ਜੇਲ੍ਹ ਮੁਲਾਜ਼ਮ ਤੋਂ ਮੋਬਾਇਲ ਖੋਹਣ ਦੇ ਦੋਸ਼ੀ ਨੂੰ 5 ਸਾਲ ਦੀ ਕੈਦ
Tuesday, Feb 18, 2025 - 12:02 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਜੇਲ੍ਹ ਮੁਲਾਜ਼ਮ ਤੋਂ ਮੋਬਾਇਲ ਖੋਹਣ ਦੇ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਕੈਦ ਅਤੇ 4 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਦੀ ਪਛਾਣ ਰਾਮ ਦਰਬਾਰ ਦੇ ਚੁਨੂੰ ਕੁਮਾਰ ਵਜੋਂ ਹੋਈ ਹੈ। ਕੇਸ ’ਚ ਸ਼ਾਮਲ ਸਹਿ-ਮੁਲਜ਼ਮ ਰਾਜਕੁਮਾਰ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਮਾਮਲੇ ’ਚ ਸ਼ਾਮਲ ਤੀਜਾ ਮੁਲਜ਼ਮ ਨਾਬਾਲਗ ਹੋਣ ਦੇ ਕਾਰਨ ਉਸ ਦਾ ਕੇਸ ਜੁਵੇਨਾਈਲ ਜਸਟਿਸ ਬੋਰਡ ’ਚ ਚੱਲ ਰਿਹਾ ਹੈ।
ਦਰਜ ਮਾਮਲੇ ’ਚ ਸੈਕਟਰ-49 ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਸੌਰਭ ਅਗਰਵਾਲ ਨੇ ਦੱਸਿਆ ਕਿ ਉਹ ਚੰਡੀਗੜ੍ਹ ਸਥਿਤ ਬੁੜੈਲ ਜੇਲ੍ਹ ’ਚ ਬੈਕ ’ਚ ਠੇਕਾ ਮੁਲਾਜ਼ਮ ਹੈ। ਪੀੜਤ ਨੇ ਦੱਸਿਆ ਕਿ ਮਾਰਚ 2022 ’ਚ ਵਾਰਦਾਤ ਸਮੇਂ ਉਹ ਦੇਰ ਰਾਤ ਕਰੀਬ 3 ਵਜੇ ਹਿਮਾਚਲ ਦੀ ਬੱਸ ’ਚ ਸਵਾਰ ਹੋ ਕੇ ਚੰਡੀਗੜ੍ਹ ਆ ਰਿਹਾ ਸੀ। ਚੰਡੀਗੜ੍ਹ ਪਹੁੰਚਣ ’ਤੇ ਉਹ ਸੈਕਟਰ-44/45-50/51 ਲਾਈਟ ਪੁਆਇੰਟ ’ਤੇ ਉਤਰਿਆ ਅਤੇ ਪੈਦਲ ਮਾਡਲ ਜੇਲ੍ਹ ਵੱਲ ਜਾਣ ਲੱਗਿਆ। ਜਿਵੇਂ ਹੀ ਉਹ ਸੈਕਟਰ-50/51 ਡੀਵਾਈਡਿੰਗ ਰੋਡ ’ਤੇ ਪਹੁੰਚਿਆ, ਉਸ ਦੌਰਾਨ ਪਿੱਛੇ ਤੋਂ ਮੋਟਰਸਾਈਕਲ ਸਵਾਰ 3 ਨੌਜਵਾਨ ਉਸ ਕੋਲ ਆਏ ਅਤੇ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਸ ਨੇ ਵਾਰਦਾਤ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ 2 ਮਾਰਚ 2022 ਨੂੰ ਸੈਕਟਰ-49 ਥਾਣਾ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ।