ਕਈ ਥਾਈਂ ਸ਼ਰੇਆਮ ਚੱਲਦਾ ਨਸ਼ੇ ਦਾ ਕਾਰੋਬਾਰ, ਲੋਕ ਪ੍ਰੇਸ਼ਾਨ

Monday, Apr 02, 2018 - 05:18 AM (IST)

ਮੰਡੀ ਘੁਬਾਇਆ, (ਕੁਲਵੰਤ)— ਸਰਹੱਦੀ ਪਿੰਡਾਂ 'ਚ ਨਸ਼ਿਆਂ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ, ਜਿਸ ਕਾਰਨ ਮਾਪਿਆਂ 'ਚ ਉਦਾਸੀ ਦਾ ਆਲਮ ਛਾਇਆ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਔਲਾਦ ਦਾ ਇਸ ਦੀ ਲਪੇਟ 'ਚ ਆਉਣ ਦਾ ਖਦਸ਼ਾ ਸਤਾਉਂਦਾ ਰਹਿੰਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਸਤਨਾਮ ਸਿੰਘ (ਮਾੜੂ) ਨੇ ਦੱਸਿਆ ਕਿ ਸਰਹੱਦੀ ਪਿੰਡ ਫੱਤੂਵਾਲਾ 'ਚ ਪਿੰਡ ਦੇ ਲਹਿੰਦੇ ਪਾਸੇ ਬਣੇ ਰੂਲਰ ਹੱਟ 'ਤੇ ਕਈ ਵਾਰ ਨਸ਼ੇੜੀਆਂ ਦਾ ਤਾਂਤਾ ਲੱਗਾ ਰਹਿੰਦਾ ਹੈ, ਜਿਸ ਕਾਰਨ ਆਂਢ-ਗੁਆਂਢ 'ਚ ਰਹਿੰਦੇ ਪਰਿਵਾਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਰੂਲਰ ਹੱਟ ਦੇ ਨਾਲ ਹੀ ਜਿਮ ਬਣਿਆ ਹੋਇਆ ਹੈ, ਜਿਥੇ ਹਰ ਰੋਜ਼ ਨੌਜਵਾਨ ਆਪਣੀ ਸਿਹਤ ਨੂੰ ਰਿਸ਼ਟ-ਪੁਸ਼ਟ ਰੱਖਣ ਦੇ ਮਕਸਦ ਨਾਲ ਜਾਂਦੇ ਹਨ ਪਰ ਨਾਲ ਹੀ ਦੂਸਰੇ ਪਾਸੇ ਨਸ਼ਿਆਂ ਦਾ ਸ਼ਰੇਆਮ ਵਪਾਰ ਹੋ ਰਿਹਾ ਹੋਵੇ ਤਾਂ ਉਹ ਵੀ ਇਨ੍ਹਾਂ ਨਸ਼ਿਆਂ ਵੱਲ ਖਿੱਚੇ ਜਾ ਸਕਦੇ ਹਨ। ਰੋਜ਼ਾਨਾ ਹੀ ਰੂਲਰ ਹੱਟ 'ਤੇ ਪਿੰਡ ਤੋਂ ਬਾਹਰੋਂ ਵੀ ਨੌਜਵਾਨ ਆਉਂਦੇ ਹਨ ਤੇ ਨਸ਼ਿਆਂ ਦੇ ਟੀਕੇ ਲਾਉਂਦੇ ਦੇਖੇ ਜਾ ਸਕਦੇ ਹਨ ਅਤੇ ਆਮ ਹੀ ਟੀਕੇ ਲਾਉਣ ਵਾਲੀਆਂ ਸਰਿੰਜਾਂ ਵੀ ਦੇਖੀਆਂ ਜਾ ਸਕਦੀਆਂ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। 
ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਸਰਕਾਰ ਵੱਲੋਂ ਨਸ਼ਿਆਂ 'ਤੇ ਲਗਾਮ ਕੱਸਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ ਪਰ ਫਿਰ ਵੀ ਇਸ ਦਾ ਅਮਲ ਜ਼ਮੀਨੀ ਪੱਧਰ 'ਤੇ ਘੱਟ ਹੀ ਦੇਖਣ ਨੂੰ ਮਿਲਦਾ ਹੈ, ਜਿਸ ਕਾਰਨ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕ ਦਿਨੋ-ਦਿਨ ਤਰੱਕੀਆਂ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਰੋਜ਼ਾਨਾ ਹੀ ਨਸ਼ਿਆਂ ਦੇ ਹੋ ਰਹੇ ਇਸ ਕਾਰੋਬਾਰ ਨੂੰ ਰੋਕਿਆ ਜਾਵੇ ਤਾਂ ਜੋ ਪਿੰਡ ਵਾਸੀ ਨਸ਼ਿਆਂ ਦੀ ਕੁਰੀਤੀ ਤੋਂ ਬਚ ਸਕਣ।
ਜਦ ਪੱਤਰਕਾਰਾਂ ਨੇ ਸਦਰ ਥਾਣਾ ਜਲਾਲਾਬਾਦ ਦੇ ਐੱਸ. ਐੱਚ. ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪੂਰਾ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਅਸੀਂ ਅੱਜ ਤੋਂ ਹੀ ਇਨ੍ਹਾਂ ਨਸ਼ੇ ਕਰਨ ਵਾਲੇ ਜਾਂ ਵੇਚਣ ਵਾਲੇ ਲੋਕਾਂ 'ਤੇ ਪੂਰੀ ਤਰ੍ਹਾਂ ਨੱਥ ਪਾਵਾਂਗੇ ਅਤੇ ਸਾਨੂੰ ਇਸੇ ਤਰ੍ਹਾਂ ਪਿੰਡਾਂ ਦੇ ਲੋਕ ਸਹਿਯੋਗ ਦੇਣ ਤਾਂ ਅਸੀਂ ਨਸ਼ੇ ਦੇ ਖਿਲਾਫ ਦਿਨ-ਰਾਤ ਰੇਡ ਕਰਨ ਲਈ ਤਿਆਰ ਹਾਂ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।


Related News