ਗੈਰ-ਕਾਨੂੰਨੀ ਹਥਿਆਰਾਂ ਸਣੇ ਨੌਜਵਾਨ ਕਾਬੂ, 9 ਪਿਸਤੌਲ ਤੇ ਮੈਗਜ਼ੀਨ ਬਰਾਮਦ
Friday, Feb 27, 2026 - 07:03 PM (IST)
ਬਠਿੰਡਾ (ਵਿਜੈ ਵਰਮਾ) : ਥਾਣਾ ਸਿਵਲ ਲਾਈਨ ਦੀ ਪੁਲਸ ਨੇ ਗੈਰ-ਕਾਨੂੰਨੀ ਹਥਿਆਰਾਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਵੱਲੋਂ ਦੋਸ਼ੀ ਕੋਲੋਂ 9 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੀਆਂ ਗਈਆਂ ਹਨ। ਡੀਐੱਸਪੀ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਹਿਚਾਣ ਮਨਿੰਦਰ ਸਿੰਘ ਉਰਫ਼ ਸਰਪੰਚ ਵਾਸੀ ਪਿੰਡ ਰਾਜਗੜ੍ਹ ਕੁੱਬੇ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣਾ ਪ੍ਰਭਾਰੀ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਰਿੰਗ ਰੋਡ ਨੇੜੇ ਇੱਕ ਨੌਜਵਾਨ ਪਿੱਠ ‘ਤੇ ਬੈਗ ਟੰਗਿਆ ਖੜਾ ਦਿਖਾਈ ਦਿੱਤਾ। ਪੁਲਸ ਨੂੰ ਵੇਖ ਕੇ ਉਹ ਘਬਰਾ ਗਿਆ। ਸ਼ੱਕ ਹੋਣ ‘ਤੇ ਪੁਲਸ ਨੇ ਉਸ ਨੂੰ ਕਾਬੂ ਕਰ ਕੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 9 ਦੇਸੀ ਰਿਵਾਲਵਰ ਬਰਾਮਦ ਹੋਏ। ਇਨ੍ਹਾਂ ਵਿੱਚ 8 .32 ਬੋਰ ਅਤੇ 1 .30 ਬੋਰ ਦਾ ਰਿਵਾਲਵਰ ਸ਼ਾਮਲ ਹੈ।
ਡੀਐੱਸਪੀ ਨੇ ਦੱਸਿਆ ਕਿ ਦੋਸ਼ੀ ਦਾ ਪਹਿਲਾਂ ਇੰਸਟਾਗ੍ਰਾਮ ਰਾਹੀਂ ਕਿਸੇ ਅਣਪਛਾਤੇ ਵਿਅਕਤੀ ਨਾਲ ਸੰਪਰਕ ਹੋਇਆ ਸੀ।
ਬਾਅਦ ਵਿੱਚ ਉਸ ਵਿਅਕਤੀ ਨੇ ਵਟਸਐਪ ‘ਤੇ ਗੱਲਬਾਤ ਸ਼ੁਰੂ ਕੀਤੀ। ਗੱਲਬਾਤ ਦੌਰਾਨ ਅਣਪਛਾਤੇ ਵਿਅਕਤੀ ਨੇ ਦੋਸ਼ੀ ਨੂੰ ਦੱਸਿਆ ਕਿ ਮੌੜ ਮੰਡੀ ਦੀ ਦਾਣਾ ਮੰਡੀ ਵਿੱਚ ਇੱਕ ਬੈਗ ਰੱਖਿਆ ਹੋਇਆ ਹੈ, ਜਿਸ ਵਿੱਚ ਪਿਸਤੌਲ ਹਨ। ਜੇਕਰ ਉਹ ਬੈਗ ਬਠਿੰਡਾ ਪਹੁੰਚਾ ਦੇਵੇਗਾ ਤਾਂ ਉਸ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਲਾਲਚ ਵਿੱਚ ਆ ਕੇ ਨੌਜਵਾਨ ਨੇ ਬੈਗ ਪਹੁੰਚਾਉਣ ਲਈ ਹਾਂ ਕਰ ਦਿੱਤੀ। ਪੁਲਸ ਮੁਤਾਬਕ ਨੌਜਵਾਨ ਵੀਰਵਾਰ ਨੂੰ ਦਾਣਾ ਮੰਡੀ ਤੋਂ ਦੱਸੇ ਸਥਾਨ ਤੋਂ ਬੈਗ ਚੁੱਕ ਕੇ ਬਠਿੰਡਾ ਆ ਗਿਆ। ਅਣਪਛਾਤੇ ਵਿਅਕਤੀ ਵੱਲੋਂ ਵਟਸਐਪ ਰਾਹੀਂ ਉਸ ਨੂੰ ਅੱਗੇ ਬੈਗ ਪਹੁੰਚਾਉਣ ਵਾਲੀ ਥਾਂ ਦੱਸਣੀ ਸੀ, ਪਰ ਇਸ ਤੋਂ ਪਹਿਲਾਂ ਹੀ ਉਹ ਪੁਲਸ ਦੇ ਹੱਥ ਚੜ੍ਹ ਗਿਆ।
ਡੀਐੱਸਪੀ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਵਟਸਐਪ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸ ਦੇ ਨਾਮ ‘ਤੇ ਅਤੇ ਕਿਸ ਰਾਜ ਜਾਂ ਸ਼ਹਿਰ ਵਿੱਚ ਚੱਲ ਰਿਹਾ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਮਾਮਲੇ ਵਿੱਚ ਹੋਰ ਖੁਲਾਸੇ ਹੋ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
