ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਬਠਿੰਡਾ ਪੁਲਸ ਨੇ ਵਧਾਈ ਚੌਕਸੀ, ਜਨਤਕ ਥਾਵਾਂ ''ਤੇ ਲਈ ਜਾ ਰਹੀ ਤਲਾਸ਼ੀ

Monday, Aug 12, 2024 - 11:03 AM (IST)

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਬਠਿੰਡਾ ਪੁਲਸ ਨੇ ਵਧਾਈ ਚੌਕਸੀ, ਜਨਤਕ ਥਾਵਾਂ ''ਤੇ ਲਈ ਜਾ ਰਹੀ ਤਲਾਸ਼ੀ

ਬਠਿੰਡਾ (ਵਰਮਾ) : ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਬਠਿੰਡਾ ਪੁਲਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਐੱਸ. ਐੱਸ. ਪੀ. ਅਮਨੀਤ ਕੌਂਡਲ ਦੇ ਹੁਕਮਾਂ ’ਤੇ ਬਠਿੰਡਾ ’ਚ ਪੁਲਸ ਨੇ ਜਨਤਕ ਥਾਵਾਂ, ਹੋਟਲਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਸ਼ੱਕੀ ਥਾਵਾਂ ’ਤੇ ਸਖ਼ਤ ਚੈਕਿੰਗ ਮੁਹਿੰਮ ਚਲਾਈ। ਪੁਲਸ ਟੀਮਾਂ ਨੇ ਹਰ ਜਗ੍ਹਾ ’ਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਕੀਤੀ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਸ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤਿਵਿਧੀ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ। ਇਸ ਕਾਰਵਾਈ ਦਾ ਮੁੱਖ ਮਕਸਦ ਸ਼ਹਿਰ ਨੂੰ ਸੁਰੱਖਿਅਤ ਬਣਾਉਣਾ ਅਤੇ ਆਜ਼ਾਦੀ ਦਿਹਾੜੇ ਦੌਰਾਨ ਕਿਸੇ ਵੀ ਘਟਨਾ ਨੂੰ ਰੋਕਣਾ ਹੈ। ਐੱਸ. ਐੱਸ. ਪੀ. ਕੌਂਡਲ ਨੇ ਪੁਲਸ ਟੀਮ ਦੇ ਨਾਲ ਖ਼ੁਦ ਵੀ ਚੈਕਿੰਗ ਕੀਤੀ। ਉਨ੍ਹਾਂ ਦੇ ਨਾਲ ਐੱਸ.ਪੀ. (ਡੀ.) ਅਜੈ ਗਾਂਧੀ ਆਈ. ਪੀ. ਐੱਸ., ਐੱਸ. ਪੀ. ਸਿਟੀ ਨਰਿੰਦਰ ਸਿੰਘ, ਡੀ. ਐੱਸ. ਪੀ. ਅਤੇ ਥਾਣਾ ਇੰਚਾਰਜ ਵੀ ਮੌਜੂਦ ਸਨ। ਹਾਲਾਂਕਿ ਪੁਲਸ ਨੂੰ ਇਸ ਮੁਹਿੰਮ ਦੌਰਾਨ ਕੁੱਝ ਸ਼ੱਕੀ ਨਹੀਂ ਮਿਲਿਆ ਪਰ ਇਸ ਮੁਹਿੰਮ ਨਾਲ ਸਮਾਜ ਵਿਰੋਧੀ ਤੱਤਾਂ, ਅਪਰਾਧੀਆਂ ਅਤੇ ਨਸ਼ਾ ਤਸਕਰਾਂ ਨੂੰ ਸਪੱਸ਼ਟ ਸੁਨੇਹਾ ਮਿਲਿਆ ਕਿ ਪੁਲਸ ਪੂਰੀ ਤਰ੍ਹਾਂ ਚੌਕਸ ਹੈ।

ਐੱਸ. ਐੱਸ. ਪੀ. ਕੌਂਡਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬਹਾਦੁਰ ਪੁਲਸ ਮੁਲਾਜ਼ਮਾ ’ਤੇ ਮਾਣ ਹੈ, ਜੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਈਮਾਨਦਾਰੀ ਨਾਲ ਨਿਭਾਅ ਰਹੇ ਹਨ ਅਤੇ ਆਜ਼ਾਦੀ ਦਿਹਾੜੇ ਦੌਰਾਨ ਕਿਸੇ ਵੀ ਘਟਨਾ ਨੂੰ ਰੋਕਣ ਲਈ ਵਚਨਬੱਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਸਨਮਾਨ ਮਿਲੇ ਅਤੇ ਸੁਰੱਖਿਆ ਦਾ ਮਾਹੌਲ ਬਣਿਆ ਰਹੇ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਆਮ ਲੋਕਾਂ ਨਾਲ ਭਰਾਵਾਂ ਵਾਲੀ ਪ੍ਰੀਤੀ ਬਣਾਈ ਰੱਖੋ ਤਾਂ ਜੋ ਉਨ੍ਹਾਂ ਵਿਚ ਪੁਲਸ ਦਾ ਡਰ ਨਾ ਰਹੇ। ਗੌਰਤਲਬ ਹੈ ਕਿ ਆਜ਼ਾਦੀ ਦਿਹਾੜੇ ’ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।


author

Babita

Content Editor

Related News