਇਆ 53 ਲੱਖ ਦਾ ਵਾਧਾ

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਚਾਇਤਾਂ ਦੀ ਆਮਦਨ ਦੇ ਵਸੀਲਿਆਂ ਵਿੱਚ ਵਾਧਾ ਕਰਨ ਲਈ ਲਗਾਤਾਰ ਸਕਾਰਾਤਮਕ ਉਪਰਾਲੇ ਕੀਤੇ ਜਾ ਰਹੇ ਹਨ। ਧੂਰੀ ਨੇੜਲੇ ਪਿੰਡ ਪੂੰਨਾਵਾਲ ਦੇ ਛੱਪੜ ਦਾ ਦੌਰਾ ਕਰਨ ਮੌਕੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਗੰਦੇ ਪਾਣੀ ਦਾ ਸਰੋਤ ਬਣ ਚੁੱਕੇ ਪਿੰਡਾਂ ਦੇ ਟੋਭਿਆਂ ਨੂੰ ਮਗਨਰੇਗਾ ਸਕੀਮ ਰਾਹੀਂ ਸੁਧਾਰ ਕੇ ਮੱਛੀ ਪਾਲਣ ਦੇ ਯੋਗ ਬਣਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਮੱਛੀ ਪਾਲਣ ਵਿਭਾਗ ਦੇ ਸਹਿਯੋਗ ਨਾਲ ਇਨ੍ਹਾਂ ਨੂੰ ਠੇਕੇ ਉੱਪਰ ਦੇ ਕੇ ਪੰਚਾਇਤਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਲਗਭਗ 1 ਸਾਲ ਦੌਰਾਨ ਹੀ ਸੰਗਰੂਰ ਜ਼ਿਲ੍ਹੇ ਦੇ 49 ਛੱਪੜਾਂ ਦਾ ਨਵੀਨੀਕਰਨ ਕਰਵਾਇਆ ਗਿਆ ਹੈ ਅਤੇ ਇਸ ਸਦਕਾ ਸਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਦੀ ਆਮਦਨ ਵਿੱਚ ਤਕਰੀਬਨ 53 ਲੱਖ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਇੱਕ ਬਹੁਤ ਹੀ ਲਾਹੇਵੰਦ ਸਹਾਇਕ ਧੰਦਾ ਹੈ ਅਤੇ ਪਿੰਡਾਂ ਦੇ ਛੱਪੜਾਂ ਨੂੰ ਮੱਛੀ ਪਾਲਣ ਦੇ ਯੋਗ ਬਣਾ ਕੇ ਇਨ੍ਹਾਂ ਨੂੰ ਖੁੱਲ੍ਹੀ ਬੋਲੀ ਜ਼ਰੀਏ ਠੇਕੇ 'ਤੇ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਲਈ ਸਭ ਤੋਂ ਪਹਿਲਾਂ ਟੋਭਿਆਂ ਦਾ ਗੰਦਾ ਪਾਣੀ ਬਾਹਰ ਕੱਢਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਨ੍ਹਾਂ ਦੀ ਗਹਿਰਾਈ ਵਧਾਉਣ ਲਈ ਗਾਰ ਬਾਹਰ ਕੱਢਣ ਦੇ ਨਾਲ-ਨਾਲ ਇਨ੍ਹਾਂ ਦੇ ਬੰਨ੍ਹ ਮਜ਼ਬੂਤ ਕੀਤੇ ਜਾਂਦੇ ਹਨ। ਡੀ. ਸੀ. ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਨ੍ਹਾਂ ਛੱਪੜਾਂ ਨੂੰ ਮੱਛੀ ਪਾਲਣ ਦੇ ਯੋਗ ਬਣਾਉਣ ਨਾਲ ਜਿੱਥੇ ਪੰਚਾਇਤਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ, ਉੱਥੇ ਹੀ ਪਿੰਡਾਂ ਦੇ ਲੋਕਾਂ ਨੂੰ ਗੰਦਗੀ ਅਤੇ ਬਿਮਾਰੀਆਂ ਦਾ ਸਰੋਤ ਬਣਦੇ ਗੰਦੇ ਪਾਣੀ ਤੋਂ ਵੀ ਨਿਜ਼ਾਤ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਮੱਛੀ ਪਾਲਣ ਲਈ ਠੇਕੇ ਉਪਰ ਦੇਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਇਨ੍ਹਾਂ ਟੋਭਿਆਂ ਦੀ ਦਿੱਖ ਸੁਧਾਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਛੱਪੜਾਂ ਉੱਪਰ ਸੁੰਦਰ ਫੁੱਲ ਬੂਟੇ ਲਗਾ ਕੇ ਪੈਦਲ ਟਰੈਕ ਤਿਆਰ ਕਰਨ ਦੀ ਯੋਜਨਾ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਸੈਰ ਜ਼ਰੀਏ ਆਪਣੀ ਸਿਹਤ ਸੰਭਾਲ ਲਈ ਵੀ ਉਤਸ਼ਾਹਿਤ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਡਾਇਰੈਕਟਰ ਮੱਛੀ ਪਾਲਣ ਰਾਕੇਸ਼ ਕੁਮਾਰ ਅਤੇ ਪੰਚਾਇਤਾਂ ਦੇ ਨੁਮਾਇੰਦੇ ਤੇ ਪਿੰਡ ਵਾਸੀ ਹਾਜ਼ਰ ਸਨ।


author

Babita

Content Editor

Related News