ਬੱਚਿਆਂ ਤੇ ਗਰਭਵਤੀ ਔਰਤਾਂ ਲਈ ਅਹਿਮ ਖ਼ਬਰ, 1 ਜੁਲਾਈ ਤੱਕ ਲੱਗਣਗੇ ਟੀਕਾਕਰਣ ਕੈਂਪ
Thursday, Jun 26, 2025 - 12:21 PM (IST)
 
            
            ਜ਼ੀਰਾ (ਅਕਾਲੀਆਂ ਵਾਲਾ) : ਸਿਹਤ ਵਿਭਾਗ, ਫਿਰੋਜ਼ਪੁਰ ਵੱਲੋਂ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਸੁਰੱਖਿਆ ਲਈ ਸਪੈਸ਼ਲ ਟੀਕਾਕਰਣ ਹਫ਼ਤੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਬਲਕਾਰ ਸਿੰਘ ਦੀ ਅਗਵਾਈ ਹੇਠ ਬਲਾਕ ਪੀ. ਐੱਚ. ਸੀ. ਕੱਸੋਆਣਾ ’ਚ 25 ਜੂਨ ਤੋਂ 1 ਜੁਲਾਈ ਤੱਕ ਟੀਕਾਕਰਣ ਕੈਂਪ ਲਾਏ ਜਾਣਗੇ। ਡਾ. ਕਰਨਬੀਰ ਸਿੰਘ ਨੀਂਦਲ, ਅਫ਼ਸਰ ਅਤੇ ਵਿਕਰਮਜੀਤ ਸਿੰਘ, ਬਲਾਕ ਐਜੂਕੇਟਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਹਾਈ ਰਿਸਕ ਖੇਤਰਾਂ ਜਿਵੇਂ ਕਿ ਭੱਠੇ, ਝੁੱਗੀ-ਝੌਂਪੜੀਆਂ, ਫੈਕਟਰੀਆਂ ਅਤੇ ਸਲੱਮ ਏਰੀਏ ’ਚ ਵੱਸਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਣ ਯਕੀਨੀ ਬਣਾਉਣਾ ਹੈ।
ਇਸ ਦੌਰਾਨ ਜਨਮ ਤੋਂ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਮੁਫ਼ਤ ਟੀਕੇ ਲਾਏ ਜਾਣਗੇ, ਤਾਂ ਜੋ ਕੋਈ ਵੀ ਲਾਭਪਾਤਰੀ ਇਸ ਸਹੂਲਤ ਤੋਂ ਵਾਂਝਾ ਨਾ ਰਹੇ। ਡਾ. ਬਲਕਾਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਟੀਕਾਕਰਣ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਲਈ ਅਤਿ-ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਟੀਕਾਕਰਣ ਨਾਲ ਪੋਲੀਓ ਵਰਗੀਆਂ ਬੀਮਾਰੀਆਂ ਤੋਂ ਮੁਕਤੀ ਮਿਲੀ ਹੈ ਅਤੇ ਹੋਰ ਮਾਰੂ ਰੋਗਾਂ ਜਿਵੇਂ ਕਿ ਟੀ. ਬੀ., ਕਾਲਾ ਪੀਲੀਆ, ਦਿਮਾਗੀ ਬੁਖ਼ਾਰ, ਗਲਘੋਟੂ, ਕਾਲੀ ਖਾਂਸੀ, ਨਿਮੋਨੀਆ, ਦਸਤ, ਖਸਰਾ-ਰੁਬੇਲਾ ਅਤੇ ਟੈਟਨਸ ਵਰਗੀਆਂ ਬੀਮਾਰੀਆਂ ਦੀ ਰੋਕਥਾਮ ਸੰਭਵ ਹੋਈ ਹੈ।
ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਜਨਮ ਤੋਂ 16 ਸਾਲ ਦੀ ਉਮਰ ਤੱਕ ਮੁਫ਼ਤ ਟੀਕਾਕਰਣ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਜੋ ਉਨ੍ਹਾਂ ਨੂੰ ਇਨ੍ਹਾਂ ਖ਼ਤਰਨਾਕ ਬੀਮਾਰੀਆਂ ਤੋਂ ਸੁਰੱਖਿਅਤ ਰੱਖਦੀ ਹੈ। ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਿਸ਼ੇਸ਼ ਤੌਰ ’ਤੇ ਹਾਈ ਰਿਸਕ ਖੇਤਰਾਂ ’ਚ ਪਹੁੰਚ ਕਰਨਗੀਆਂ। ਇਹ ਟੀਮਾਂ ਘਰ-ਘਰ ਜਾ ਕੇ ਅਤੇ ਕੈਂਪਾਂ ਰਾਹੀਂ ਟੀਕਾਕਰਣ ਕਰਨਗੀਆਂ, ਤਾਂ ਜੋ ਸਾਰੇ ਲਾਭਪਾਤਰੀਆਂ ਤੱਕ ਇਹ ਸੇਵਾ ਪਹੁੰਚ ਸਕੇ। ਡਾ. ਕਰਨਬੀਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਖਾਸ ਤੌਰ ’ਤੇ ਉਨ੍ਹਾਂ ਖੇਤਰਾਂ ’ਚ ਲਾਏ ਜਾਣਗੇ, ਜਿੱਥੇ ਸਿਹਤ ਸਹੂਲਤਾਂ ਦੀ ਪਹੁੰਚ ਸੀਮਤ ਹੈ।

 
                     
                             
                             
                             
                             
                             
                             
                             
                             
                             
                            